CM ਮਾਨ ਦੀ ਵਾਇਰਲ ਵੀਡੀਓ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਤਲਬ ਕਰਨ ਦੀ ਤਿਆਰੀ ਚ ਗੁਰੂਗ੍ਰਾਮ ਪੁਲਿਸ : ਸੂਤਰ
CM Mann Viral Video Update : ਇਹ ਕਾਰਵਾਈ ਗੁਰੂਗ੍ਰਾਮ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਮਾਮਲੇ 'ਚ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਵੱਲੋਂ ਵੀ ਪੰਜਾਬ ਦੇ ਦੋ ਉਚ ਅਧਿਕਾਰੀਆਂ ਨੂੰ ਮਿਲਣ ਦੀ ਗੱਲ ਕਹੀ ਗਈ ਸੀ।
CM Mann Viral Video Case Update : CM ਮਾਨ ਦੀ ਵਾਇਰਲ ਵੀਡੀਓ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਗੁਰੂਗ੍ਰਾਮ ਪੁਲਿਸ, ਪੰਜਾਬ ਪੁਲਿਸ (Punjab Police) ਦੇ ਦੋ ਅਧਿਕਾਰੀਆਂ ਨੂੰ ਤਲਬ ਕਰਨ ਦੀ ਤਿਆਰੀ 'ਚ ਹੈ। ਇਹ ਕਾਰਵਾਈ ਗੁਰੂਗ੍ਰਾਮ ਪੁਲਿਸ (Gurugram Police) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਮਾਮਲੇ 'ਚ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਵੱਲੋਂ ਵੀ ਪੰਜਾਬ ਦੇ ਦੋ ਉਚ ਅਧਿਕਾਰੀਆਂ ਨੂੰ ਮਿਲਣ ਦੀ ਗੱਲ ਕਹੀ ਗਈ ਸੀ।
ਠੋਸ ਸਬੂਤ ਮਿਲਣ 'ਤੇ ਹੋ ਸਕਦੀ ਹੈ ਗ੍ਰਿਫਤਾਰੀ
ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਇਨ੍ਹਾਂ ਦੋ ਪੁਲਿਸ ਅਧਿਕਾਰੀਆਂ ਖਿਲਾਫ਼ ਠੋਸ ਸਬੂਤ ਮਿਲਦੇ ਹਨ ਤਾਂ ਗੁਰੂਗ੍ਰਾਮ ਪੁਲਿਸ ਗ੍ਰਿਫ਼ਤਾਰੀ ਵੀ ਪਾ ਸਕਦੀ ਹੈ।ਦੱਸ ਦਈਏ ਕਿ ਇਹ ਸਾਰਾ ਘਟਨਾਕ੍ਰਮ ਵਾਇਰਲ ਵੀਡੀਓ ਨੂੰ ਲੈ ਕੇ ਹੋਇਆ ਹੈ, ਜਿਸ ਨਾਲ ਪੰਜਾਬ ਦੀ ਸਿਆਸਤ 'ਚ ਤੂਫਾਨ ਆਇਆ ਹੋਇਆ ਹੈ। ਸੀਐਮ ਮਾਨ ਦੀ ਇਸ ਵੀਡੀਓ ਦੀ ਸਰਕਾਰੀ ਜਾਂਚ ਰਿਪੋਰਟਾਂ ਦੇ ਫਰਜ਼ੀ ਹੋਣ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਅਤੇ ਲਗਾਤਾਰ ਮੁੱਖ ਮੰਤਰੀ ਤੋਂ ਅਸਤੀਫਾ ਵੀ ਮੰਗਿਆ ਜਾ ਰਿਹਾ ਹੈ।
ਮਾਮਲੇ ਦੇ ਸ਼ਿਕਾਇਤਕਰਤਾ ਨੇ ਲਾਏ ਸਨ ਇਲਜ਼ਾਮ
ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ਪੁਲਿਸ ਨੇ ਬੀਤੇ ਦਿਨੀ ਇਸ ਮਾਮਲੇ ਵਿੱਚ ਜਸਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਅੰਕਿਤ ਤੇ ਅਰੁਣ ਵਾਸੀ ਜੀਂਦ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਆਪਣੀ ਸ਼ਿਕਾਇਤ ਵਿੱਚ ਜਸਪ੍ਰੀਤ ਨੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਫਰਜ਼ੀ ਰਿਪੋਰਟਾਂ ਤਿਆਰ ਕਰਨ ਲਈ ਧਮਕਾਇਆ ਗਿਆ ਸੀ ਅਤੇ 10 ਲੱਖ ਰੁਪਏ ਵੀ ਦਿੱਤੇ ਗਏ ਸਨ।
ਸ਼ਿਕਾਇਤ ਦੇ ਅਨੁਸਾਰ, ਸ਼ਿਕਾਇਤਕਰਤਾ, ਜੋ ਕਿ ਡਿਜੀਟਲ ਫੋਰੈਂਸਿਕ, ਸਾਈਬਰ ਜਾਂਚ ਅਤੇ ਇਲੈਕਟ੍ਰਾਨਿਕ ਸਬੂਤ ਵਿਸ਼ਲੇਸ਼ਣ ਵਿੱਚ ਸ਼ਾਮਲ ਹੈ, ਨਾਲ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਵੱਲੋਂ ਸੰਪਰਕ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੂੰ ਇੱਕ ਵਾਇਰਲ ਵੀਡੀਓ ਸੰਬੰਧੀ ਇੱਕ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ, ਜੋ ਵੀਡੀਓ ਵਿੱਚ ਦੇਖੇ ਗਏ ਵਿਅਕਤੀ ਦੀ ਪਛਾਣ ਤੋਂ ਇਨਕਾਰ ਕਰੇਗੀ।
ਫਰਜ਼ੀ ਰਿਪੋਰਟ ਬਾਰੇ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਵੱਲੋਂ ਕੀਤੇ ਸਨ ਬਿੱਲ ਪੇਸ਼....ਵੇਖੋ ਵੀਡੀਓ
ਪੁਲਿਸ ਸੂਤਰਾਂ ਅਨੁਸਾਰ, ਜਸਪ੍ਰੀਤ ਸਿੰਘ ਵੱਲੋਂ ਖੁਦ ਦੀ ਜਾਨ ਨੂੰ ਖਤਰਾ ਦੱਸੇ ਜਾਣ ਤੋਂ ਬਾਅਦ ਉਸ ਨੂੰ ਸੁਰੱਖਿਅਤ ਘਰ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਵੀ ਦੱਸਿਆ ਕਿ ਇੱਕ ਸਿਟੀ ਕੋਰਟ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ, ਅਰੁਣ ਮਹੇਂਦਰੂ ਅਤੇ ਅੰਕਿਤ ਨੂੰ ਅੱਠ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਨ੍ਹਾਂ ਨੂੰ 23 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਦੋਵਾਂ ਦੇ ਰਿਮਾਂਡ ਦੌਰਾਨ, ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਪੰਜਾਬ ਦੇ ਕਿਹੜੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।
ਪੁਲਿਸ ਮੁਲਾਜ਼ਮਾਂ ਤੋਂ ਕੀ ਕੀਤੀ ਜਾ ਸਕਦੀ ਹੈ ਪੁੱਛਗਿੱਛ ?
ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਕਿ ਰਿਪੋਰਟ ਕਿੱਥੇ ਅਤੇ ਕਿਵੇਂ ਤਿਆਰ ਕੀਤੀ ਗਈ ਸੀ। ਉਨ੍ਹਾਂ ਨੂੰ ਇਹ ਵੀ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਪ੍ਰਿੰਟਆਊਟ ਕਿੱਥੋਂ ਪ੍ਰਾਪਤ ਕੀਤੇ, ਲੈਬ ਦੀ ਈਮੇਲ ਆਈਡੀ, ਮੋਹਰਾਂ ਦੀ ਵਰਤੋਂ ਅਤੇ ਹੋਰ ਸੰਬੰਧਿਤ ਜਾਣਕਾਰੀ ਬਾਰੇ ਵੀ ਪੁੱਛਿਆ ਜਾਵੇਗਾ। ਇੱਕ ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੀ ਇਸ ਜਾਅਲੀ ਰਿਪੋਰਟ ਨੂੰ ਤਿਆਰ ਕਰਨ ਵਿੱਚ ਕੋਈ ਹੋਰ ਵੀ ਸ਼ਾਮਲ ਸੀ।