ਕਾਂਗਰਸ ਤੋਂ ਵੀ ਵੱਡੀ ਝੂਠ ਦੀ ਦੁਕਾਨ AAP, ਚੂਲਾਂ ਚੋਂ ਮੱਛੀਆਂ ਫੜ ਰਹੀ ਹੈ; ਹਰਿਆਣਾ CM ਨਾਇਬ ਸੈਣੀ ਦਾ ਦੋਸ਼ਾਂ ਤੇ ਪਲਟਵਾਰ
CM Saini on AAP Allegations : ਸੀਐਮ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਕਾਂਗਰਸ ਤੋਂ ਵੀ ਵੱਡੀ ਝੂਠ ਦੀ ਦੁਕਾਨ ਹੈ ਅਤੇ ਚੂਲਾਂ ਵਿਚੋਂ ਮੱਛੀਆਂ ਫੜ ਰਹੀ ਹੈ, ਜਿਹੜੇ ਦੋਸ਼ ਇਨ੍ਹਾਂ ਨੇ ਦਿੱਲੀ ਵਿੱਚ ਭਾਜਪਾ ਉਪਰ ਲਾਏ ਸਨ, ਹੁਣ ਵੀ ਉਹੀ ਦੁਹਰਾਅ ਰਹੇ ਹਨ।
CM Saini on AAP Allegations : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਪੰਜਾਬ ਵਿੱਚ ਭਾਜਪਾ (BJP) ਵੱਲੋਂ 'ਅਪ੍ਰੇਸ਼ਨ ਲੋਟਸ' (Operation Lotus) ਦੇ ਇਲਜ਼ਾਮ ਲਾਏ ਜਾ ਰਹੇ ਹਨ। 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ (MLA Narinder Kaur Bharaj) ਵੱਲੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ 'ਤੇ ਗੰਭੀਰ ਦੋਸ਼ ਲਾਏ ਗਏ ਕਿ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਆਪਣੇ ਉਪਰ ਲੱਗੇ ਇਨ੍ਹਾਂ ਦੋਸ਼ਾਂ 'ਤੇ ਹਰਿਆਣਾ ਦੇ ਮੁੱਖ ਮੰਤਰੀ (Haryana CM) ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਕਾਂਗਰਸ ਤੋਂ ਵੀ ਵੱਡੀ ਝੂਠ ਦੀ ਦੁਕਾਨ ਹੈ ਅਤੇ ਚੂਲਾਂ ਵਿਚੋਂ ਮੱਛੀਆਂ ਫੜ ਰਹੀ ਹੈ, ਜਿਹੜੇ ਦੋਸ਼ ਇਨ੍ਹਾਂ ਨੇ ਦਿੱਲੀ ਵਿੱਚ ਭਾਜਪਾ ਉਪਰ ਲਾਏ ਸਨ, ਹੁਣ ਵੀ ਉਹੀ ਦੁਹਰਾਅ ਰਹੇ ਹਨ, ਇਨ੍ਹਾਂ ਕੋਲ ਅਸਲ ਜਨਤਾ ਦੇ ਮੁੱਦੇ ਨਹੀਂ ਹਨ।
ਦੱਸ ਦਈਏ ਕਿ ਸੰਗਰੂਰ ਤੋਂ 'ਆਪ' ਵਿਧਾਇਕਾ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨੂੰ ਬੰਦ ਕਮਰੇ ਵਿੱਚ ਮੀਟਿੰਗ ਦੀ ਪੇਸ਼ਕਸ਼ ਕੀਤੀ ਸੀ ਅਤੇ ਸੰਗਰੂਰ ਤੋਂ ਟਿਕਟ ਦੇਣ ਦਾ ਵਾਅਦਾ ਵੀ ਕੀਤਾ।
ਪੜ੍ਹੋ ਪੂਰੀ ਖ਼ਬਰ...MLA ਨਰਿੰਦਰ ਕੌਰ ਭਰਾਜ ਨੇ ਕਿਹਾ - CM ਸੈਣੀ ਨੇ ਮੈਨੂੰ ਖਰੀਦਣ ਦੀ ਕੀਤੀ ਕੋਸ਼ਿਸ਼
''ਮੈਨੂੰ ਤਾਂ ਉਸ ਵਿਧਾਇਕਾ ਦਾ ਨਾਮ ਵੀ ਨਹੀਂ ਪਤਾ...''
ਆਪਣੇ ਉਪਰ ਲੱਗੇ ਇਨ੍ਹਾਂ ਦੋਸ਼ਾਂ 'ਤੇ ਮੀਡੀਆ ਦੇ ਰੂਬਰੂ ਹੁੰਦੇ ਨਾਇਬ ਸਿੰਘ ਸੈਣੀ ਨੇ ਕਿਹਾ, "ਮੈਨੂੰ ਉਨ੍ਹਾਂ ਦਾ ਨਾਮ ਵੀ ਨਹੀਂ ਪਤਾ ਜਾਂ ਉਹ ਕਿਸ ਹਲਕੇ ਨਾਲ ਸਬੰਧਤ ਹੈ।" ਉਨ੍ਹਾਂ ਕਿਹਾ, "ਪੰਜਾਬ ਦੇ ਲੋਕ ਸਾਡੇ ਸਤਿਕਾਰਯੋਗ ਨਾਗਰਿਕ ਹਨ, ਅਤੇ ਉਨ੍ਹਾਂ ਦੇ ਸੱਦੇ 'ਤੇ ਹੀ ਮੈਂ ਪੰਜਾਬ ਦਾ ਦੌਰਾ ਕਰਦਾ ਹਾਂ ਅਤੇ ਉੱਥੋਂ ਦੇ ਲੋਕਾਂ ਨਾਲ ਮਿਲਦਾ ਹਾਂ। ਅੱਜ, ਪੰਜਾਬ ਦੇ ਲੋਕ 'ਆਪ' ਪਾਰਟੀ ਤੋਂ ਤੰਗ ਆ ਚੁੱਕੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਉਪਜ ਵੇਚਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਕਾਂਗਰਸ ਨਾਲੋਂ ਵੀ ਵੱਡੀ ਝੂਠ ਦੀ ਦੁਕਾਨ 'ਆਪ' : ਸੀਐਮ ਸੈਣੀ
ਉਨ੍ਹਾਂ ਕਿਹਾ, "ਆਪ' ਕੋਲ ਪੰਜਾਬ ਵਿੱਚ ਸਿਰਫ਼ 8-9 ਮਹੀਨੇ ਬਾਕੀ ਹਨ। 'ਆਪ' ਪਾਰਟੀ ਨੇ ਦਿੱਲੀ ਵਿੱਚ ਵੀ ਦੋਸ਼ ਲਗਾਏ ਅਤੇ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਸਾਫ਼ ਕਰ ਦਿੱਤਾ, ਕਿਉਂਕਿ 'ਆਪ' ਪਾਰਟੀ ਕਾਂਗਰਸ ਨਾਲੋਂ ਵੀ ਵੱਡੀ ਝੂਠ ਦੀ ਦੁਕਾਨ ਹੈ। ਪੰਜਾਬ ਦੇ ਲੋਕਾਂ ਨੇ 'ਆਪ' ਪਾਰਟੀ ਦਾ ਸਫਾਇਆ ਕਰਨ ਦਾ ਫੈਸਲਾ ਵੀ ਕਰ ਲਿਆ ਹੈ।"
ਮੁੱਖ ਮੰਤਰੀ ਨੇ ਕਿਹਾ, "ਜਿਵੇਂ ਕਾਂਗਰਸ ਨੇ ਜਨਤਾ ਨੂੰ ਸਬਜ਼ਬਾਗ ਵਿਖਾਏ ਸਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਉਨ੍ਹਾਂ ਨੂੰ ਹੋਰ ਵੀ ਵੱਡੇ ਸਬਜ਼ਬਾਗ ਵਿਖਾ ਦਿੱਤੇ ਅਤੇ ਜਨਤਾ ਨੂੰ ਨਿਰਾਸ਼ ਕਰਕੇ ਰੱਖ ਦਿੱਤਾ। ਅੱਜ, ਲੋਕ ਇਸ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ 2027 ਵਿੱਚ ਪੰਜਾਬ 'ਚੋਂ ਆਮ ਆਦਮੀ ਪਾਰਟੀ ਦਾ ਦਿੱਲੀ ਵਾਂਗ ਸਫ਼ਾਇਆ ਕਰ ਦੇਣਗੇ।"