Hola Mohalla : ਹੋਲੇ ਮਹੱਲੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਚ ਸਜਾਇਆ ਨਗਰ ਕੀਰਤਨ, ਤਸਵੀਰਾਂ ਚ ਵੇਖੋ ਰੌਣਕਾਂ

Nagar Kirtan on Hola Mohalla : ਹੋਲਾ ਮਹੱਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਤਿਹਾਸਿਕ ਸੁਰਮਈ ਨਿਸ਼ਾਨ ਸਾਹਿਬਾਨ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰੀਆਂ ਦੀ ਗੂੰਜ ਹੇਠ ਰਵਾਇਤੀ ਨਗਰ ਕੀਰਤਨ ਆਰੰਭ ਹੋਇਆ।

By  KRISHAN KUMAR SHARMA March 15th 2025 02:35 PM -- Updated: March 15th 2025 02:56 PM

Hola Mohalla video : ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਖ਼ਾਸ ਰੌਣਕਾਂ ਵੇਖਣ ਨੂੰ ਮਿਲੀਆਂ।


ਬਾਅਦ ਦੁਪਹਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਤਿਹਾਸਿਕ ਸੁਰਮਈ ਨਿਸ਼ਾਨ ਸਾਹਿਬਾਨ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰੀਆਂ ਦੀ ਗੂੰਜ ਹੇਠ ਰਵਾਇਤੀ ਨਗਰ ਕੀਰਤਨ ਆਰੰਭ ਹੋਇਆ।


ਇਹ ਸੁਰਮਈ ਨਿਸ਼ਾਨ ਸਾਹਿਬਾਨ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਆਪਣੇ ਪਰਮ ਸੇਵਕ ਭਾਈ ਰਾਮ ਸਿੰਘ ਨੂੰ ਭੇਂਟ ਕੀਤੇ ਸਨ ਅਤੇ ਊਨ੍ਹਾਂ ਦੇ ਵੰਸ਼ਜ ਵਲੋਂ ਪੀੜੀ ਦਰ ਪੀੜ੍ਹੀ ਇਨ੍ਹਾਂ ਸੁਰਮਈ ਨਿਸ਼ਾਨ ਸਾਹਿਬਾਨ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ।


ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਹਰ ਸਾਲ ਹੋਲੇ ਮੋਹੱਲੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਇਤੀ ਨਗਰ ਕੀਰਤਨ ਸਜਾਇਆ ਜਾਂਦਾ ਹੈ।


ਹੁਣ ਵੀ ਭਾਈ ਰਾਮ ਸਿੰਘ ਦੇ 11ਵੇ ਵੰਸ਼ਜ ਜਸਬੀਰ ਸਿੰਘ ਤੇ ਊਨ੍ਹਾਂ ਦੇ ਪਰਿਵਾਰ ਵਲੋਂ ਇਨ੍ਹਾਂ ਇਤਿਹਾਸਿਕ ਸੁਰਮਈ ਨਿਸ਼ਾਨ ਸਾਹਿਬਾਨ ਦੀ ਸਾਂਭ ਸੰਭਾਲ ਦੀ ਸੇਵਾ ਨਿਭਾਈ ਜਾ ਰਹੀ ਹੈ।


ਇਸ ਨਗਰ ਕੀਰਤਨ ਵਿਚ ਸ਼ਬਦੀ ਧੁਨਾਂ ਵਜਾਉਂਦੀਆਂ ਬੈਂਡ ਪਾਰਟੀਆਂ, ਸਿੱਖ ਮਾਰਸ਼ਲ ਆਰਟ ਦੇ ਹੈਰਤੰਗੇਜ ਕਰਤਬ ਦਿਖਾਉਂਦੀਆਂ ਗੱਤਕਾ ਪਾਰਟੀਆਂ, ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਦਾ ਸਟਾਫ ਅਤੇ ਗੁਰੂ ਜਸ ਗਾਇਨ ਕਰਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ।


ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦਾ ਹੋਇਆ ਬੁਰਜ ਗੁਰੁਦੁਆਰਾ ਅਕਾਲੀ ਫੂਲਾ ਸਿੰਘ ਵਿਖੇ ਪੁੱਜਾ ਅਤੇ ਵਾਪਿਸ ਬਜਾਰਾਂ ਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸੰਪਨ ਹੋਇਆ।


ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ 'ਚ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਪਹੁੰਚੀਆਂ। ਨਗਰ ਕੀਰਤਨ ਦੇ ਰਸਤੇ ਵਿਚ ਥਾਂ-ਥਾਂ 'ਤੇ ਸੰਗਤਾਂ ਵਲੋਂ ਸਜਾਵਟੀ ਗੇਟ ਲਗਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਤਰਾਂ ਤਰਾਂ ਦੇ ਲੰਗਰ ਅਤੁੱਟ ਵਰਤਾਏ ਗਏ।

Related Post