ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੂੰ ਮਿਲਿਆ ਪਹਿਲਾ ਦਸਤਾਰਧਾਰੀ ਸਿੱਖ ਆਗੂ
ਹੈਦਰਾਬਾਦ: ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (HCA) ਵਿੱਚ ਛੇ ਅਹੁਦਿਆਂ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖਜ਼ਾਨਚੀ ਅਤੇ ਕੌਂਸਲਰ ਲਈ ਹੋਈਆਂ ਚੋਣਾਂ ਤੋਂ ਬਾਅਦ ਦਲਜੀਤ ਸਿੰਘ ਨੂੰ HCA ਦਾ ਨਵਾਂ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ। HCA ਚੋਣਾਂ ਵਿੱਚ 170 ਤੋਂ ਵੱਧ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਜਿਨ੍ਹਾਂ ਵਿਚੋਂ ਇਹ ਪਹਿਲੀ ਵਾਰ ਹੈ ਜਦੋਂ ਅਜਿਹੇ ਉੱਚ ਅਹੁਦੇ ਲਈ ਕੋਈ ਦਸਤਾਰਧਾਰੀ ਸਿੱਖ ਦੀ ਚੋਣ ਹੋਈ ਹੋਵੇ।
ਦਲਜੀਤ ਸਿੰਘ ਜੋ ਕਿ ਅਗਲੇ ਤਿੰਨ ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ ਨੇ ਪੀਟੀਸੀ ਨਿਊਜ਼ ਨਾਲ ਖ਼ਾਸ ਗਲਬਾਤ ਦੌਰਾਨ ਕਿਹਾ, "ਮੈਨੂੰ ਆਪਣੀ ਲੀਡਰਸ਼ਿਪ 'ਤੇ ਪੂਰਾ ਭਰੋਸਾ ਹੈ ਅਤੇ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਇਥੇ ਬਿਲਕੁਲ ਵੀ ਭ੍ਰਿਸ਼ਟਾਚਾਰ ਨਹੀਂ ਚੱਲਣ ਦਵਾਂਗਾ।"
ਇਹ ਵੀ ਪੜ੍ਹੋ: ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਲੋਂ ਸੰਗਤਾਂ ਲਈ ਜਾਰੀ ਕੀਤੀ ਗਈ 24X7 ਵਿਸ਼ੇਸ਼ ਹੈਲਪ ਲਾਈਨ
ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਪਹੁੰਚਿਆ ਮਾਮਲਾ, ਜਾਣੋ ਵਜ੍ਹਾ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਾਬਕਾ ਪ੍ਰਧਾਨ ਐਚਸੀਏ ਮੁਹੰਮਦ ਅਜ਼ਹਰੂਦੀਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਐਚਸੀਏ ਦੀਆਂ ਚੋਣਾਂ ਸਤੰਬਰ 2022 ਵਿੱਚ ਹੋਣੀਆਂ ਸਨ। ਹਾਲਾਂਕਿ ਇਸਦੇ ਸਾਬਕਾ ਪ੍ਰਧਾਨ ਅਜ਼ਹਰੂਦੀਨ ਦੁਆਰਾ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਮਾਮਲਾ ਸੁਪਰੀਮ ਕੋਰਟ ਵਿੱਚ ਗਿਆ ਅਤੇ ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਮੁੱਦੇ ਦੀ ਘੋਖ ਕਰਨ ਲਈ ਜਸਟਿਸ (ਸੇਵਾਮੁਕਤ) ਲੌ ਨਾਗੇਸ਼ਵਰ ਰਾਓ ਦੀ ਅਗਵਾਈ ਵਿੱਚ ਇੱਕ ਮੈਂਬਰੀ ਕਮੇਟੀ ਨਿਯੁਕਤ ਕੀਤੀ। ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਨਿਯਮਾਂ ਦੀ ਉਲੰਘਣਾ ਵਿੱਚ ਇੱਕੋ ਸਮੇਂ ਦੋ ਅਹੁਦਿਆਂ 'ਤੇ ਕੰਮ ਕਰਨ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਉਹ ਇੱਕੋ ਸਮੇਂ ਐਚਸੀਏ ਅਤੇ ਡੇਕਨ ਬਲੂ ਕ੍ਰਿਕਟ ਕਲੱਬ ਦੋਵਾਂ ਦੇ ਪ੍ਰਧਾਨ ਸਨ। ਇਸ ਤੋਂ ਪਹਿਲਾਂ ਹੈਦਰਾਬਾਦ ਦੇ ਉੱਪਲ ਪੁਲਿਸ ਸਟੇਸ਼ਨ ਵਿੱਚ ਅਜ਼ਹਰੂਦੀਨ ਅਤੇ ਐਚਸੀਏ ਦੇ ਕੁਝ ਸਾਬਕਾ ਅਹੁਦੇਦਾਰਾਂ ਵਿਰੁੱਧ ਐਚਸੀਏ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਸੇਵਾਵਾਂ ਜਲਦ ਹੋਣਗੀਆਂ ਸ਼ੁਰੂ - ਡਾ. ਵਿਜੇ ਸਤਬੀਰ ਸਿੰਘ ਬਾਠ
ਦਲਜੀਤ ਸਿੰਘ ਜੋ ਕਿ ਇੱਕ ਬਿਜਨੇਸਮੈਨ ਨੇ ਅਤੇ ਮੈਸਰਜ਼ ਸਵਰਨ ਐਗਰੀ-ਟੈਕ ਕੰਸਲਟੈਂਟ ਇੰਜੀਨੀਅਰਜ਼ ਦੀ ਅਗਵਾਈ ਕਰਦੇ ਹਨ। ਇਹ ਕੰਪਨੀ ਦੇਸ਼ ਭਰ ਵਿੱਚ ਅਤਿ-ਆਧੁਨਿਕ ਖੇਤੀ ਮਸ਼ੀਨਰੀ ਵੰਡ ਕੇ ਕਿਸਾਨ ਭਾਈਚਾਰੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਮਰਪਿਤ ਹੈ। ਉਨ੍ਹਾਂ ਦਾ ਕਹਿਣਾ ਕਿ, "ਮੈਂ ਖੇਤੀਬਾੜੀ ਸੈਕਟਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ, ਪੂਰੇ ਭਾਰਤ ਵਿੱਚ ਮਿਤਸੁਬੀਸ਼ੀ ਖੇਤੀਬਾੜੀ ਉਤਪਾਦਾਂ ਲਈ ਵਿਸ਼ੇਸ਼ ਵਿਤਰਣ ਰੱਖਦਾ ਹਾਂ।"
ਦਲਜੀਤ ਸਿੰਘ 15 ਫਰਵਰੀ 2014 ਤੋਂ 15 ਮਾਰਚ 2015 ਤੱਕ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਵਿਖੇ ਕਮੇਟੀ ਮੈਂਬਰ ਵਜੋਂ ਸੇਵਾ ਵੀ ਨਿਭਾ ਚੁਕੇ ਹਨ।
ਨਵੇਂ ਚੁਣੇ ਗਏ ਮੀਤ ਪ੍ਰਧਾਨ ਨੇ ਇਸਤੋਂ ਪਹਿਲਾਂ ਖਾਲਸਾ ਕ੍ਰਿਕੇਟ ਕਲੱਬ ਦੇ ਸਕੱਤਰ ਵੀ ਰਹੇ ਹਨ। ਜਿੱਥੇ ਉਨ੍ਹਾਂ ਨੌਜਵਾਨ ਕ੍ਰਿਕਟਰਾਂ ਨੂੰ ਖੇਡ ਵਿੱਚ ਉੱਚ ਪੱਧਰਾਂ ਤੱਕ ਪਹੁੰਚਣ ਲਈ ਸਰਗਰਮੀ ਨਾਲ ਉਤਸ਼ਾਹਿਤ ਕੀਤਾ। ਦਲਜੀਤ ਸਿੰਘ ਦੇ ਸਫ਼ਰ ਦਾ ਇਹ ਮੀਲ ਪੱਥਰ ਉਹਨਾਂ ਦੇ ਅਟੁੱਟ ਸਮਰਪਣ, ਸਖ਼ਤ ਮਿਹਨਤ ਅਤੇ ਪੂਰੀ ਇਮਾਨਦਾਰੀ ਨਾਲ ਸੰਭਵ ਹੋ ਪਾਇਆ ਹੈ।
ਉਨ੍ਹਾਂ ਦਾ ਕਹਿਣਾ ਕਿ, "ਮੈਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਰੱਬ ਦੀ ਕਿਰਪਾ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਅਤੇ ਚੰਗੇ ਦੋਸਤਾਂ ਦੇ ਅਸੀਸਾਂ ਨੂੰ ਦਿੰਦਾ ਹਾਂ, ਜਿਨ੍ਹਾਂ ਨੇ ਮੈਨੂੰ ਲਗਾਤਾਰ ਸਮਰਥਨ ਦਿੱਤਾ ਹੈ। ਮੈਂ ਉਨ੍ਹਾਂ ਦੇ ਹੌਸਲੇ ਅਤੇ ਅਟੁੱਟ ਸਮਰਥਨ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ।"
ਇਹ ਵੀ ਪੜ੍ਹੋ: ਨਾਂਦੇੜ ਸਾਹਿਬ ਦੇ ਉਸ ਪ੍ਰਸ਼ਾਸਕ ਬਾਰੇ ਜਾਣੋ ਜਿਸਨੇ ਗੁਰਦੁਆਰੇ ਦੀ ਸਾਲਾਨਾ ਆਮਦਨ 'ਚ ਕੀਤਾ 27 ਕਰੋੜ ਦਾ ਵਾਧਾ
ਇਸ ਦੌਰਾਨ ਜਗਨਮੋਹਨ ਰਾਓ ਨੂੰ HCA ਦਾ ਨਵਾਂ ਪ੍ਰਧਾਨ, ਦਲਜੀਤ ਸਿੰਘ ਨੂੰ ਮੀਤ ਪ੍ਰਧਾਨ, ਦੇਵਰਾਜ ਨੂੰ ਨਵਾਂ ਸਕੱਤਰ ਅਤੇ ਬਸਵਰਾਜੂ ਨੂੰ HCA ਦਾ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਉੱਥੇ ਹੀ ਸੀਜੇ ਸ੍ਰੀਨਿਵਾਸ ਰਾਓ ਨੇ ਖਜ਼ਾਨਚੀ ਅਤੇ ਸੁਨੀਲ ਅਗਰਵਾਲ ਕੌਂਸਲਰ ਵਜੋਂ ਜਿੱਤੇ ਹਨ।