ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਸੇਵਾਵਾਂ ਜਲਦ ਹੋਣਗੀਆਂ ਸ਼ੁਰੂ - ਡਾ. ਵਿਜੇ ਸਤਬੀਰ ਸਿੰਘ ਬਾਠ
ਨਾਂਦੇੜ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪੁੱਜਦੀਆਂ ਹਨ।
ਇਹ ਵੀ ਪੜ੍ਹੋ: ਮੁੜ ਉੱਠੀ ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀਆਂ ਉਡਾਣਾਂ ਦੀ ਮੰਗ; ਇਨ੍ਹਾਂ ਕਾਰਨਾਂ ਕਰ ਕੇ ਹੋਈ ਜਾਰੀ ਹਵਾਈ ਸੇਵਾ ਠੱਪ
ਪਿਛਲੇ ਦੋ ਸਾਲਾਂ ਤੋਂ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਸੰਗਤਾਂ ਨੂੰ ਆਉਣ ਜਾਣ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਪਹਿਲਾਂ ਦਿੱਲੀ, ਚੰਡੀਗੜ੍ਹ, ਸ੍ਰੀ ਅੰਮ੍ਰਿਤਸਰ ਸਾਹਿਬ, ਮੁੰਬਈ, ਹੈਦਰਾਬਾਦ ਇਤਿਆਦਿ ਤੋਂ ਹਵਾਈ ਸੇਵਾ ਉਪਲਬਧ ਹੋਣ ਕਾਰਨ ਸੰਗਤਾਂ ਨੂੰ ਕਾਫ਼ੀ ਵੱਡੀ ਸਹੂਲਤ ਪ੍ਰਾਪਤ ਸੀ।
ਪਿਛਲੇ ਕਾਫੀ ਦਿਨਾਂ ਤੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਮੰਗ ਦੁਰਾਈ ਜਾ ਰਹੀ ਹੈ ਅਤੇ ਇਸ ਸੰਬੰਧੀ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਬੰਧਕਾਂ ਨੂੰ ਕਈ ਸੰਸਥਾਵਾਂ ਵੱਲੋਂ ਪੱਤਰ ਵੀ ਪ੍ਰਾਪਤ ਹੋਏ ਹਨ।
ਸੰਗਤ ਦੀ ਇਸ ਵਾਜਿਬ ਮੰਗ ਨੂੰ ਡਾ. ਵਿਜੇ ਸਤਬੀਰ ਸਿੰਘ ਬਾਠ, ਮੁੱਖ ਪ੍ਰਬੰਧਕ ਗੁਰਦੁਆਰਾ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੇ ਗੰਭੀਰਤਾ ਨਾਲ ਲਿਆ ਅਤੇ ਆਪਣੇ ਤੌਰ 'ਤੇ ਸੰਬੰਧਤ ਕੇਂਦਰੀ ਮੰਤਰੀ ਅਤੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ, ਜਿਸਦੇ ਜਲਦ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ।
ਬਹੁਤ ਹੀ ਛੇਤੀ ਪੰਜਾਬ, ਹਿਮਾਚਲ, ਹਰਿਆਣਾ ਦਿੱਲੀ, ਹੈਦਰਾਬਾਦ, ਮੁੰਬਈ ਤੋਂ ਹਜ਼ੂਰ ਸਾਹਿਬ ਨਾਦੇੜ ਲਈ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ ਰਹੀਆ ਹਨ। ਗੁਰਦੁਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ: ਠਾਨ ਸਿੰਘ ਬੁਗਈ ਵੱਲੋਂ ਇਹ ਜਾਣਕਾਰੀ ਇੱਕ ਪ੍ਰੈਸ ਬਿਆਨ ਰਾਹੀਂ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਲੋਂ ਸੰਗਤਾਂ ਲਈ ਜਾਰੀ ਕੀਤੀ ਗਈ 24X7 ਵਿਸ਼ੇਸ਼ ਹੈਲਪ ਲਾਈਨ
- PTC NEWS