ਗੋਆ 'ਚ ਹੋਣ ਵਾਲੀ SCO ਸਮਿੱਟ ਲਈ ਭਾਰਤ ਨੇ ਪਾਕਿਸਤਾਨ ਨੂੰ ਭੇਜਿਆ ਸੱਦਾ

By  Ravinder Singh January 25th 2023 11:30 AM

ਨਵੀਂ ਦਿੱਲੀ : ਭਾਰਤ 4-5 ਮਈ ਨੂੰ ਗੋਆ 'ਚ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਕਰਵਾਉਣ ਜਾ ਰਿਹਾ ਹੈ। ਭਾਰਤ ਵਿੱਚ ਹੋਣ ਵਾਲੀ ਮੀਟਿੰਗ ਲਈ ਸੰਗਠਨ ਦੇ ਸਾਰੇ ਮੈਂਬਰਾਂ ਨੂੰ ਰਸਮੀ ਸੱਦਾ ਭੇਜਿਆ ਗਿਆ ਹੈ। ਇਨ੍ਹਾਂ ਮੈਂਬਰਾਂ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਤੇ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੂੰ ਵੀ ਬੁਲਾਇਆ ਗਿਆ ਹੈ। ਹਾਲਾਂਕਿ ਹੁਣ ਤੱਕ ਪਾਕਿਸਤਾਨੀ ਪੱਖ ਤੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਵਿਦੇਸ਼ ਮੰਤਰੀ ਬਿਲਾਵਲ ਬੈਠਕ 'ਚ ਸ਼ਾਮਲ ਹੋਣਗੇ ਜਾਂ ਨਹੀਂ। ਇੰਨਾ ਹੀ ਨਹੀਂ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਭਾਰਤ ਨੇ ਚੀਨ ਦੇ ਵਿਦੇਸ਼ ਮੰਤਰੀ ਚਿਨ ਗਾਂਗ ਨੂੰ ਵੀ ਸੱਦਾ ਦਿੱਤਾ ਹੈ। 



ਪਾਕਿਸਤਾਨ ਨੇ SCO ਫਿਲਮ ਫੈਸਟੀਵਲ 'ਚ ਹਿੱਸਾ ਨਹੀਂ ਲਿਆ

ਪਾਕਿਸਤਾਨ ਨੇ ਇਸ ਮਹੀਨੇ ਦੇ ਅੰਤ ਵਿੱਚ ਮੁੰਬਈ 'ਚ ਹੋਣ ਵਾਲੇ ਐਸਸੀਓ ਫਿਲਮ ਫੈਸਟੀਵਲ ਵਿੱਚ ਹਿੱਸਾ ਨਹੀਂ ਲਿਆ ਹੈ, ਜਦੋਂ ਕਿ ਸਾਰੇ ਦੇਸ਼ਾਂ ਨੇ ਇਸ ਲਈ ਐਂਟਰੀਆਂ ਭੇਜੀਆਂ ਹਨ। ਪਾਕਿਸਤਾਨ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਗਰੁੱਪ ਦੇ ਤੀਜੇ ਅਜਿਹੇ ਫਿਲਮ ਫੈਸਟੀਵਲ 'ਚ ਸਕ੍ਰੀਨਿੰਗ ਲਈ ਕੋਈ ਫਿਲਮ ਨਹੀਂ ਭੇਜੀ। ਸੂਚਨਾ ਤੇ ਪ੍ਰਸਾਰਣ ਦੀ ਵਧੀਕ ਸਕੱਤਰ ਨੀਰਜਾ ਸ਼ੇਖਰ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਸੀ ਕਿ ਸਿਰਫ ਇਕ ਐਸਸੀਓ ਮੈਂਬਰ ਦੇਸ਼ ਹੈ ਜਿੱਥੋਂ ਸਾਨੂੰ ਕੋਈ ਐਂਟਰੀ ਨਹੀਂ ਮਿਲੀ ਹੈ ਤੇ ਨਾ ਹੀ ਸਾਨੂੰ ਕੋਈ ਜਵਾਬ ਦਿੱਤਾ ਗਿਆ ਹੈ।

ਕਾਬਿਲੇਗੌਰ ਹੈ ਕਿ SCO ਦੀ ਆਖਰੀ ਮੀਟਿੰਗ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਹੋਈ ਸੀ। ਇਸ ਬੈਠਕ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ। ਪਿਛਲੇ ਸਾਲ 16 ਸਤੰਬਰ ਨੂੰ ਭਾਰਤ ਨੇ ਰਸਮੀ ਤੌਰ 'ਤੇ ਐਸਸੀਓ ਦੀ ਪ੍ਰਧਾਨਗੀ ਸੰਭਾਲ ਲਈ ਸੀ। 2017 'ਚ ਇਸ ਸੰਗਠਨ ਦਾ ਸਥਾਈ ਮੈਂਬਰ ਬਣਨ ਤੋਂ ਬਾਅਦ, ਭਾਰਤ ਪਹਿਲੀ ਵਾਰ ਐਸਸੀਓ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਤਿੰਨ ਜੰਗਾਂ ਤੋਂ ਸਬਕ ਸਿੱਖਿਆ ਹੈ ਅਤੇ ਉਹ ਭਾਰਤ ਨਾਲ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਬਿਲਾਵਲ ਭੁੱਟੋ ਨੇ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ 'ਚ ਪੀ.ਐੱਮ ਮੋਦੀ 'ਤੇ ਕੀਤੀ ਟਿੱਪਣੀ 'ਚ ਦੋਹਾਂ ਦੇਸ਼ਾਂ ਦੇ ਸਬੰਧ ਸੁਧਾਰਨ ਦੀ ਗੱਲ ਕਹੀ ਸੀ। ਪਾਕਿਸਤਾਨ ਤੋਂ ਸਰਹੱਦ ਪਾਰ ਅੱਤਵਾਦ ਦੇ ਮੁੱਦਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸਬੰਧ ਸਾਲਾਂ ਤੋਂ ਅਨਿਸ਼ਚਿਤ ਰਹੇ ਹਨ।

ਇਹ ਵੀ ਪੜ੍ਹੋ : 1 ਤੇ 2 ਫਰਵਰੀ ਨੂੰ ਬਾਰਡਰ ਇਲਾਕਿਆਂ ਦਾ ਦੌਰਾ ਕਰਨਗੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਪਾਕਿਸਤਾਨ ਕਿਸੇ ਵੀ ਗੱਲਬਾਤ ਲਈ ਭਾਰਤ ਦੇ ਸਾਬਕਾ ਜੰਮੂ-ਕਸ਼ਮੀਰ ਰਾਜ ਲਈ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਕਰ ਰਿਹਾ ਹੈ। SCO ਦਾ ਗਠਨ 2001 'ਚ ਸ਼ੰਘਾਈ ਵਿਚ ਕੀਤਾ ਗਿਆ ਸੀ। ਰੂਸ, ਭਾਰਤ, ਚੀਨ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਤੇ ਉਜ਼ਬੇਕਿਸਤਾਨ SCO 'ਚ ਇਸਦੇ ਮੈਂਬਰ ਹਨ। ਈਰਾਨ ਇਸ ਦਾ ਨਵਾਂ ਮੈਂਬਰ ਬਣ ਗਿਆ ਹੈ। ਭਾਰਤ ਤੇ ਪਾਕਿਸਤਾਨ 2017 'ਚ ਇਸ ਦੇ ਮੈਂਬਰ ਬਣੇ।

Related Post