ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹੋਏ ਹਮਲੇ ਦੀ ਭਾਰਤ ਵੱਲੋਂ ਸਖ਼ਤ ਨਿੰਦਾ, ਤੁਰੰਤ ਕਾਰਵਾਈ ਦੀ ਕੀਤੀ ਮੰਗ

By  Jasmeet Singh September 16th 2023 01:46 PM -- Updated: September 16th 2023 02:00 PM

International News: ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਵਿਦਿਆਰਥੀ ਉੱਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਨਿਊਜ਼ ਏਜੰਸੀ ਏ.ਐਨ.ਆਈ ਦੁਆਰਾ ਪ੍ਰਾਪਤ ਜਾਣਕਾਰੀ ਮੁਤਾਬਕ ਇੱਕ 17 ਸਾਲਾ ਨਾਬਾਲਗ ਸਿੱਖ ਵਿਦਿਆਰਥੀ 'ਤੇ 11 ਸਤੰਬਰ ਨੂੰ ਘਰ ਜਾਣ ਲਈ ਇੱਕ ਜਨਤਕ ਟਰਾਂਸਪੋਰਟ ਬੱਸ ਤੋਂ ਉਤਰਨ ਤੋਂ ਬਾਅਦ ਬੀਅਰ ਦੀਆਂ ਬੋਤਲਾਂ ਅਤੇ ਮਿਰਚ ਸਪਰੇਅ ਨਾਲ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ: ਕੌਣ ਹੈ ਭਾਰਤ 'ਚ ਗ੍ਰਿਫ਼ਤਾਰ ਜਗਤਾਰ ਜੌਹਲ? ਜਿਸਦੀ ਰਿਹਾਈ ਲਈ ਇੱਕਠੇ ਹੋਏ 70 ਤੋਂ ਵੱਧ ਬ੍ਰਿਟਿਸ਼ ਸਾਂਸਦ

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਇੱਕ ਬਿਆਨ ਮੁਤਾਬਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ  ਵਿੱਚ ਰਟਲੈਂਡ ਰੋਡ ਐਸ ਅਤੇ ਰੌਬਸਨ ਰੋਡ ਈ ਦੇ ਚੌਰਾਹੇ 'ਤੇ ਭਾਰਤੀ ਵਿਦਿਆਰਥੀ 'ਤੇ ਇਹ ਹਮਲਾ ਕੀਤਾ ਗਿਆ ਸੀ।

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, "11 ਸਤੰਬਰ 2023 ਨੂੰ ਸ਼ਾਮ 4:00 ਵਜੇ ਤੋਂ ਠੀਕ ਪਹਿਲਾਂ ਕੇਲੋਨਾ RCMP ਨੂੰ ਰਟਲੈਂਡ ਰੋਡ S ਅਤੇ ਰੌਬਸਨ ਰੋਡ E ਦੇ ਇੰਟਰਸੈਕਸ਼ਨ 'ਤੇ ਇੱਕ ਮਿਰਚ ਸਪਰੇਅ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ।"

ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸਿੱਖ ਵਿਦਿਆਰਥੀ ਸਰਕਾਰੀ ਬੱਸ ਰਾਹੀਂ ਆਪਣੇ ਘਰ ਜਾ ਰਿਹਾ ਸੀ। ਟਰਾਂਸਪੋਰਟ ਬੱਸ ਤੋਂ ਬਾਹਰ ਨਿਕਲਣ ਤੋਂ ਬਾਅਦ ਇਕ ਹੋਰ ਨਾਬਾਲਗ ਨੇ ਉਸ 'ਤੇ ਬੀਅਰ ਜਾਂ ਮਿਰਚ ਸਪਰੇਅ ਦਾ ਛਿੜਕਾਅ ਕੀਤਾ।

ਇਸ ਵਿੱਚ ਕਿਹਾ ਗਿਆ ਹੈ ਕਿ ਸਪਰੇਅ ਦੀ ਘਟਨਾ ਤੋਂ ਪਹਿਲਾਂ ਬੱਸ ਵਿੱਚ ਲੜਾਈ ਹੋਈ ਸੀ ਜਿਸ ਦੇ ਨਤੀਜੇ ਵਜੋਂ ਸ਼ਾਮਲ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਕਈ ਗਵਾਹਾਂ ਦੇ ਬਿਆਨ ਲਏ ਗਏ ਹਨ ਅਤੇ ਸ਼ੱਕੀ ਨਾਬਾਲਗ ਦੀ ਪਛਾਣ ਕਰ ਲਈ ਗਈ ਹੈ। 


ਉਨ੍ਹਾਂ ਕਿਹਾ, "ਬੱਸ ਤੋਂ ਬਾਹਰ ਨਿਕਲਣ ਤੋਂ ਬਾਅਦ ਦੂਜੀ ਘਟਨਾ ਵਾਪਰੀ ਜਿੱਥੇ ਸ਼ੱਕੀ ਨੇ ਪੀੜਤ 'ਤੇ ਮਿਰਚ ਦਾ ਸਪਰੇਅ ਕੀਤਾ।" 

ਬਿਆਨ ਦੇ ਮੁਤਾਬਕ ਜਾਂਚਕਰਤਾ ਅਜੇ ਵੀ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਏ.ਐੱਨ.ਆਈ ਨਿਊਜ਼ ਏਜੰਸੀ ਨੇ ਸੀ.ਬੀ.ਸੀ. ਦੇ ਹਵਾਲੇ ਨਾਲ ਕਿਹਾ ਕਿ ਕੇਲੋਨਾ ਸਿਟੀ ਕੌਂਸਲਰ ਮੋਹਿਨੀ ਸਿੰਘ ਨੇ ਕਿਹਾ ਕਿ ਵਿਦਿਆਰਥੀ ਸ਼ਹਿਰ ਵਿੱਚ ਸਿਰਫ਼ ਪੰਜ ਮਹੀਨੇ ਹੀ ਸੀ ਅਤੇ ਉਹ ਬਹੁਤ ਘੱਟ ਅੰਗਰੇਜ਼ੀ ਬੋਲਦਾ ਸੀ।

ਉਨ੍ਹਾਂ ਇਸ ਹਮਲੇ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ ਅਤੇ ਕਿਹਾ ਕਿ ਵਿਦਿਆਰਥੀ "ਸਦਮੇ ਦੀ ਸਥਿਤੀ" ਵਿੱਚ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀ ਸਕੂਲ ਜਾਣਾ ਪਸੰਦ ਕਰਦਾ ਹੈ। ਉਸ ਦਾ ਆਪਣੇ ਅਧਿਆਪਕਾਂ ਨਾਲ ਬਹੁਤ ਵਧੀਆ ਤਾਲਮੇਲ ਹੈ। ਉਥੇ ਕੋਈ ਸਮੱਸਿਆ ਨਹੀਂ ਹੈ। 

ਇਹ ਵੀ ਪੜ੍ਹੋ: ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਦੇ ਸਬੰਧ 'ਚ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਅਮਰੀਕੀ ਰਾਜ ਸਕੱਤਰ ਨੂੰ ਲਿਖਿਆ ਪੱਤਰ

ਮੋਹਿਨੀ ਸਿੰਘ ਨੇ ਕਿਹਾ ਕਿ ਉਹ ਨਾਬਾਲਗ ਨੂੰ ਮਿਲੀ ਅਤੇ ਉਹ ਮੁਸ਼ਕਿਲ ਨਾਲ ਆਪਣਾ ਸਿਰ ਆਪਣੀ ਛਾਤੀ ਤੋਂ ਚੁੱਕ ਸਕਿਆ। ਕੌਂਸਲਰ ਨੇ ਕਿਹਾ, "ਇਸ ਘਟਨਾ ਨੇ ਭਾਈਚਾਰੇ ਵਿੱਚ ਸਦਮੇ ਦੀਆਂ ਲਹਿਰਾਂ ਦੌੜਾਂ ਦਿੱਤੀਆਂ ਹਨ। ਇੰਡੋ-ਕੈਨੇਡੀਅਨ ਭਾਈਚਾਰਾ ਇਸ ਤੋਂ ਹੈਰਾਨ ਹੈ...ਇਹ ਬਿਲਕੁਲ ਘਿਣਾਉਣੀ ਹਰਕਤ ਹੈ।"

ਸ਼ਹਿਰ 'ਚ ਇਸ ਸਾਲ ਕਿਸੇ ਸਿੱਖ ਵਿਦਿਆਰਥੀ 'ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਭਾਰਤੀ ਸਿੱਖ ਵਿਦਿਆਰਥੀ ਗਗਨਦੀਪ ਸਿੰਘ 'ਤੇ ਵੀ 17 ਮਾਰਚ ਨੂੰ ਹਮਲਾ ਕੀਤਾ ਗਿਆ ਸੀ, ਸੀ.ਬੀ.ਸੀ. ਨਿਊਜ਼ ਨੇ ਦੱਸਿਆ ਕਿ ਉਸ ਸਮੇਂ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਕਿਹਾ ਕਿ ਜਾਂਚਕਰਤਾ ਉਨ੍ਹਾਂ ਦੀ ਨਫ਼ਰਤੀ ਅਪਰਾਧ ਯੂਨਿਟ ਨਾਲ ਸਲਾਹ ਕਰ ਰਹੇ ਸਨ।

Related Post