Mohammed Sinwar Dead : ਇਜ਼ਰਾਈਲੀ ਫੌਜਾਂ ਨੇ ਹਮਾਸ ਗਾਜ਼ਾ ਮੁਖੀ ਮੁਹੰਮਦ ਸਿਨਵਰ ਨੂੰ ਮਾਰ ਸੁੱਟਿਆ; ਨੇਤਨਯਾਹੂ ਨੇ ਕੀਤਾ ਐਲਾਨ
Mohammed Sinwar Dead : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਜ਼ਰਾਈਲੀ ਫੌਜ ਨੇ ਹਮਾਸ ਦੇ ਗਾਜ਼ਾ ਮੁਖੀ ਅਤੇ ਸੰਗਠਨ ਦੇ ਨੇਤਾ ਯਾਹੀਆ ਸਿਨਵਾਰ ਦੇ ਛੋਟੇ ਭਰਾ ਮੁਹੰਮਦ ਸਿਨਵਾਰ ਨੂੰ ਮਾਰ ਦਿੱਤਾ ਹੈ। ਇਹ ਕਾਰਵਾਈ ਖਾਨ ਯੂਨਿਸ ਦੇ ਯੂਰਪੀਅਨ ਹਸਪਤਾਲ ਦੇ ਨੇੜੇ ਇੱਕ ਸੁਰੰਗ ਵਿੱਚ ਕੀਤੀ ਗਈ ਸੀ, ਜਿੱਥੇ ਇਜ਼ਰਾਈਲ ਰੱਖਿਆ ਬਲਾਂ (IDF) ਨੇ ਹਵਾਈ ਹਮਲਾ ਕੀਤਾ ਸੀ।
ਆਪਣੇ ਬਿਆਨ ਵਿੱਚ ਨੇਤਨਯਾਹੂ ਨੇ ਕਿਹਾ ਕਿ ਮੁਹੰਮਦ ਸਿਨਵਾਰ ਨੂੰ ਖਤਮ ਕਰ ਦਿੱਤਾ ਗਿਆ ਹੈ। ਉਹ ਹਮਾਸ ਦੇ ਫੌਜੀ ਵਿੰਗ ਦੀ ਅਗਵਾਈ ਕਰ ਰਿਹਾ ਸੀ। ਇਹ ਹਮਾਸ ਲਈ ਇੱਕ ਵੱਡਾ ਝਟਕਾ ਹੈ, ਪਰ ਸਾਡਾ ਆਪ੍ਰੇਸ਼ਨ ਅਜੇ ਖਤਮ ਨਹੀਂ ਹੋਇਆ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਗਾਜ਼ਾ ਵਿੱਚ ਬੰਧਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
ਰਿਪੋਰਟਾਂ ਦੇ ਅਨੁਸਾਰ ਮੁਹੰਮਦ ਸਿਨਵਾਰ ਨੇ ਅਕਤੂਬਰ 2024 ਵਿੱਚ ਆਪਣੇ ਭਰਾ ਯਾਹੀਆ ਸਿਨਵਾਰ ਦੀ ਮੌਤ ਤੋਂ ਬਾਅਦ ਹਮਾਸ ਦੀ ਫੌਜੀ ਅਤੇ ਰਾਜਨੀਤਿਕ ਅਗਵਾਈ ਸੰਭਾਲ ਲਈ ਸੀ। ਉਸਨੂੰ 7 ਅਕਤੂਬਰ 2023 ਦੇ ਹਮਾਸ ਹਮਲੇ ਦਾ ਇੱਕ ਮੁੱਖ ਯੋਜਨਾਕਾਰ ਮੰਨਿਆ ਜਾਂਦਾ ਸੀ, ਜਿਸ ਵਿੱਚ ਇਜ਼ਰਾਈਲ ਵਿੱਚ 1,200 ਲੋਕ ਮਾਰੇ ਗਏ ਸਨ ਅਤੇ 250 ਨੂੰ ਬੰਧਕ ਬਣਾਇਆ ਗਿਆ ਸੀ।
ਇਸ ਤੋਂ ਪਹਿਲਾਂ ਇਜ਼ਰਾਈਲੀ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੱਖਣੀ ਗਾਜ਼ਾ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਸਿਨਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ, ਇਜ਼ਰਾਈਲੀ ਰੱਖਿਆ ਬਲਾਂ ਨੇ ਉਸ ਸਮੇਂ ਇਸਦੀ ਪੁਸ਼ਟੀ ਨਹੀਂ ਕੀਤੀ ਸੀ। ਹੁਣ ਖੁਦ ਪ੍ਰਧਾਨ ਮੰਤਰੀ ਨੇ ਇਸਦੀ ਪੁਸ਼ਟੀ ਕੀਤੀ ਹੈ। ਹਮਾਸ ਦੇ ਰਫਾਹ ਬ੍ਰਿਗੇਡ ਕਮਾਂਡਰ ਮੁਹੰਮਦ ਸ਼ਬਾਨਾ ਅਤੇ 10 ਹੋਰ ਸਾਥੀਆਂ ਦੇ ਵੀ ਹਮਲੇ ਵਿੱਚ ਮਾਰੇ ਜਾਣ ਦੀ ਖ਼ਬਰ ਹੈ। ਸਾਊਦੀ ਚੈਨਲ ਅਲ-ਹਦਥ ਦੇ ਅਨੁਸਾਰ, ਸਿਨਵਾਰ ਦੀ ਲਾਸ਼ ਅਤੇ ਉਸਦੇ ਸਾਥੀਆਂ ਦੇ ਅਵਸ਼ੇਸ਼ ਸੁਰੰਗ ਵਿੱਚੋਂ ਬਰਾਮਦ ਕੀਤੇ ਗਏ ਹਨ।
- PTC NEWS