ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਦਰਜ ਕੀਤੀ ਜਿੱਤ

By  KRISHAN KUMAR SHARMA December 24th 2023 02:51 PM

ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਦੱਖਣੀ ਅਫਰੀਕਾ 'ਤੇ ਜਿੱਤ ਤੋਂ ਬਾਅਦ ਹੁਣ ਭਾਰਤੀ ਮਹਿਲਾਵਾਂ ਨੇ ਵੀ ਕ੍ਰਿਕਟ 'ਚ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਭਾਰਤ ਮਹਿਲਾ ਟੀਮ ਨੇ ਭਾਰਤ-ਆਸਟ੍ਰੇਲੀਆ ਵਿਚਕਾਰ ਇਕੱਲੇ ਟੈਸਟ ਮੈਚ ਦੀ ਲੜੀ ਜਿੱਤ ਲਈ ਹੈ। ਭਾਰਤ ਵੱਲੋਂ ਇਸ ਇਤਿਹਾਸਕ ਟੈਸਟ ਜਿੱਤ ਵਿੱਚ ਖਿਡਾਰਨਾਂ ਨੇ 4 ਅਰਧ-ਸੈਂਕੜੇ ਲਾਏ ਅਤੇ ਦੋ ਵਾਰੀ 4-4 ਵਿਕਟਾਂ ਹਾਸਲ ਕੀਤੀਆਂ।

ਆਸਟ੍ਰੇਲੀਆ ਦੀ ਟੀਮ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਨਿਰਣਾ ਲਿਆ, ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸਿਰਫ 219 ਦੌੜਾਂ 'ਤੇ ਹੀ ਢੇਰ ਕਰ ਦਿੱਤਾ। ਇਸਤੋਂ ਬਾਅਦ ਭਾਰਤੀ ਖਿਡਾਰਨਾਂ ਨੇ ਆਸਟ੍ਰੇਲੀਆ ਅੱਗੇ ਵੱਡਾ ਸਕੋਰ ਖੜਾ ਕਰਦੇ ਹੋਏ 406 ਦੌੜਾਂ ਬਣਾ ਦਿੱਤੀਆਂ, ਜਿਸ ਵਿੱਚ ਸਮ੍ਰਿਤੀ ਮੰਧਾਨਾ, ਰਿਚਾ ਘੋਸ਼, ਦੀਪਤੀ ਅਤੇ ਜੇਮਿਮਾ ਰੋਡਰਿਗਜ਼ ਨੇ ਅਰਧ ਸੈਂਕੜੇ ਲਾਏ। ਦੀਪਤੀ ਨੇ ਸਭ ਤੋਂ ਵੱਧ 78 ਦੌੜਾਂ ਦਾ ਯੋਗਦਾਨ ਪਾਇਆ ਅਤੇ ਵੱਡੀ ਲੀਡ ਹਾਸਲ ਕੀਤੀ।

ਦੂਜੀ ਪਾਰੀ ਵਿੱਚ ਵੀ ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਇਸ ਵਾਰ ਪੂਜਾ ਵਸਤਰਕਾਰ ਨੇ ਆਪਣੀ ਸ਼ਾਨਦਾਰ ਸਪਿਨ ਦਿਖਾਈ। ਉਸ ਨੇ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਨੇਹ ਰਾਣਾ ਨੇ 3 ਵਿਕਟਾਂ ਜਦਕਿ ਦੀਪਤੀ ਸ਼ਰਮਾ ਨੇ ਦੋ ਵਿਕਟਾਂ ਲੈ ਕੇ ਕੰਗਾਰੂ ਟੀਮ ਨੂੰ 261 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਵਾਰ ਵੀ ਤਾਲੀਆ ਮੈਕਗ੍ਰਾ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਭਾਰਤ ਨੇ ਜਵਾਬ ਵਿੱਚ ਸਿਰਫ਼ ਦੋ ਵਿਕਟਾਂ ਗੁਆ ਕੇ 75 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 38 ਦੌੜਾਂ ਦੀ ਪਾਰੀ ਖੇਡੀ।

Related Post