IPL ਨੂੰ ਮਿਲਿਆ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ, ਜਾਣੋ ਕੌਣ ਹੈ 24.50 ਕਰੋੜ 'ਚ ਖਰੀਦਿਆ ਇਹ ਦਿੱਗਜ਼

IPL 2024 Expensive Player: ਆਸਟ੍ਰੇਲੀਆਈ ਖਿਡਾਰੀ ਮਿਸ਼ੇਲ ਸਟਾਰਕ ਨੇ ਆਈਪੀਐਲ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਨੂੰ ਕੇਕੇਆਰ ਨੇ ਸਭ ਤੋਂ ਵੱਡੀ ਬੋਲੀ 24.40 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ।

By  KRISHAN KUMAR SHARMA December 19th 2023 04:58 PM -- Updated: December 19th 2023 05:20 PM

IPL 2024 Expensive Player: ਆਸਟ੍ਰੇਲੀਆਈ ਖਿਡਾਰੀ ਮਿਸ਼ੇਲ ਸਟਾਰਕ ਨੇ ਆਈਪੀਐਲ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੈ।  ਤੇਜ਼ ਗੇਂਦਬਾਜ਼ ਨੂੰ ਹੁਣ ਤੱਕ ਦੇ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਡੀ ਬੋਲੀ 24.40 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਸਟਾਰਕ ਨੂੰ ਆਈਪੀਐਲ 2024 ਸੀਜ਼ਨ ਲਈ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਨਾਲ ਜੋੜਿਆ ਹੈ, ਜਿਸ ਦਾ ਬੇਸ ਕੀਮਤ 2 ਕਰੋੜ ਰੁਪਏ ਸੀ।

ਕੌਣ ਹੈ ਸਭ ਤੋਂ ਮਹਿੰਗਾ ਵਿਕਿਆ ਖਿਡਾਰੀ

ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਮਹਿੰਗੇ ਵਿਕੇ ਖਿਡਾਰੀ ਮਿਸ਼ੇਲ ਸਟਾਰਕ, ਆਸਟ੍ਰੇਲੀਆ ਟੀਮ ਦੇ ਤੇਜ਼ ਗੇਂਦਬਾਜ਼ ਹੈ, ਜਿਸ ਦੀ ਗੇਂਦਬਾਜ਼ੀ ਅੱਗੇ ਬਹੁਤ ਘੱਟ ਬੱਲੇਬਾਜ਼ ਖੇਡ ਪਾਉਂਦੇ ਹਨ। ਇਹ ਖਿਡਾਰੀ ਲਗਭਗ 150 ਤੋਂ ਵੱਧ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਦੇ ਸਮਰਥ ਹੈ ਅਤੇ ਭਾਰਤ ਵਿੱਚ ਇਸ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਵੀ ਰਿਹਾ।

ਪੈਟ ਕਮਿੰਸ ਨੂੰ ਛੱਡਿਆ ਪਿੱਛੇ, ਬਣੇ ਨੰਬਰ ਵੰਨ

ਮਿਸ਼ੇਲ ਸਟਾਰਕ ਨੂੰ ਆਪਣੇ ਨਾਲ ਜੋੜਨ ਲਈ ਕੇਕੇਆਰ ਨੂੰ ਕਾਫੀ ਮਿਹਨਤ ਕਰਨੀ ਪਈ ਕਿਉਂਕਿ ਦੂਜੀਆਂ ਟੀਮਾਂ ਵੱਲੋਂ ਵੀ ਇਸ ਤੇਜ਼ ਗੇਂਦਬਾਜ਼ ਨੂੰ ਆਪਣੇ ਨਾਲ ਜੋੜਨ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮਿਸ਼ੇਲ ਸਟਾਰਕ ਨੇ ਇਸ ਰਿਕਾਰਡ ਬੋਲੀ ਨਾਲ ਆਪਣੇ ਸਾਥੀ ਖਿਡਾਰੀ ਅਤੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਸ ਨੂੰ ਸਨਰਾਈਜ਼ ਹੈਦਰਾਬਾਦ ਨੇ 20.50 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਆਈਪੀਐਲ 'ਚ ਪਹਿਲੀ ਵਾਰ ਲੱਗੀਆਂ 20 ਕਰੋੜ ਤੋਂ ਵੱਧ ਦੀਆਂ ਬੋਲੀਆਂ

ਆਈਪੀਐਲ ਦੇ ਇਤਿਹਾਸ ਵਿੱਚ 20 ਕਰੋੜ ਰੁਪਏ ਦੀ ਬੋਲੀ ਦਾ ਇਸ ਸੀਜ਼ਨ 'ਚ ਨਵਾਂ ਅੰਕੜਾ ਹੈ। ਦੱਸ ਦੇਈਏ ਕਿ ਹੁਣ ਤੱਕ ਦੇ ਆਈਪੀਐਲ ਇਤਿਹਾਸ ਵਿੱਚ ਕੋਈ ਵੀ ਖਿਡਾਰੀ ਇਸ ਅੰਕੜੇ ਨੂੰ ਪਾਰ ਨਹੀਂ ਪਾ ਸਕਿਆ ਸੀ। ਪਿਛਲੇ ਸਾਲ ਇੰਗਲੈਂਡ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਉਣ ਵਾਲਾ ਨੌਜਵਾਨ ਆਲਰਾਊਂਡਰ ਸੈਮ ਕਰਨ ਆਈਪੀਐਲ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਸੀ। ਉਸ ਨੂੰ ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ਵਿੱਚ ਖਰੀਦਿਆ ਸੀ।

2015 ਤੋਂ ਨਹੀਂ ਖੇਡਿਆ ਕੋਈ ਆਈਪੀਐਲ ਮੈਚ

ਮਿਸ਼ੇਲ ਸਟਾਰਕ ਨੇ ਆਪਣਾ ਆਖਰੀ ਆਈਪੀਐਲ 2015 ਵਿੱਚ ਖੇਡਿਆ ਸੀ। ਆਸਟਰੇਲੀਆ ਦੇ ਖੱਬੇ ਹੱਥ ਦੇ ਤੇਜ਼ ਸਵਿੰਗ ਗੇਂਦਬਾਜ਼ ਨੇ ਆਈਪੀਐਲ ਵਿੱਚ ਹੁਣ ਤੱਕ ਕੁੱਲ 27 ਮੈਚ ਖੇਡੇ ਹਨ। ਇਨ੍ਹਾਂ ਮੈਚਾਂ 'ਚ ਉਸ ਨੇ 20.38 ਦੀ ਔਸਤ ਅਤੇ 7.17 ਦੀ ਇਕਾਨਮੀ ਰੇਟ ਨਾਲ ਕੁੱਲ 34 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦਾ ਸਰਵੋਤਮ ਪ੍ਰਦਰਸ਼ਨ 15 ਦੌੜਾਂ ਦੇ ਕੇ 4 ਵਿਕਟਾਂ ਲੈਣ ਦਾ ਰਿਹਾ। ਹੁਣ ਇਹ ਦੇਖਣਾ ਹੋਵੇਗਾ ਕਿ ਆਈਪੀਐਲ 2024 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਮਿਸ਼ੇਲ ਸਟਾਰਕ ਕਿਸ ਤਰ੍ਹਾਂ ਗੇਂਦਬਾਜ਼ੀ ਕਰ ਸਕਦੇ ਹਨ।

Related Post