200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਨੂੰ ਮਿਲੀ ਜ਼ਮਾਨਤ

By  Jasmeet Singh November 15th 2022 04:26 PM

Jacqueline Fernandez Money Laundering Case: ਸੁਰੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ ਮਿਲੀ ਹੈ। ਮੰਗਲਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਅਦਾਕਾਰਾ ਨੂੰ 2 ਲੱਖ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ ਹੈ। ਜੈਕਲੀਨ ਇਸ ਮਾਮਲੇ 'ਚ ਪਹਿਲਾਂ ਹੀ ਅੰਤਰਿਮ ਜ਼ਮਾਨਤ 'ਤੇ ਬਾਹਰ ਸੀ। 10 ਨਵੰਬਰ ਨੂੰ ਅਦਾਕਾਰਾ ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਵਿੱਚ ਲੰਮੀ ਬਹਿਸ ਹੋਈ ਸੀ ਅਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਹੁਣ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।

200 ਕਰੋੜ ਦੀ ਰਿਕਵਰੀ ਕੇਸ 'ਚ ਮੁਲਜ਼ਮ ਹੈ ਜੈਕਲੀਨ

ਜੈਕਲੀਨ 'ਤੇ ਇਲਜ਼ਾਮ ਹੈ ਕਿ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਆਰੋਪੀ ਸੁਰੇਸ਼ ਨੂੰ ਮਿਲਣ ਦੇ 10 ਦਿਨਾਂ ਦੇ ਅੰਦਰ ਉਸਦੇ ਅਪਰਾਧਿਕ ਇਤਿਹਾਸ ਬਾਰੇ ਪਤਾ ਲੱਗ ਚੁੱਕਿਆ ਸੀ। ਇਸ ਦੇ ਬਾਵਜੂਦ ਅਭਿਨੇਤਰੀ ਉਨ੍ਹਾਂ ਦੇ ਸੰਪਰਕ 'ਚ ਰਹੀ ਅਤੇ ਮਹਿੰਗੇ ਤੋਹਫੇ ਲੈਂਦੀ ਰਹੀ। ਫਿਲਹਾਲ ਮੁਲਜ਼ਮ ਸੁਕੇਸ਼ ਚੰਦਰਸ਼ੇਖਰ ਸਲਾਖਾਂ ਪਿੱਛੇ ਹੈ। ਸੁਕੇਸ਼ 'ਤੇ ਇਲਜ਼ਾਮ ਹੈ ਕਿ ਉਸ ਨੇ ਪ੍ਰਭਾਵਸ਼ਾਲੀ ਲੋਕਾਂ ਸਮੇਤ ਕਈ ਲੋਕਾਂ ਨਾਲ ਠੱਗੀ ਮਾਰੀ ਹੈ। 

17 ਅਗਸਤ ਨੂੰ ਈਡੀ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ਵਿੱਚ ਜੈਕਲੀਨ ਨੂੰ 200 ਕਰੋੜ ਦੀ ਵਸੂਲੀ ਮਾਮਲੇ ਵਿੱਚ ਵੀ ਮੁਲਜ਼ਮ ਪਾਇਆ ਗਿਆ। ਇਸ ਵਿੱਚ ਕਈ ਗਵਾਹਾਂ ਅਤੇ ਸਬੂਤਾਂ ਨੂੰ ਆਧਾਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਸੰਮਨ ਜਾਰੀ ਕੀਤਾ ਸੀ। ਜੈਕਲੀਨ ਦੇ ਵਕੀਲ ਨੇ ਮਨੀ ਲਾਂਡਰਿੰਗ ਮਾਮਲੇ 'ਚ ਮੁਲਜ਼ਮ ਬਣਾਏ ਜਾਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।

ਈਡੀ ਨੇ ਜੈਕਲੀਨ ਦੀ ਜ਼ਮਾਨਤ ਦਾ ਕੀਤਾ ਸੀ ਵਿਰੋਧ 

11 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਜੈਕਲੀਨ ਵੀ ਅਦਾਲਤ 'ਚ ਮੌਜੂਦ ਸੀ। ਇਸ ਦੌਰਾਨ ਈਡੀ ਨੇ ਅਭਿਨੇਤਰੀ ਦੀ ਜ਼ਮਾਨਤ ਦਾ ਵਿਰੋਧ ਕੀਤਾ। ਈਡੀ ਨੇ ਕਿਹਾ ਕਿ ਜ਼ਮਾਨਤ ਮਿਲਣ ਤੋਂ ਬਾਅਦ ਅਦਾਕਾਰਾ ਸਬੂਤਾਂ ਨਾਲ ਛੇੜਛਾੜ ਕਰ ਸਕਦੀ ਹੈ ਅਤੇ ਵਿਦੇਸ਼ ਵੀ ਭੱਜ ਸਕਦੀ ਹੈ। ਈਡੀ ਦੀ ਦਲੀਲ 'ਤੇ ਜੈਕਲੀਨ ਦੇ ਵਕੀਲ ਨੇ ਕਿਹਾ ਕਿ ਦੇਸ਼ ਛੱਡ ਕੇ ਭੱਜਣ ਦੇ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਅਦਾਕਾਰਾ ਨੇ ਕਿਹਾ ਕਿ ਉਹ ਜਾਂਚ ਵਿੱਚ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ।ਅਦਾਕਾਰਾ ਦੇ ਵਕੀਲ ਨੇ ਇਹ ਵੀ ਕਿਹਾ ਕਿ ਉਸਨੇ ਖੁਦ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਹੈ ਅਤੇ ਅਦਾਲਤ ਨੇ ਖੁਦ ਅੰਤਰਿਮ ਜ਼ਮਾਨਤ ਵੀ ਦੇ ਦਿੱਤੀ ਹੈ। ਅਭਿਨੇਤਰੀ ਦੀ ਤਰਫੋਂ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਈਡੀ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। 

Related Post