Jalandhar ਦਿਹਾਤੀ ਪੁਲਿਸ ਹਾਈ ਅਲਰਟ ’ਤੇ, ਸ਼ਾਂਤੀਪੂਰਵਕ ਅਤੇ ਨਿਰਪੱਖ ਚੋਣਾਂ ਲਈ ਤਿੱਖੀ ਨਿਗਰਾਨੀ ਅਤੇ ਸਖ਼ਤ ਸੁਰੱਖਿਆ ਪ੍ਰਬੰਧ

Jalandhar News : ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ, ਨਿਰਪੱਖ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਇਤਿਹਾਸਕ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ (ਜਲੰਧਰ ਦਿਹਾਤੀ) ਵੱਲੋਂ ਸਾਰੇ ਅਧਿਕਾਰੀਆਂ ਨੂੰ ਚੋਣੀ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸਾਰੇ ਜ਼ਿਲ੍ਹੇ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ

By  Shanker Badra December 12th 2025 01:30 PM

Jalandhar News : ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ, ਨਿਰਪੱਖ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਇਤਿਹਾਸਕ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ (ਜਲੰਧਰ ਦਿਹਾਤੀ) ਵੱਲੋਂ ਸਾਰੇ ਅਧਿਕਾਰੀਆਂ ਨੂੰ ਚੋਣੀ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸਾਰੇ ਜ਼ਿਲ੍ਹੇ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।

ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁੱਲ 2500 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ, ਤਾਂ ਜੋ ਚੋਣ ਦੌਰਾਨ ਕਾਨੂੰਨ-ਵਿਵਸਥਾ ਬਣੀ ਰਹੇ। 880 ਪੋਲਿੰਗ ਲੋਕੇਸ਼ਨਾਂ ਅਤੇ 1126 ਪੋਲਿੰਗ ਬੂਥਾਂ ’ਤੇ 24×7 ਨਿਗਰਾਨੀ ਕੀਤੀ ਜਾ ਰਹੀ ਹੈ। ਚੋਣੀ ਸੁਰੱਖਿਆ ਯੋਜਨਾ ਦੇ ਅਧੀਨ 65 ਥਾਵਾਂ ਨੂੰ ਹਾਈਪਰ ਸੈਂਸੇਟਿਵ, 284 ਨੂੰ ਸੈਂਸੇਟਿਵ ਅਤੇ 531 ਨੂੰ ਨਾਨ-ਸੈਂਸੇਟਿਵ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਚੋਣ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ 3 ਐਸਪੀ, 12 ਡੀਐਸਪੀ ਅਤੇ 15 ਐਸਐਚਓ ਮੈਦਾਨ ਵਿੱਚ ਤੈਨਾਤ ਹਨ ਅਤੇ ਆਪਣੇ-ਆਪਣੇ ਇਲਾਕਿਆਂ ਦੀ ਨਿਗਰਾਨੀ ਕਰ ਰਹੇ ਹਨ। ਹਰ ਸਬ ਡਿਵੀਜ਼ਨ ਵਿੱਚ 2 ਡੀਐਸਪੀ ਰੈਂਕ ਦੇ ਅਧਿਕਾਰੀ, ਅਤੇ 2 ਸਬ ਡਿਵੀਜ਼ਨਾਂ ਲਈ 1 ਐਸਪੀ ਰੈਂਕ ਦਾ ਅਧਿਕਾਰੀ ਤੈਨਾਤ ਕੀਤਾ ਗਿਆ ਹੈ। ਰਾਤ ਸਮੇਂ ਵੀ ਸਬ ਡਿਵੀਜ਼ਨਲ ਅਧਿਕਾਰੀ ਅਤੇ ਐਸਐਚਓ ਵੱਲੋਂ ਤਿੱਖੀ ਚੈਕਿੰਗ ਕੀਤੀ ਜਾ ਰਹੀ ਹੈ।

ਜ਼ਿਲ੍ਹੇ ਵਿੱਚ ਦਰਿਆ ਕਿਨਾਰਿਆਂ, ਸੁੰਨੇ-ਸਾਧੇ ਇਲਾਕਿਆਂ, ਸ਼ੱਕੀ ਥਾਵਾਂ ਅਤੇ ਬਾਜ਼ਾਰਾਂ ਵਿੱਚ ਵਿਆਪਕ ਖੋਜ ਮੁਹਿੰਮ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਫਲੈਗ ਮਾਰਚ, ਐਂਟੀ-ਸੈਬੋਟਾਜ਼ ਚੈਕਿੰਗ, ਪੋਲਿੰਗ ਬੂਥਾਂ ਦੀ ਨਿਮਰਿਤ ਜਾਂਚ ਅਤੇ ਦਿਨ-ਰਾਤ ਨਾਕਾਬੰਦੀ ਲਗਾਤਾਰ ਜਾਰੀ ਹੈ।

ਜਲੰਧਰ ਦਿਹਾਤੀ ਦੇ ਗੁਰਦੁਆਰਿਆਂ, ਧਾਰਮਿਕ ਸਥਾਨਾਂ ਅਤੇ ਡੇਰਿਆਂ ਨੂੰ ਵੀ ਸੈਂਸੇਟਿਵ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਅਤੇ ਇੱਥੇ ਵਾਧੂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਖ਼ਾਸ ਪੈਟਰੋਲਿੰਗ ਪਾਰਟੀਆਂ ਇਨ੍ਹਾਂ ਸਥਾਨਾਂ ਦੀ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ ਤਾਂ ਜੋ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਬਣੀ ਰਹੇ।

ਇਸ ਤੋਂ ਇਲਾਵਾ, 30 ਪੈਟਰੋਲਿੰਗ ਪਾਰਟੀਆਂ ਅਤੇ ERV ਟੀਮਾਂ 24 ਘੰਟੇ ਐਕਟਿਵ ਹਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਤਿਆਰ ਹਨ। ਪਿਛਲੇ ਇੱਕ ਮਹੀਨੇ ਦੌਰਾਨ ਜਲੰਧਰ ਦਿਹਾਤੀ ਪੁਲਿਸ ਵੱਲੋਂ ਗੈਰ-ਕਾਨੂੰਨੀ ਸ਼ਰਾਬ ਅਤੇ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਕੁੱਲ 16 ਐਕਸਾਈਜ਼ ਐਕਟ ਦੇ ਕੇਸ ਦਰਜ ਕੀਤੇ ਗਏ ਹਨ, ਜੋ ਚੋਣਾਂ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਦੀ ਪਾਬੰਦੀ ਦਰਸਾਉਂਦੇ ਹਨ।

ਜਨਤਾ ਨੂੰ ਅਪੀਲ ਹੈ ਕਿ ਚੋਣ ਦੌਰਾਨ ਕੋਈ ਵੀ ਸ਼ੱਕੀ ਹਲਚਲ, ਤਕਰਾਰ, ਗਲਤ ਗਤੀਵਿਧੀ ਜਾਂ ਕਾਨੂੰਨ ਦੀ ਉਲੰਘਣਾ ਦੇਖਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਤੁਸੀਂ 112 ਹੈਲਪਲਾਈਨ ਜਾਂ ਜਲੰਧਰ ਦਿਹਾਤੀ ਪੁਲਿਸ ਕੰਟਰੋਲ ਰੂਮ 78373-40100 ’ਤੇ ਕਾਲ ਕਰ ਸਕਦੇ ਹੋ।

ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਭਰੋਸਾ ਦਵਾਇਆ ਕਿ ਜਲੰਧਰ ਦਿਹਾਤੀ ਪੁਲਿਸ ਪੂਰੀ ਨਿਰਪੱਖਤਾ ਅਤੇ ਸੁਰੱਖਿਆ ਨਾਲ ਚੋਣ ਪ੍ਰਕਿਰਿਆ ਪੂਰੀ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਸ਼ਚਿੰਤ ਹੋ ਕੇ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣਾ ਵੋਟ ਦਾ ਅਧਿਕਾਰ ਪੂਰੀ ਸੁਰੱਖਿਆ ਨਾਲ ਵਰਤਣ।

Related Post