Punjab News : ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਪੰਜਾਬੀਆਂ ਨੂੰ ਸੰਦੇਸ਼, ਇਸ ਔਖੀ ਘੜੀ ਚ ਇਕ-ਦੂਜੇ ਦਾ ਸਹਾਰਾ ਬਣਨ ਸਮੂਹ ਪੰਜਾਬੀ

Punjab News : ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਹਰ ਇੱਕ ਪੰਜਾਬੀ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਘਰਾਂ, ਫਸਲਾਂ ਅਤੇ ਮਾਲ-ਡੰਗਰ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸ ਕਰਕੇ ਲੋਕ ਬਹੁਤ ਮੁਸ਼ਕਲਾਂ ਵਿੱਚ ਹਨ

By  Shanker Badra August 30th 2025 10:48 AM

Punjab News : ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਹਰ ਇੱਕ ਪੰਜਾਬੀ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਘਰਾਂ, ਫਸਲਾਂ ਅਤੇ ਮਾਲ-ਡੰਗਰ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸ ਕਰਕੇ ਲੋਕ ਬਹੁਤ ਮੁਸ਼ਕਲਾਂ ਵਿੱਚ ਹਨ।

ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਹਮੇਸ਼ਾ ਮੁਸ਼ਕਲਾਂ ਦੇ ਸਮੇਂ ਪ੍ਰੇਮ, ਇਤਫ਼ਾਕ ਅਤੇ ਭਾਈਚਾਰੇ ਨਾਲ ਇੱਕ-ਦੂਜੇ ਦੀ ਮਦਦ ਕਰਦਾ ਆਇਆ ਹੈ। “ਅੱਜ ਵੀ ਲੋੜ ਹੈ ਕਿ ਕੋਈ ਵੀ ਪੰਜਾਬੀ ਭੁੱਖਾ ਨਾ ਰਹੇ, ਕਿਸੇ ਦੇ ਮਾਲ ਡੰਗਰ ਨੂੰ ਚਾਰੇ ਤੋਂ ਬਿਨਾਂ ਨਾ ਰਹਿਣਾ ਪਵੇ ਅਤੇ ਹਰ ਪੀੜਤ ਪਰਿਵਾਰ ਨੂੰ ਛੱਤ ਅਤੇ ਸਹਾਰਾ ਮਿਲੇ। ਉਨ੍ਹਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਉਤਰਣ ਤੋਂ ਬਾਅਦ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਅਤੇ ਉਸ ਵੇਲੇ ਵੀ ਪੰਜਾਬੀਆਂ ਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਇਕ-ਦੂਜੇ ਦਾ ਸਾਥ ਦੇਣਾ ਪਵੇਗਾ। 

ਜਥੇਦਾਰ ਸਾਹਿਬ ਨੇ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਨਾਮ ’ਤੇ ਡੱਟ ਕੇ ਸੇਵਾ ਕਰਨ ਤੇ ਪੀੜਤਾਂ ਦੀ ਮਦਦ ਜਾਰੀ ਰੱਖਣ। ਇਸਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਵਾਰ-ਵਾਰ ਹੜ੍ਹਾਂ ਦੇ ਪਿੱਛੇ ਅਸਲ ਕਾਰਨ ਕੀ ਹਨ। “2023 ਵਿੱਚ ਵੀ ਪੰਜਾਬ ਨੇ ਹੜ੍ਹ ਦੀ ਵੱਡੀ ਮਾਰ ਸਹੀ ਸੀ ਅਤੇ ਸਿਰਫ ਦੋ ਸਾਲ ਬਾਅਦ ਫਿਰ ਇਹ ਹੜ ਵੱਧ ਤੀਬਰ ਰੂਪ ਵਿੱਚ ਸਾਹਮਣੇ ਆਇਆ ਹੈ। ਦਰਿਆਵਾਂ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਕਿਉਂ ਵੜਦਾ ਹੈ, ਇਹ ਸੱਚਾਈ ਲੋਕਾਂ ਸਾਹਮਣੇ ਆਉਣੀ ਲਾਜ਼ਮੀ ਹੈ ਤਾਂ ਜੋ ਪੰਜਾਬ ਵਾਸੀ ਸੁਚੇਤ ਰਹਿਣ ਤੇ ਭਵਿੱਖ ਵਿੱਚ ਵੱਡੀਆਂ ਮੁਸੀਬਤਾਂ ਤੋਂ ਬਚ ਸਕਣ। 

ਜਥੇਦਾਰ ਸਾਹਿਬ ਨੇ ਗੁਰੂ ਸਾਹਿਬਾਨ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਦਰਤ ਨਾਲ ਸਾਂਝ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ “ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਕੁਦਰਤ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲ ਕੇ ਗੁਰੂ ਦੀ ਕਿਰਪਾ ਨਾਲ ਇਸ ਮੁਸ਼ਕਲ ਘੜੀ ਤੋਂ ਜਲਦੀ ਬਾਹਰ ਆ ਜਾਵਾਂਗੇ। 

Related Post