ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ, ਸਿੱਖ ਬੱਚਿਆਂ ਨਾਲ ਕੀਤਾ ਵਾਰਤਾਲਾਪ
ਬੱਚਿਆਂ ਨੂੰ ਪੰਜਾਬੀ ਦੇ ਨਾਲ ਸਿੱਖ ਇਤਿਹਾਸ ਪੜ੍ਹਾਉਣ ’ਤੇ ਦਿੱਤਾ ਜ਼ੋਰ
Jathedar Kuldeep Singh Gargajj visits Mata Gujri Ji Punjabi School : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਰਵੇ ਦੇ ਦ੍ਰਾਮਨ ਸ਼ਹਿਰ ਦੇ ਇਲਾਕੇ ਵਿੱਚ ਸਥਾਨਕ ਸਿੱਖਾਂ ਦੇ ਉਦਮ ਤਹਿਤ ਚਲਾਏ ਜਾ ਰਹੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦੀ ਕਾਰਗੁਜ਼ਾਰੀ ਦੇਖਣ ਲਈ ਪੁੱਜੇ ਅਤੇ ਇਸ ਉਪਰੰਤ ਉਹ ਨੇੜੇ ਹੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ, ਲੀਅਰ, ਦ੍ਰਾਮਨ ਵਿਖੇ ਨਤਮਸਤਕ ਹੋਏ।
ਇਹ ਵੀ ਪੜ੍ਹੋ :
Punjab Weather Update : ਸੂਬੇ ਵਿੱਚ ਅੱਜ ਮੀਂਹ ਦਾ ਅਲਰਟ, ਤੇਜ਼ ਹਵਾਵਾਂ ਦੇ ਨਾਲ ਛਾਏ ਰਹਿਣਗੇ ਬੱਦਲ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਵੱਸਣ ਵਾਲੇ ਸਿੱਖ/ਪੰਜਾਬੀ ਆਪਣੇ ਬੱਚਿਆਂ ਨੂੰ ਵਿਰਸੇ, ਇਤਿਹਾਸ ਅਤੇ ਰਵਾਇਤਾਂ ਨਾਲ ਜੋੜੀ ਰੱਖਣ ਲਈ ਪੰਜਾਬੀ ਸਿਖਾਉਣ ਦੇ ਉਪਰਾਲੇ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਬੱਚੇ ਇੱਕ ਖਾਲੀ ਭਾਂਡੇ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਜੇਕਰ ਮਾਪੇ ਦੁਨਿਆਵੀ ਗਿਆਨ ਦੇ ਨਾਲ-ਨਾਲ ਜੇਕਰ ਧਰਮ, ਗੁਰਬਾਣੀ ਅਤੇ ਮਾਂ ਬੋਲੀ ਦੀ ਸੋਝੀ ਪਾਉਣ ਤਾਂ ਉਨ੍ਹਾਂ ਦੀ ਸਖ਼ਸ਼ੀਅਤ ਦੀ ਬਹੁਤ ਹੀ ਗਿਆਨਵਾਨ ਤੇ ਨੇਕ ਉਸਾਰੀ ਹੋਵੇਗੀ। ਬੱਚਿਆਂ ਦੇ ਮਾਪਿਆਂ, ਗੁਰਦੁਆਰਾ ਪ੍ਰਬੰਧਕਾਂ ਅਤੇ ਹੋਰ ਜ਼ਿੰਮੇਵਾਰ ਸੰਸਥਾਵਾਂ ਤੇ ਸਖ਼ਸ਼ੀਅਤਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਆਪਣੇ ਮਾਂ ਧਰਤੀ ਨਾ ਤਾਂ ਹੀ ਜੁੜੇ ਰਹਿ ਸਕਦੇ ਹਨ ਜੇਕਰ ਉਨ੍ਹਾਂ ਨੂੰ ਮਾਂ ਬੋਲੀ ਨਾਲ ਜੋੜਿਆ ਜਾਵੇ। ਇਸ ਲਈ ਜਿਵੇਂ ਕੀਰਤਨ, ਕਥਾ ਅਤੇ ਹੋਰ ਸਮਾਗਮਾਂ ਦੇ ਉਪਰਾਲੇ ਕਰਦੇ ਹਾਂ ਉਸੇ ਤਰ੍ਹਾਂ ਗੁਰਮੁਖੀ ਪੰਜਾਬੀ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਊੜਾ ਦੀ ਸਮਝ ਅਤੇ ਜੂੜੇ ਦੀ ਸੰਭਾਲ ਸਿੱਖੀ ਦੀ ਮੁੱਢਲੀ ਤਾਲੀਮ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚੇ ਗੁਰਮੁਖੀ ਪੰਜਾਬੀ ਸਿੱਖਣਗੇ ਤਾਂ ਉਹ ਸੁਖਾਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਤੇ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਗੱਲਬਾਤ ਕਰਕੇ ਬਹੁਤ ਹੀ ਤਸੱਲੀ ਮਿਲੀ ਅਤੇ ਪੰਜਾਬੀ ਦੇ ਪੁੱਤਰ ਤੇ ਧੀਆਂ ਆਪਣੀ ਮਾਂ ਬੋਲੀ ਨੂੰ ਮਾਣ ਤੇ ਸਤਿਕਾਰ ਨਾਲ ਉਭਾਰਨ ਲਈ ਵਚਨਬੱਧ ਹਨ।
ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲੀਅਰ, ਦ੍ਰਾਮਨ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੇ ਉਨ੍ਹਾਂ ਸਥਾਨਕ ਸਿੱਖ ਸੰਗਤ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆ ਵਿੱਚ ਜਿੱਥੇ ਵੀ ਵੱਸੇ ਉਨ੍ਹਾਂ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਅਤੇ ਗੁਰੂ ਘਰ ਸਥਾਪਤ ਕੀਤੇ। ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਜੀਵਨ ਜਾਚ ਦੇ ਸੋਮੇ ਹਨ ਜਿੱਥੇ ਅਸੀਂ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੁੜਦੇ ਹਾਂ ਅਤੇ ਉੱਥੇ ਹੀ ਸਿੱਖ ਰਵਾਇਤਾਂ ਦੀ ਸੋਝੀ ਵੀ ਸਾਨੂੰ ਗੁਰੂ ਘਰਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਗੁਰੂ ਘਰਾਂ ਵਿੱਚ ਹਫ਼ਤਾਵਰੀ ਸੰਗਤ ਦੇ ਇਕੱਠਾਂ ਦੀ ਜੋ ਰਵਾਇਤ ਚੱਲਦੀ ਹੈ ਇਹ ਹਮੇਸ਼ਾ ਕਾਇਮ ਰੱਖੀ ਜਾਵੇ ਅਤੇ ਇਸ ਨਾਲ ਅਸੀਂ ਗੁਰੂ ਦੀ ਸੰਗਤ ਕਰਨ ਤੋਂ ਇਲਾਵਾ ਇੱਕ ਦੂਜੇ ਨਾਲ ਜਾਣ ਪਛਾਣ ਕਰਦੇ ਹਾਂ ਅਤੇ ਇੱਕ ਦੂਜੇ ਦੇ ਦੁਖ ਸੁਖ ਤੋਂ ਵੀ ਜਾਣੂ ਹੁੰਦੇ ਹਾਂ। ਉਨ੍ਹਾਂ ਦ੍ਰਾਮਨ ਦੀ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨਾਲ ਸਮੇਂ-ਸਮੇਂ ਪੰਜਾਬ ਆਉਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੇ ਇਸ਼ਨਾਨ ਕਰਨ ਲਈ ਜਾਣ ਦੀ ਪ੍ਰੇਰਣਾ ਕੀਤੀ।