Fri, Aug 28, 2026
Whatsapp

Miri Piri Khalsa March : ਬੱਚਿਆਂ ਨੂੰ ਸਿੱਖੀ ਸਰੂਪ ਤੇ ਗੁਰਬਾਣੀ ਨਾਲ ਜੋੜਨਾ ਹਰ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ : ਜਥੇਦਾਰ ਕੁਲਦੀਪ ਸਿੰਘ ਗੜਗੱਜ

Miri Piri Khalsa March : ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਨਸ਼ਿਆਂ ਦੀ ਮਾਰ ਹੈ। ਸਾਨੂੰ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਦਿਆਂ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜਵਾਬਦੇਹ ਬਣਾਉਣਾ ਹੋਵੇਗਾ।

Reported by:  PTC News Desk  Edited by:  KRISHAN KUMAR SHARMA -- August 28th 2026 06:19 PM -- Updated: August 28th 2026 06:21 PM
Miri Piri Khalsa March : ਬੱਚਿਆਂ ਨੂੰ ਸਿੱਖੀ ਸਰੂਪ ਤੇ ਗੁਰਬਾਣੀ ਨਾਲ ਜੋੜਨਾ ਹਰ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ : ਜਥੇਦਾਰ ਕੁਲਦੀਪ ਸਿੰਘ ਗੜਗੱਜ

Miri Piri Khalsa March : ਬੱਚਿਆਂ ਨੂੰ ਸਿੱਖੀ ਸਰੂਪ ਤੇ ਗੁਰਬਾਣੀ ਨਾਲ ਜੋੜਨਾ ਹਰ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ : ਜਥੇਦਾਰ ਕੁਲਦੀਪ ਸਿੰਘ ਗੜਗੱਜ

Miri Piri Khalsa March : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਦੂਸਰੇ ਪੜਾਅ ਤਹਿਤ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਗਾਗਾ (ਸੰਗਰੂਰ) ਤੋਂ ਪੰਥਕ ਰਵਾਇਤਾਂ ਨਾਲ ਆਪਣੇ ਅਗਲੇ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਕਰਹਾਲੀ ਸਾਹਿਬ ਲਈ ਰਵਾਨਾ ਹੋਇਆ।


ਖ਼ਾਲਸਾ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਗੁਰਮਤਿ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਥਾ-ਵਿਚਾਰ ਕਰਦਿਆਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਅਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਰਵਾਨਗੀ ਦੀ ਅਰਦਾਸ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਤੇ ਕੀਤੀ, ਜਿਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਪਾਲਕੀ ’ਚ ਸ਼ੁਸ਼ੋਭਿਤ ਕੀਤਾ।

ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਨਸ਼ਿਆਂ ਦੀ ਮਾਰ : ਜਥੇਦਾਰ ਕੁਲਦੀਪ ਸਿੰਘ ਗੜਗੱਜ

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (Kuldeep Singh Gargaj) ਨੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਛਾਣ ਕਰਕੇ “ਸਾਚਾ ਗੁਰੂ ਲਾਧੋ ਰੇ” ਦਾ ਜੋ ਮਹਾਨ ਸੰਦੇਸ਼ ਸਿੱਖ ਸੰਗਤ ਨੂੰ ਦਿੱਤਾ, ਉਹ ਸਿਰਫ਼ ਇਤਿਹਾਸਕ ਘਟਨਾ ਨਹੀਂ, ਸਗੋਂ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦਸਵੇਂ ਪਾਤਸ਼ਾਹ ਜੀ ਦੇ ਹੁਕਮ “ਗੁਰੂ ਮਾਨਿਓ ਗ੍ਰੰਥ” ਨੂੰ ਜੀਵਨ ਦਾ ਆਧਾਰ ਬਣਾਉਂਦਿਆਂ ਕਿਸੇ ਵੀ ਦੇਹਧਾਰੀ ਨੂੰ ਗੁਰੂ ਮੰਨਣ ਦੇ ਭੁਲੇਖੇ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਗੁਰੂ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਏਕਤਾ ਦਾ ਸੰਦੇਸ਼ ਸੰਗਤ ਤੱਕ ਪਹੁੰਚਾਉਣ ਲਈ ਮੀਰੀ-ਪੀਰੀ ਖਾਲਸਾ ਮਾਰਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਨਸ਼ਿਆਂ ਦੀ ਮਾਰ ਹੈ। ਸਾਨੂੰ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਦਿਆਂ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜਵਾਬਦੇਹ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨਾਂ ਨੂੰ ਨਫ਼ਰਤ ਨਹੀਂ, ਸਗੋਂ ਪਿਆਰ, ਸਹਾਰਾ ਅਤੇ ਮੁੜ ਚੰਗੇ ਜੀਵਨ ਵੱਲ ਲਿਆਉਣ ਦਾ ਮੌਕਾ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਅਤੇ ਗੁਰਬਾਣੀ ਨਾਲ ਜੋੜਨ ਲਈ ਵੀ ਯਤਨਸ਼ੀਲ ਹੋਣ ਦੀ ਲੋੜ ਹੈ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਖਾਲਸਾ ਮਾਰਚ ਦੌਰਾਨ ਸੰਗਤਾਂ ਅਤੇ ਖ਼ਾਸ ਕਰਕੇ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਨੌਜਵਾਨੀ ਦੀ ਇੱਕ ਬਹੁਤ ਹੀ ਦਰਦਨਾਕ ਤਸਵੀਰ ਸਾਹਮਣੇ ਆ ਰਹੀ ਹੈ। ਛੋਟੀ ਉਮਰ ਦੇ ਅਨੇਕਾਂ ਨੌਜਵਾਨ ਚਿੱਟੇ ਵਰਗੇ ਨਸ਼ਿਆਂ ਦੀ ਭੇਟ ਚੜ੍ਹ ਕੇ ਆਪਣੀਆਂ ਕੀਮਤੀ ਜ਼ਿੰਦਗੀਆਂ ਗੁਆ ਚੁੱਕੇ ਹਨ। ਇਹ ਸਮੁੱਚੇ ਪੰਜਾਬ ਦਾ ਦਰਦ ਹੈ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਖਾਲਸਾ ਮਾਰਚ ਦਾ ਮਕਸਦ ਜਿਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ ਉਥੇ ਪੰਜਾਬ ਦੀ ਨੌਜਵਾਨੀ ਨੂੰ ਬਾਣੀ ਅਤੇ ਬਾਣੇ ਨਾਲ ਜੋੜਨਾ, ਗੁਰਸਿੱਖੀ ਜੀਵਨ ਅਤੇ ਆਪਣੇ ਗੌਰਵਮਈ ਵਿਰਸੇ ਵੱਲ ਪ੍ਰੇਰਿਤ ਕਰਨਾ ਹੈ। ਇਹ ਸੁਨੇਹਾ ਲੈ ਕੇ ਖਾਲਸਾ ਮਾਰਚ ਪੰਜਾਬ ਦੇ ਪਿੰਡ ਪਿੰਡ ਤੱਕ ਪਹੁੰਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਮਾਰਚ ਦੀ ਸੰਪੂਰਨਤਾ ਮਗਰੋਂ ਹਰ ਹਲਕੇ ਵਿੱਚ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨੀ ਪੰਜਾਬ ਦਾ ਭਵਿੱਖ ਹੈ। ਇਸ ਲਈ ਹਰ ਮਾਂ-ਪਿਉ ਅਤੇ ਹਰ ਗੁਰਸਿੱਖ ਦਾ ਫ਼ਰਜ਼ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰੂ ਨਾਲ ਜੋੜੇ। ਉਨ੍ਹਾਂ ਖਾਲਸਾ ਮਾਰਚ ਵਿੱਚ ਸਹਿਯੋਗ ਕਰ ਰਹੀਆਂ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤ ਅੰਦਰ ਵੱਡਾ ਉਤਸ਼ਾਹ ਹੈ। ਮਾਰਚ ਦੌਰਾਨ ਨੌਜੁਆਨ ਜਿਥੇ ਸਾਬਤ ਸੂਰਤ ਹੋਣ ਦਾ ਪ੍ਰਣ ਕਰ ਰਹੇ ਹਨ, ਉਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਤਿਆਰ ਹੋ ਰਹੇ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਗੁਰਲਾਲ ਸਿੰਘ, ਰਾਮਪਾਲ ਸਿੰਘ ਬਹਿਣੀਵਾਲ, ਬੀਬੀ ਪਰਮਜੀਤ ਕੌਰ, ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਵਧੀਕ ਸਕੱਤਰ ਭਗਵੰਤ ਸਿੰਘ ਧੰਗੇੜਾ, ਕਲਗੀਧਰ ਟਰੱਸਟ ਬੜੂ ਸਾਹਿਬ ਤੋਂ ਬਾਬਾ ਜਗਜੀਤ ਸਿੰਘ, ਮੈਨੇਜਰ ਸਤਨਾਮ ਸਿੰਘ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਸ਼ਮਸ਼ੇਰ ਸਿੰਘ ਬਾਲੇਵਾਲ, ਇੰਚਾਰਜ ਭੋਲਾ ਸਿੰਘ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ,ਗੁਰਵਿੰਦਰ ਸਿੰਘ ਮੁਹਾਲੀ, ਸੰਦੀਪ ਸਿੰਘ ਕਲੋਤਾ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK