Matewada News : ਮੱਤੇਵਾੜਾ ਜੰਗਲ ਨੇੜੇ ਸਰਕਾਰ ਵੱਲੋਂ ਪੀੜਤ ਗ਼ਰੀਬ ਸਿੱਖ ਪਰਿਵਾਰਾਂ ਉੱਤੇ ਜੁਲਮ ਬਰਦਾਸ਼ਤ ਨਹੀਂ ਕਰਾਂਗੇ : ਜਥੇਦਾਰ ਗੜਗੱਜ

Matewada News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਮੱਤੇਵਾੜਾ ਜੰਗਲ ਲਾਗੇ ਪਿੰਡ ਸੇਖੇਵਾਲ ਵਿਖੇ ਪੰਜਾਬ ਸਰਕਾਰ ਅਤੇ ਗਾਲਾਡਾ ਵੱਲੋਂ ਪਿੰਡ ਵਾਸੀਆਂ ਦੀਆਂ ਫਸਲਾਂ ਉਜਾੜ ਕੇ ਜ਼ਮੀਨ ਉੱਤੇ ਕਬਜਾ ਲੈਣ ਦੀ ਕਾਰਵਾਈ ਦੇ ਮਸਲੇ 'ਤੇ ਵਿਸ਼ੇਸ਼ ਤੌਰ ਤੇ ਜਾਇਜਾ ਲੈਣ ਪਹੁੰਚੇ

By  Shanker Badra December 1st 2025 08:02 PM

Matewada News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਮੱਤੇਵਾੜਾ ਜੰਗਲ ਲਾਗੇ ਪਿੰਡ ਸੇਖੇਵਾਲ ਵਿਖੇ ਪੰਜਾਬ ਸਰਕਾਰ ਅਤੇ ਗਾਲਾਡਾ ਵੱਲੋਂ ਪਿੰਡ ਵਾਸੀਆਂ ਦੀਆਂ ਫਸਲਾਂ ਉਜਾੜ ਕੇ ਜ਼ਮੀਨ ਉੱਤੇ ਕਬਜਾ ਲੈਣ ਦੀ ਕਾਰਵਾਈ ਦੇ ਮਸਲੇ 'ਤੇ ਵਿਸ਼ੇਸ਼ ਤੌਰ ਤੇ ਜਾਇਜਾ ਲੈਣ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਦੇ ਰੰਘਰੇਟੇ ਸਿੱਖ ਭਾਈਚਾਰੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤੀ ਮਾਰੂ ਕਾਰਵਾਈ ਉੱਤੇ ਬੋਲਦੇ ਹੋਏ ਕਿਹਾ ਕੇ ਇੱਕ ਪਾਸੇ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਮਨਾਉਣ ਦਾ ਦਾਅਵਾ ਕਰ ਰਹੀ ਹੈ ਅਤੇ ਦੂਸਰੇ ਪਾਸੇ ਗੁਰੂ ਸਾਹਿਬ ਦੇ ਸੀਸ ਦੇ ਸੰਸਕਾਰ ਦਿਵਸ ਵਾਲੇ ਦਿਨ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਵਾਰਿਸਾਂ ਉੱਤੇ ਜੁਲਮ ਕਰਕੇ ਆਪਣੀ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕੇ ਪਿੰਡ ਦੀ ਜ਼ਮੀਨ ਪੰਚਾਇਤ ਨੂੰ ਵਾਪਸ ਕੀਤੀ ਜਾਵੇਗੀ। ਹੁਣ ਮੋਹਾਲੀ ਦਾ ਲਖਨੌਰ ਜੰਗਲ ਉਜਾੜ ਕੇ ਵਪਾਰਕ ਘਰਾਣੇ ਨੂੰ ਦੇਣ ਤੋਂ ਬਾਅਦ ਇੱਥੇ ਵੱਸਦੇ ਪਿੰਡ ਦੇ ਆਬਾਦ ਖਿੱਤੇ ਨੂੰ ਜੰਗਲ ਲਾਉਣ ਲਈ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿਚ ਹੀ ਹਾਸੋ ਹੀਣਾ ਵਰਤਾਰਾ ਹੈ। ਉਨ੍ਹਾਂ ਇਸ ਮੌਕੇ ਇਸ ਗੰਭੀਰ ਮਸਲੇ ਉੱਤੇ ਸਮੂਹ ਪੰਥ ਨੂੰ ਗਰੀਬੜੇ ਸਿੱਖਾਂ ਨਾਲ ਇਕਜੁੱਟ ਹੋ ਕੇ ਸੰਘਰਸ਼ ਵਿਚ ਸਾਥ ਦੇਣ ਲਈ ਅਪੀਲ ਕੀਤੀ। 

ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਨ ਕੇ ਗੁਰੂ ਕੇ ਰੰਘਰੇਟੇ ਸਿੱਖ ਅਤੇ ਸਮੂਹ ਸਿੱਖ ਭਾਈ ਚਾਰਾ ਪੰਜਾਬ ਸਮੇਤ ਪੂਰੀ ਦੁਨੀਆ ਵਿਚ ਬੈਠਾ ਹੈ ਅਤੇ ਇਨ੍ਹਾਂ ਗ਼ਰੀਬ ਸਿੱਖਾਂ ਨੂੰ ਇੱਕਲੇ ਸਮਝਣ ਦੀ ਗਲਤੀ ਨਾ ਕੀਤੀ ਜਾਵੇ, ਸਮੂਹ ਖ਼ਾਲਸਾ ਪੰਥ ਇਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਅਜਿਹੇ ਫੈਸਲਿਆਂ ਉੱਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਆਪਣੀਆਂ ਨੀਤੀਆਂ ਨਾਲ ਗ਼ਰੀਬ ਲੋਕਾਂ ਨੂੰ ਵਸਾਉਣਾ ਅਤੇ ਉਨ੍ਹਾਂ ਲਈ ਭਲਾਈ ਦੇ ਕਾਰਜ ਕਰਨਾ ਹੁੰਦਾ ਹੈ ਨਾ ਕਿ ਉਨ੍ਹਾਂ ਨੂੰ ਉਜਾੜਨ ਦਾ।

Related Post