ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕੀਤਾ ਖੁਲਾਸਾ

ਸੂਤਰਾਂ ਅਨੁਸਾਰ ਬਾਲੀਵੁੱਡ ਕੁਈਨ 2024 ਲੋਕ ਸਭਾ ਚੋਣਾਂ ਲੜ ਸਕਦੀ ਹੈ। ਕੰਗਨਾ ਰਣੌਤ ਵੱਲੋਂ ਖੁਦ ਕੋਈ ਇਸ ਬਾਰੇ ਬਿਆਨ ਨਹੀਂ ਆਇਆ ਹੈ, ਪਰ ਉਸ ਦੇ ਪਿਤਾ ਨੇ ਇਸ ਸਬੰਧੀ ਚੋਣ ਲੜਨ ਬਾਰੇ ਸਵੀਕਾਰ ਕੀਤਾ ਹੈ।

By  KRISHAN KUMAR SHARMA December 19th 2023 01:15 PM -- Updated: December 19th 2023 01:30 PM

ਚੰਡੀਗੜ੍ਹ: ਕੰਗਨਾ ਰਣੌਤ ਦੇ ਸਿਆਸੀ ਕਰੀਅਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਬਾਲੀਵੁੱਡ ਕੁਈਨ 2024 ਲੋਕ ਸਭਾ ਚੋਣਾਂ ਲੜ ਸਕਦੀ ਹੈ। ਕੰਗਨਾ ਰਣੌਤ ਦੇ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ 'ਤੇ ਲੜਨ ਦੀ ਚਰਚਾ ਹੈ। ਹਾਲਾਂਕਿ ਕੰਗਨਾ ਰਣੌਤ ਵੱਲੋਂ ਖੁਦ ਕੋਈ ਇਸ ਬਾਰੇ ਬਿਆਨ ਨਹੀਂ ਆਇਆ ਹੈ, ਪਰ ਉਸ ਦੇ ਪਿਤਾ ਨੇ ਇਸ ਸਬੰਧੀ ਚੋਣ ਲੜਨ ਬਾਰੇ ਸਵੀਕਾਰ ਕੀਤਾ ਹੈ। 

ਇਸ ਸੀਟ ਤੋਂ ਲੜ ਸਕਦੀ ਹੈ ਚੋਣ
ਕੰਗਨਾ ਦੇ ਪਿਤਾ ਅਮਰਦੀਪ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਸ ਦੀ ਧੀ 2024 ਲੋਕ ਸਭਾ ਚੋਣਾਂ ਲੜੇਗੀ ਅਤੇ ਉਹ ਵੀ ਭਾਜਪਾ ਦੀ ਟਿਕਟ ਉਪਰ ਚੋਣ ਲੜੇਗੀ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਕਿ ਉਹ ਕਿਹੜੀ ਲੋਕ ਸਭਾ ਸੀਟ ਤੋਂ ਚੋਣ ਲੜੇਗੀ, ਜਿਸ ਬਾਰੇ ਪਾਰਟੀ ਹਾਈਕਮਾਂਡ ਹੀ ਤੈਅ ਕਰੇਗੀ। ਪਰ ਚਰਚਾ ਇਹ ਵੀ ਹੈ ਕਿ ਉਹ ਮੰਡੀ ਜਾਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੀ ਹੈ।

ਦੱਸ ਦੇਈਏ ਕਿ ਦੋ ਦਿਨ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਤੇ ਕੰਗਨਾ ਰਣੌਤ ਵਿਚਕਾਰ ਕੰਗਨਾ ਦੇ ਘਰ ਮੁਲਾਕਾਤ ਵੀ ਹੋਈ ਸੀ। ਇਸਤੋਂ ਇਲਾਵਾ ਕੰਗਨਾ ਬੀਤੇ ਹਫਤੇ ਹਿਮਾਚਲ ਦੇ ਬਿਲਾਸਪੁਰ 'ਚ ਆਰਐਸਐਸ ਦੇ ਸੋਸ਼ਲ ਮੀਟ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਈ ਸੀ। ਇਸ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਉਸ ਦੀ ਵਿਚਾਰਧਾਰਾ, ਆਰਐਸਐਸ ਨਾਲ ਮੇਲ ਖਾਂਦੀ ਹੈ।

ਮੰਡੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਕੰਗਨਾ ਰਣੌਤ

ਜ਼ਿਕਰਯੋਗ ਹੈ ਕਿ ਫਿਲਮ ਅਦਾਕਾਰਾ ਕੰਗਨਾ ਰਣੌਤ ਮੂਲ ਰੂਪ ਤੋਂ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿਧਾਨ ਸਭਾ ਹਲਕੇ ਦੇ ਪਿੰਡ ਭੰਬਲਾ ਦੀ ਰਹਿਣ ਵਾਲੀ ਹੈ। ਉਸਨੇ ਮਨਾਲੀ ਵਿੱਚ ਆਪਣਾ ਇੱਕ ਘਰ ਵੀ ਬਣਾਇਆ ਹੋਇਆ ਹੈ। ਉਸਦਾ ਪਰਿਵਾਰ ਹੁਣ ਮਨਾਲੀ ਵਿੱਚ ਹੀ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਕੰਗਨਾ ਰਣੌਤ ਨੇ ਗੁਜਰਾਤ ਦੇ ਦਵਾਰਕਾ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਜੇਕਰ ਭਗਵਾਨ ਉਸ 'ਤੇ ਮੇਹਰ ਕਰੇ ਤਾਂ ਉਹ ਜ਼ਰੂਰ ਚੋਣ ਲੜੇਗੀ।

Related Post