ਗਰਮੀਆਂ ਵਿੱਚ ਆਪਣੇ ਆਪ ਨੂੰ 'ਹਾਈਡਰੇਟ' ਰੱਖਣ ਨਾਲ ਸਰੀਰ ਨੂੰ ਮਿਲਣਗੇ ਇਹ 7 ਫਾਇਦੇ

By  Jasmeet Singh May 12th 2023 10:02 PM

Hydration Benefits: ਮਨੁੱਖੀ ਸਰੀਰ ਵਿੱਚ ਲਗਭਗ 60 ਪ੍ਰਤੀਸ਼ਤ ਪਾਣੀ ਹੁੰਦਾ ਹੈ। ਸਿਹਤ ਮਾਹਿਰ ਵੀ ਸਿਹਤਮੰਦ ਰਹਿਣ ਲਈ ਦਿਨ ਵਿਚ ਘੱਟੋ-ਘੱਟ 8-10 ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਾਣੀ ਪੀਣ ਨਾਲ ਨਾ ਸਿਰਫ਼ ਪਿਆਸ ਬੁਝਦੀ ਹੈ, ਸਗੋਂ ਸਿਹਤਮੰਦ ਰਹਿਣ ਵਿਚ ਵੀ ਮਦਦ ਮਿਲਦੀ ਹੈ। ਸਰੀਰ ਦੇ ਸਾਰੇ ਅੰਗਾਂ ਨੂੰ ਆਪਣੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ। 

ਪਾਣੀ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਅਤੇ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਅਕਸਰ ਕਈ ਕਾਰਨਾਂ ਕਰਕੇ ਅਸੀਂ ਪਾਣੀ ਘੱਟ ਪੀਂਦੇ ਹਾਂ, ਜਿਸ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਘੱਟ ਪਾਣੀ ਪੀਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਅਤੇ ਗੰਭੀਰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲੇਖ ਵਿਚ ਅਸੀਂ ਤੁਹਾਨੂੰ ਪਾਣੀ ਦੇ ਸਰੀਰ ਅਤੇ ਸਿਹਤ ਲਈ ਫਾਇਦਿਆਂ ਬਾਰੇ ਦੱਸਾਂਗੇ।

 ਗੁਰਦੇ ਦੀ ਪੱਥਰੀ ਦੀ ਸਮੱਸਿਆ ਤੋਂ ਬਚਾਅ
ਪਾਣੀ ਪੀਣ ਨਾਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ। ਅਸਲ 'ਚ ਜ਼ਿਆਦਾ ਪਾਣੀ ਪੀਣ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਸ ਕਾਰਨ ਕਿਡਨੀ ਦੇ ਸਹੀ ਕੰਮਕਾਜ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਪੀਣਾ ਜ਼ਰੂਰੀ ਹੈ।

 

ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਰੱਖਦਾ 
ਮੈਟਾਬੋਲਿਜ਼ਮ ਇੱਕ ਰਸਾਇਣਕ ਪ੍ਰਕਿਰਿਆ ਹੈ, ਜੋ ਸਰੀਰ ਵਿੱਚ ਗਰਮੀ ਨੂੰ ਵਧਾਉਂਦੀ ਹੈ। ਅਜਿਹੇ 'ਚ ਜਦੋਂ ਅਸੀਂ ਗਰਮ ਮਾਹੌਲ 'ਚ ਕਸਰਤ ਕਰਦੇ ਹਾਂ ਤਾਂ ਸਾਡਾ ਸਰੀਰ ਗਰਮ ਹੋਣ ਲੱਗਦਾ ਹੈ। ਜਦੋਂ ਇਸ ਤਰ੍ਹਾਂ ਦੀ ਓਵਰਹੀਟਿੰਗ ਹੁੰਦੀ ਹੈ, ਤਾਂ ਸਾਡੇ ਸਰੀਰ ਦੇ ਸਿਸਟਮ ਫੇਲ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ 'ਚ ਸਰੀਰ 'ਚੋਂ ਨਿਕਲਣ ਵਾਲਾ ਪਸੀਨਾ ਹੀ ਤਾਪਮਾਨ ਨੂੰ ਕੰਟਰੋਲ 'ਚ ਲਿਆ ਸਕਦਾ ਹੈ। ਇਸ ਦੇ ਲਈ ਤੁਹਾਨੂੰ ਪਾਣੀ ਜਾਂ ਇਲੈਕਟ੍ਰੋਲਾਈਟਸ ਵਰਗੇ ਪੀਣ ਵਾਲੇ ਪਦਾਰਥਾਂ ਦੀ ਮਦਦ ਲੈਣੀ ਚਾਹੀਦੀ ਹੈ। ਸਰੀਰ ਨੂੰ ਠੰਡਾ ਕਰਨ ਲਈ ਕੋਸੇ ਪਾਣੀ ਦਾ ਸੇਵਨ ਕਰਨ ਦੀ ਕੋਸ਼ਿਸ਼ ਕਰੋ।

 

ਸਿਰ ਦਰਦ ਅਤੇ ਮਾਈਗਰੇਨ ਤੋਂ ਰਾਹਤ ਦਿੰਦਾ 
ਡੀਹਾਈਡਰੇਸ਼ਨ ਕੁਝ ਲੋਕਾਂ ਵਿੱਚ ਸਿਰ ਦਰਦ ਅਤੇ ਮਾਈਗਰੇਨ ਨੂੰ ਚਾਲੂ ਕਰ ਸਕਦੀ ਹੈ। ਖੋਜ ਨੇ ਦਿਖਾਇਆ ਹੈ ਕਿ ਸਿਰ ਦਰਦ ਡੀਹਾਈਡਰੇਸ਼ਨ ਦੇ ਸਭ ਤੋਂ ਆਮ ਲੱਛਣਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ, ਕੁਝ ਅਧਿਐਨਾਂ ਨੇ ਦਿਖਾਇਆ ਹੈ ਕਿ ਹਾਈਡਰੇਟਿਡ ਰਹਿਣ ਨਾਲ ਸਿਰ ਦਰਦ ਤੋਂ ਰਾਹਤ ਮਿਲ ਸਕਦੀ ਹੈ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਸਿਰ ਦਰਦ ਹੁੰਦਾ ਹੈ, ਉਨ੍ਹਾਂ ਨੂੰ ਪਾਣੀ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।

 

ਭਾਰ ਘਟਾਉਣ ਵਿੱਚ ਮਦਦ ਕਰਦਾ ਹੈ
ਪਾਣੀ ਪੀ ਕੇ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ, ਜੋ ਤੁਹਾਨੂੰ ਰੋਜ਼ਾਨਾ ਆਧਾਰ 'ਤੇ ਜ਼ਿਆਦਾ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਪਾਣੀ ਪੀਣ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਭੁੱਖ ਘੱਟ ਜਾਂਦੀ ਹੈ।

 

ਪਾਚਨ ਚੰਗਾ ਹੁੰਦਾ ਹੈ
ਭੋਜਨ ਨੂੰ ਸਹੀ ਢੰਗ ਨਾਲ ਪਚਾਉਣ ਲਈ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਕਮੀ ਦੇ ਕਾਰਨ ਤੁਹਾਨੂੰ ਕਬਜ਼, ਗੈਸ ਅਤੇ ਪੇਟ ਫੁੱਲਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਭਰਪੂਰ ਪਾਣੀ ਪੀਣ ਨਾਲ ਪੇਟ ਠੀਕ ਰਹਿੰਦਾ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪਾਣੀ ਦੀ ਭਰਪੂਰ ਮਾਤਰਾ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

 

ਸੁੱਕੇ ਮੂੰਹ ਤੋਂ ਰਾਹਤ ਦਿੰਦਾ 
ਮੂੰਹ ਵਿੱਚ ਖੁਸ਼ਕੀ ਕਈ ਵਾਰ ਸਾਨੂੰ ਬੇਚੈਨ ਕਰ ਦਿੰਦੀ ਹੈ। ਗਰਮੀਆਂ ਵਿੱਚ ਹਰ ਕੁਝ ਘੰਟਿਆਂ ਬਾਅਦ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਗਲਾ, ਬੁੱਲ੍ਹ ਅਤੇ ਮੂੰਹ ਨਮ ਰਹਿੰਦਾ ਹੈ। ਇਸ ਤੋਂ ਇਲਾਵਾ ਸਾਨੂੰ ਭੋਜਨ ਖਾਣ ਲਈ ਲਾਰ ਦੀ ਵੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਹ ਭੋਜਨ ਨੂੰ ਤੋੜਨ ਵਿੱਚ ਮਦਦ ਕਰਦਾ ਹੈ। ਲੰਬੇ ਸਮੇਂ ਤੱਕ ਮੂੰਹ ਦੇ ਸੁੱਕੇ ਰਹਿਣ ਕਾਰਨ ਵੀ ਸਾਹ ਦੀ ਬਦਬੂ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।

 

ਨਰਮ ਚਮੜੀ ਬਣਾਉਂਦਾ
ਸੂਰਜ ਦੀ ਰੌਸ਼ਨੀ, ਗਰਮ ਤਾਪਮਾਨ ਅਤੇ ਤੇਜ਼ ਗਰਮ ਹਵਾਵਾਂ ਦੇ ਐਕਸਪੋਜਰ ਦਾ ਵੀ ਚਮੜੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਡੀਹਾਈਡ੍ਰੇਸ਼ਨ ਕਾਰਨ ਖੁਸ਼ਕ ਚਮੜੀ, ਸਨਬਰਨ ਸਮੇਤ ਹੋਰ ਸਮੱਸਿਆਵਾਂ ਹੋਣ ਲੱਗਦੀਆਂ ਹਨ। ਚਮੜੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ। ਇਸ ਲਈ, ਹਾਈਡਰੇਟਿਡ ਰਹਿ ਕੇ, ਅਸੀਂ ਆਪਣੀ ਚਮੜੀ ਨੂੰ ਨਰਮ ਅਤੇ ਸਿਹਤਮੰਦ ਬਣਾ ਸਕਦੇ ਹਾਂ।


ਪਾਣੀ ਤੋਂ ਇਲਾਵਾ, ਇਹ ਵਿਸ਼ੇਸ਼ ਹਾਈਡ੍ਰੇਟਿੰਗ ਭੋਜਨ ਤੁਹਾਨੂੰ ਹਾਈਡਰੇਟਿਡ ਰਹਿਣ ਵਿੱਚ ਮਦਦ ਕਰਨਗੇ 

 ਤਰਬੂਜ
ਇਸ ਵਿੱਚ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਹੁੰਦਾ ਹੈ, ਜੋ ਕਈ ਮਹੱਤਵਪੂਰਨ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਵੀ ਕਰੋ ਅਤੇ ਇਸ ਵਿਚ ਪੁਦੀਨੇ ਦੀਆਂ ਕੁਝ ਪੱਤੀਆਂ ਮਿਲਾ ਕੇ ਸਮੂਦੀ ਵੀ ਤਿਆਰ ਕਰ ਸਕਦੇ ਹੋ।

ਖੀਰਾ
ਖੀਰੇ ਵਿੱਚ ਵਿਟਾਮਿਨ ਕੇ ਅਤੇ ਆਇਰਨ ਪਾਇਆ ਜਾਂਦਾ ਹੈ। ਨਾਲ ਹੀ, ਇਸ ਵਿਚ ਮੌਜੂਦ ਤਰਲ ਸਰੀਰ ਨੂੰ ਅੰਦਰੋਂ ਠੰਡਾ ਕਰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ।

ਨਾਰੀਅਲ ਪਾਣੀ
ਨਾਰੀਅਲ ਪਾਣੀ ਵਿੱਚ ਸੀਮਤ ਕਾਰਬੋਹਾਈਡਰੇਟ ਹੁੰਦੇ ਹਨ। ਨਾਲ ਹੀ ਇਹ ਪੋਟਾਸ਼ੀਅਮ ਦਾ ਵੀ ਵਧੀਆ ਸਰੋਤ ਹੈ। ਇਸ ਦੇ ਨਾਲ ਹੀ ਇਹ ਇਲੈਕਟੋਲਾਈਟ ਸੰਤੁਲਨ ਬਣਾਈ ਰੱਖਦਾ ਹੈ ਅਤੇ ਸਰੀਰ ਨੂੰ ਲੋੜੀਂਦੀ ਹਾਈਡ੍ਰੇਸ਼ਨ ਪ੍ਰਦਾਨ ਕਰਦਾ ਹੈ। ਗਰਮੀਆਂ ਦੇ ਮੌਸਮ 'ਚ ਇਸ ਦਾ ਨਿਯਮਤ ਸੇਵਨ ਕਰੋ।

Related Post