Kharar ਪੁਲਿਸ ਵੱਲੋਂ ਨਸ਼ਾ ਤਸਕਰ ਗਿਰੋਹ ‘ਤੇ ਵੱਡੀ ਕਾਰਵਾਈ, BMW ਕਾਰ ਸਮੇਤ 2 ਦੋਸ਼ੀ ਗ੍ਰਿਫ਼ਤਾਰ

Kharar News : ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਹਰਮਨਦੀਪ ਹੰਸ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਕਪਤਾਨ ਪੁਲਿਸ ਦਿਹਾਤੀ ਮਨਪ੍ਰੀਤ ਸਿੰਘ ਪੀ.ਪੀ.ਐਸ. ਅਤੇ ਮਾਨਯੋਗ ਉਪ ਕਪਤਾਨ ਪੁਲਿਸ ਖਰੜ-1 ਕਰਨ ਸਿੰਘ ਸੰਧੂ ਪੀ.ਪੀ.ਐਸ. ਦੀ ਰਹਿਨੁਮਾਈ ਹੇਠ ਖਰੜ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ

By  Shanker Badra February 9th 2026 05:55 PM

Kharar News : ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਹਰਮਨਦੀਪ ਹੰਸ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਕਪਤਾਨ ਪੁਲਿਸ ਦਿਹਾਤੀ ਮਨਪ੍ਰੀਤ ਸਿੰਘ ਪੀ.ਪੀ.ਐਸ. ਅਤੇ ਮਾਨਯੋਗ ਉਪ ਕਪਤਾਨ ਪੁਲਿਸ ਖਰੜ-1 ਕਰਨ ਸਿੰਘ ਸੰਧੂ ਪੀ.ਪੀ.ਐਸ. ਦੀ ਰਹਿਨੁਮਾਈ ਹੇਠ ਖਰੜ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।

ਇੰਸਪੈਕਟਰ ਅਮਰਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ ਖਰੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਨਿੱਜਰ ਚੌਕ, ਸੰਨੀ ਇਨਕਲੇਵ ਖਰੜ ਵਿਖੇ ਨਾਕਾਬੰਦੀ ਦੌਰਾਨ ਖਰੜ ਵੱਲੋਂ ਆ ਰਹੀ ਇੱਕ ਲਾਲ ਰੰਗ ਦੀ BMW ਕਾਰ ਨੰਬਰ PB11-CM-3000 ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਦੇ ਸ਼ੀਸ਼ਿਆਂ ‘ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਅਤੇ ਅੱਗੇਲੇ ਸ਼ੀਸ਼ੇ ‘ਤੇ ਪੁਲਿਸ ਦਾ ਲੋਗੋ ਵੀ ਲੱਗਿਆ ਹੋਇਆ ਸੀ।

ਕਾਰ ਦੀ ਤਲਾਸ਼ੀ ਲੈਣ ‘ਤੇ ਡੈਸ਼ਬੋਰਡ ਵਿਚੋਂ ਇੱਕ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਇਆ। ਕਾਰ ਚਾਲਕ ਨੇ ਆਪਣਾ ਨਾਮ ਅਮਨਦੀਪ ਸਿੰਘ ਪੁੱਤਰ ਬਰਜਿੰਦਰ ਸਿੰਘ ਵਾਸੀ ਸੈਕਟਰ 127, ਖਰੜ ਦੱਸਿਆ। ਉਸ ਦੀ ਨਿੱਜੀ ਤਲਾਸ਼ੀ ਦੌਰਾਨ ਪੈਂਟ ਦੀ ਜੇਬ ਵਿਚੋਂ 5.20 ਗ੍ਰਾਮ ਹੈਰੋਇਨ (ਚਿੱਟਾ) ਅਤੇ 10,000 ਰੁਪਏ ਨਕਦੀ, ਜੋ ਨਸ਼ੇ ਦੀ ਕਮਾਈ ਮੰਨੀ ਜਾ ਰਹੀ ਹੈ, ਬਰਾਮਦ ਕੀਤੇ ਗਏ।

ਇਸ ਤੋਂ ਇਲਾਵਾ ਕਾਰ ਵਿੱਚ ਨਾਲ ਬੈਠੇ ਦੂਜੇ ਵਿਅਕਤੀ ਹਰਮਨਜੀਤ ਸਿੰਘ ਦੀ ਤਲਾਸ਼ੀ ਲੈਣ ‘ਤੇ ਵੀ ਹੈਰੋਇਨ ਬਰਾਮਦ ਹੋਈ। ਦੋਨਾਂ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ NDPS ਐਕਟ ਅਤੇ BNS ਦੀਆਂ ਸੰਬੰਧਿਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਮਿਤੀ 08 ਫ਼ਰਵਰੀ 2026 ਨੂੰ ਦੋਨਾਂ ਦੋਸ਼ੀਆਂ ਦਾ ਡੋਪ ਟੈਸਟ ਸਿਵਲ ਹਸਪਤਾਲ ਫੇਜ਼-6 ਵਿਖੇ ਕਰਵਾਇਆ ਗਿਆ, ਜੋ ਡਾਕਟਰਾਂ ਵੱਲੋਂ ਪਾਜ਼ਿਟਿਵ ਪਾਇਆ ਗਿਆ, ਜਿਸ ਉਪਰੰਤ ਕੇਸ ਵਿੱਚ ਹੋਰ ਧਾਰਾਵਾਂ ਦਾ ਵਾਧਾ ਕੀਤਾ ਗਿਆ।

ਪੁਲਿਸ ਵੱਲੋਂ ਦੋਸ਼ੀਆਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਚਾਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਵਰਤੀ ਗਈ BMW ਕਾਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਸਬੰਧੀ ਅੱਗੇਲੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Related Post