Sri Akal Takht Sahib ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਨਮਾਨ ਵਿੱਚ ਮਿਲਿਆ ਸੋਨੇ ਦਾ ਖੰਡਾ ਕੀਤਾ ਗੁਰੂ ਘਰ ਭੇਂਟ

ਜ਼ਿਕਰਯੋਗ ਹੈ ਕਿ ਬੀਤੀ ਸ਼ਨੀਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਪਹੁੰਚਿਆ ਸੀ।

By  Aarti October 20th 2025 08:39 AM

Sri Akal Takht Sahib News : ਕਦੇ ਸਮਾਂ ਹੁੰਦਾ ਸੀ ਜਦੋਂ ਕੌਮ ਦੇ ਜਥੇਦਾਰਾਂ ‘ਤੇ ਇਹ ਇਲਜ਼ਾਮ ਲੱਗਦੇ ਸਨ ਕਿ ਉਹ ਸਾਧਾਂ ਤੇ ਸੰਤਾਂ ਦੇ ਡੇਰਿਆਂ ‘ਤੇ ਲਿਫਾਫੇ ਲੈਣ ਜਾਂਦੇ ਹਨ ਜਾਂ ਵਿਦੇਸ਼ਾਂ ਤੋਂ ਮੋਟੀਆਂ ਰਕਮਾਂ ਪ੍ਰਾਪਤ ਕਰਦੇ ਹਨ। ਇਸ ਕਾਰਨ ਧਾਰਮਿਕ ਪ੍ਰਚਾਰ ਦਾ ਅਸਰ ਘਟ ਜਾਂਦਾ ਸੀ। ਪਰ ਜਦੋਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ  ਕੁਲਦੀਪ ਸਿੰਘ ਗੜਗੱਜ ਨੇ ਸੇਵਾ ਸੰਭਾਲੀ ਹੈ, ਉਨ੍ਹਾਂ ਨੇ ਸਭ ਤੋਂ ਪਹਿਲਾਂ “ਲਿਫਾਫਾ ਕਲਚਰ” ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੈ।

ਹੁਣ ਉਨ੍ਹਾਂ ਨੇ ਇਸ ਪਰੰਪਰਾ ਤੋਂ ਹੋਰ ਇੱਕ ਕਦਮ ਅੱਗੇ ਵਧਦਿਆਂ ਸਨਮਾਨ ਵਿੱਚ ਪ੍ਰਾਪਤ ਸੋਨੇ ਦਾ ਖੰਡਾ ਗੁਰੂ ਘਰ ਅਰਪਣ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ ਸ਼ਨੀਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਪਹੁੰਚਿਆ ਸੀ।

ਇਸ ਮੌਕੇ ਬਾਬਾ ਜੋਰਾ ਸਿੰਘ ਬੰਧਨੀ ਕਲਾ ਵਾਲਿਆਂ ਅਤੇ ਸੰਗਤਾਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਗੁਰੂ ਘਰ ਵਿੱਚ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਗਿਆ। ਪਰ ਜਥੇਦਾਰ ਸਿੰਘ ਸਾਹਿਬ ਨੇ ਉਸੇ ਵੇਲੇ ਉਹ ਖੰਡਾ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ। ਉਨ੍ਹਾਂ ਕਿਹਾ, ਇਹ ਸੋਨੇ ਦਾ ਖੰਡਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਸ਼ੋਭਦਾ ਹੈ, ਇਸ ਲਈ ਅਸੀਂ ਇਸਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਭੇਂਟ ਕਰਦੇ ਹਾਂ।

ਉਨ੍ਹਾਂ ਹੋਰ ਕਿਹਾ ਕਿ ਅਸੀਂ ਇਸ ਵੇਲੇ ਗੁਰੂ ਸਾਹਿਬ ਦੀ ਸ਼ਤਾਬਦੀ ਮਨਾ ਰਹੇ ਹਾਂ, ਇਸ ਕਰਕੇ ਇਹ ਭੇਟਾ , ਉਹ ਗੁਰੂ ਘਰ ਵਿੱਚ ਹੀ ਸ਼ੋਭਾ ਦਿੰਦੇ ਹਨ। ਇਸ ਮੌਕੇ ਉਹਨਾਂ ਨੇ ਖੰਡਾ ਸਾਹਿਬ ਪੂਰੇ ਸਤਿਕਾਰ ਨਾਲ ਗੁਰੂ ਸਾਹਿਬ ਅੱਗੇ ਰੱਖਿਆ।

ਇਸ ਸਮਾਗਮ ਦੌਰਾਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਸੰਤ ਬਾਬਾ ਜੋਰਾ ਸਿੰਘ ਬੰਧਨੀ ਕਲਾ ਵਾਲੇ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

ਇਹ ਵੀ ਪੜ੍ਹੋ : ਸਾਬਕਾ DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ 'ਚ ਇੱਕ ਹੋਰ FIR, ਸੀਬੀਆਈ ਨੇ ਫਾਰਮ ਹਾਊਸ ਤੋਂ ਨਾਜਾਇਜ਼ ਸ਼ਰਾਬ ਤੇ ਕਾਰਤੂਸ ਕੀਤੇ ਬਰਾਮਦ

Related Post