Land Pooling : ਅਸਲੀ CM ਕੇਜਰੀਵਾਲ, ਭਗਵੰਤ ਮਾਨ ਡੁਪਲੀਕੇਟ ਰੱਖਿਆ, ਪਟਿਆਲਾ ਰੈਲੀ ਚ ਸੁਖਬੀਰ ਸਿੰਘ ਬਾਦਲ ਨੇ ਬਾਗੀ ਧੜਾ ਵੀ ਰਗੜਿਆ

Land Pooling : ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੈਂਡ ਪੂਲਿੰਗ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਈ ਅਤੇ ਹੁਣ ਸਾਰੇ ਸਰਕਾਰੀ ਕੰਮਾਂ ਦੀਆਂ ਫਾਈਲਾਂ ਕੇਜਰੀਵਾਲ ਵੱਲੋਂ ਦਿੱਲੀ ਤੋਂ ਭੇਜੇ ਬੰਦੇ ਵੇਖ ਰਹੇ ਹਨ।

By  KRISHAN KUMAR SHARMA August 11th 2025 02:28 PM -- Updated: August 11th 2025 02:51 PM

Land Pooling : ਪੰਜਾਬ ਸਰਕਾਰ ਦੀ ਕਿਸਾਨ ਮਾਰੂ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਅਕਾਲੀ ਦਲ ਵੱਲੋਂ ਸੂਬੇ ਵਿਚ ਵੱਖ ਵੱਖ ਥਾਂਵਾਂ 'ਤੇ ਧਰਨੇ ਕੀਤੇ ਜਾ ਰਹੇ ਹਨ, ਜਿਸ ਦੀ ਕੜੀ ਤਹਿਤ ਸੋਮਵਾਰ ਪਟਿਆਲਾ 'ਚ ਲੋਕਾਂ ਨੂੰ ਪਾਲਿਸੀ ਖਿਲਾਫ਼ ਜਾਗਰੂਕ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੂੰ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਰਾਹੀਂ ਕੇਜਰੀਵਾਲ, ਦਿੱਲੀ ਦੇ ਬਿਲਡਰਾਂ ਨੂੰ ਸਸਤੇ ਭਾਅ ਜ਼ਮੀਨਾਂ ਹੜੱਪਣ 'ਚ ਮਦਦ ਕਰ ਰਹੇ ਹਨ ਅਤੇ ਪੈਸਾ ਇਕੱਠਾ ਕਰਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੈਂਡ ਪੂਲਿੰਗ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਈ ਅਤੇ ਹੁਣ ਸਾਰੇ ਸਰਕਾਰੀ ਕੰਮਾਂ ਦੀਆਂ ਫਾਈਲਾਂ ਕੇਜਰੀਵਾਲ ਵੱਲੋਂ ਦਿੱਲੀ ਤੋਂ ਭੇਜੇ ਬੰਦੇ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਰਾਜ ਸਭਾ ਦੇ ਜ਼ਿਆਦਾਤਰ ਮੈਂਬਰ ਵੀ ਦਿੱਲੀ ਦੇ ਲੋਕਾਂ ਨੂੰ ਬਣਾਇਆ ਗਿਆ ਹੈ।

''ਮੇਰੇ 'ਤੇ ਮਾਰਨ ਦੀ ਨੀਅਤ ਨਾਲ ਗੋਲੀ ਚਲਵਾਈ''

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ਼ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ, ਪਰ ਅੱਜ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜਿਸ਼ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਾਗੀ ਧੜੇ 'ਤੇ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਲਈ ਵਿਰੋਧੀਆਂ ਨੇ ਕੇਂਦਰ ਨਾਲ ਮਿਲ ਕੇ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਗਿਆਨੀ ਹਰਪ੍ਰੀਤ ਸਿੰਘ, ਰੱਖੜਾ ਤੇ ਚੰਦੂਮਾਜਰਾ ਨੇ ਕੇਂਦਰ ਨਾਲ ਮਿਲ ਕੇ ਅਕਾਲੀ ਦਲ ਨੂੰ ਖਤਮ ਕਰਨ ਲਈ ਸਾਜਿਸ਼ ਰਚੀ ਹੈ, ਜਿਸ ਤਹਿਤ ਹੀ ਗੁਰੂ ਘਰ ਵਾਸਤੇ ਕੁਰਬਾਨੀਆਂ ਦੇਣ ਵਾਲੀ ਪਾਰਟੀ ਨੂੰ ਦੋਸ਼ੀ ਬਣਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ 'ਤੇ ਕਾਬਜ਼ ਹੋਣ ਲਈ ਬਾਦਲ ਪਰਿਵਾਰ ਨੂੰ ਪਾਸੇ ਕਰਨ ਦੀ ਵਾਹ ਲਾ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਅਜਿਹੀਆਂ ਸਾਜਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ।

Related Post