ਪੰਜਾਬ ਦਾ ਅਮਨ-ਕਾਨੂੰਨ: ਭਾਜਪਾ ਨੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਮੰਗ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਵਿਚਾਰ ਕਰਨ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਕਤਲਾਂ, ਫਿਰੌਤੀ ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਘਟਨਾਵਾਂ, ਪੁਲਿਸ ਦੀ ਨੱਕ ਹੇਠ ਡਕੈਤੀਆਂ, ਥਾਣਿਆਂ ’ਤੇ ਕਬਜ਼ੇ ਆਦਿ ਕਾਰਨ ਪੰਜਾਬ ਦੇ ਲੋਕ ਡਰ ਵਿੱਚ ਹਨ।

By  Jasmeet Singh March 6th 2023 06:28 PM

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਵਿਚਾਰ ਕਰਨ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਕਤਲਾਂ, ਫਿਰੌਤੀ ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਘਟਨਾਵਾਂ, ਪੁਲਿਸ ਦੀ ਨੱਕ ਹੇਠ ਡਕੈਤੀਆਂ, ਥਾਣਿਆਂ ’ਤੇ ਕਬਜ਼ੇ ਆਦਿ ਕਾਰਨ ਪੰਜਾਬ ਦੇ ਲੋਕ ਡਰ ਵਿੱਚ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋ ਅਤੇ ਸੂਬੇ ਵਿੱਚ ਕਾਨੂੰਨ-ਵਿਵਸਥਾ ਅਤੇ ਸ਼ਾਂਤੀ ਨੂੰ ਕਾਇਮ ਰੱਖਣਾ ਤੁਹਾਡਾ ਮੁਢਲਾ ਫਰਜ਼ ਹੈ। ਪੰਜਾਬ ਵਿਚ ਪਿਛਲੇ ਕਈ ਮਹੀਨਿਆਂ ਤੋਂ ਕਤਲ, ਡਕੈਤੀ, ਜਬਰਨ ਵਸੂਲੀ ਅਤੇ ਫਿਰੌਤੀ ਦੀਆਂ ਖ਼ਬਰਾਂ ਨਿੱਤ ਵੱਡੇ ਪੱਧਰ ਤੇ ਆ ਰਹੀਆਂ ਹਨ।ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ, ਸ਼ਿਵਸੈਨਾ ਨੇਤਾ ਸੁਧੀਰ ਸੂਰੀ, ਨਕੋਦਰ ਦੇ ਕਪੜਾ ਵਪਾਰੀ ਸਮੇਤ ਸੈਂਕੜੇ ਪੰਜਾਬੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਜੇਲ੍ਹਾਂ ਵਿਚ ਵੀ ਗੈਂਗਸਟਰ ਆਪਸ ਵਿਚ ਜਾਨਲੇਵਾ ਜੰਗ ਲੜ ਰਹੇ ਹਨ।

ਹਾਲਾਤ ਇੰਨੇ ਖ਼ਰਾਬ ਹਨ ਕਿ ਪੰਜਾਬ ਪੁਲਿਸ ਦੇ ਦਫਤਰਾਂ ਉੱਤੇ ਆਰ.ਪੀ. ਜੀ. ਹਮਲੇ ਹੋ ਰਹੇ ਹਨ। ਸੂਬੇ ਵਿਚ ਵੱਖਵਾਦੀ ਤਾਕਤਾਂ ਸਿਰ ਚੁੱਕ ਰਹੀਆਂ ਹਨ, ਕਈ ਥਾਵਾਂ ਉੱਤੇ ਵੱਖਵਾਦੀ ਨਾਅਰੇ ਲਿਖਣਾ, ਭੜਕਾਊ ਭਾਸ਼ਣ ਦੇਣ ਵਰਗੀਆਂ ਘਟਨਾਵਾਂ ਸ਼ਰੇਆਮ ਅਤੇ ਲਗਾਤਾਰ ਹੋ ਰਹੀਆਂ ਹਨ। ਅਜਿਹੇ ਹਾਲਾਤਾਂ ਵਿਚ ਬਤੌਰ ਮੁੱਖਮੰਤਰੀ ਅਤੇ ਗ੍ਰਹਿ ਮੰਤਰੀ ਆਪ ਜੀ ਦੀ ਚੁੱਪੀ ਬਹੁਤ ਦੁਖਦਾਈ ਹੋਣ ਦੇ ਨਾਤੇ ਕਈ ਸਵਾਲ ਖੜ੍ਹੇ ਕਰਦੀ ਹੈ ਕਿ ਅਖਿਰ ਕਿਉ ? ਲੋਕ ਕਿਉ ਸੰਤਾਪ ਭੋਗਣ?

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ, ਤੁਸੀਂ ਤਾਂ ਪੰਜਾਬ ਦੇ ਕਾਲੇ ਦੌਰ ਨੂੰ ਦੇਖਿਆ ਹੈ, ਅੱਜ ਹਾਲਾਤ ਫੇਰ ਉਸੇ ਕਾਲੇ ਦੌਰ ਵੱਲ ਜਾਂਦੇ ਦਿਖ ਰਹੇ ਹਨ। ਅੰਮ੍ਰਿਤਸਰ ਜਿਲੇ ਦੇ ਅਜਨਾਲਾ ਪੁਲਿਸ ਸਟੇਸ਼ਨ ਵਿਚ ਵਾਪਰੇ ਘਟਨਾਕ੍ਰਮ ਨੇ ਸਮੂਹ ਪੰਜਾਬੀਆਂ ਦੇ ਨਾਲ ਨਾਲ ਪੂਰੇ ਦੇਸ਼ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਜਿਸ ਪ੍ਰਕਾਰ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਨੂੰ ਜਖਮੀ ਕੀਤੀ ਗਿਆ ਉਹ ਬਹੁਤ ਹੀ ਨਿੰਦਣਯੋਗ ਹੈ।

ਪਰ ਇਸ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਸਰਕਾਰ ਨੇ ਹਿੰਸਾ ਕਰਣ ਵਾਲਿਆਂ ਦੇ ਅੱਗੇ ਪੂਰੀ ਤਰ੍ਹਾਂ ਨਾਲ ਗੋਡੇ ਟੇਕ ਦਿੱਤੇ ਅਤੇ ਕਿਡਨੈਪਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜਿਮ ਨੂੰ ਜਮਾਨਤ ਲੈਣ ਵਿਚ ਸਹਿਯੋਗ ਕੀਤਾ। ਇਥੇ ਇਹ ਸਵਾਲ ਉੱਠਦਾ ਹੈ ਕਿ ਅਗਰ ਉਹ ਮੁਲਜਿਮ ਦੋਸ਼ੀ ਨਹੀਂ ਸੀ ਤਾਂ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਸੀ ਅਤੇ ਅਗਰ ਦੋਸ਼ੀ ਸੀ ਤਾਂ ਦਬਾਅ ਹੇਠ ਜਮਾਨਤ ਕਿਉਂ ਦਿਤੀ ਗਈ ? 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਗਲਾ ਵੱਡਾ ਸਵਾਲ ਇਹ ਹੈ ਕਿ ਪੁਲਿਸ ਥਾਣੇ ਤੇ ਹਮਲਾ ਕਰਨ ਅਤੇ ਪੁਲਿਸ ਅਫਸਰਾਂ ਨੂੰ ਜਖਮੀ ਕਰਨ ਵਾਲੇ ਦੋਸ਼ੀਆਂ ਖਿਲਾਫ ਅਜੇ ਤਕ ਐਫ. ਆਈ. ਆਰ. (FIR) ਕਿਉਂ ਦਰਜ ਨਹੀਂ ਕੀਤੀ ਗਈ ? ਕੀ ਸਰਕਾਰ ਨੂੰ ਲੱਗਦਾ ਹੈ ਕਿ ਇਹ ਸਾਰੀ ਹਿੰਸਾ ਕੋਈ ਜੁਰਮ ਨਹੀਂ ਹੈ ? ਯਾਂ ਸਰਕਾਰ ਹਿੰਸਾ ਕਰਨ ਵਾਲੇ ਅਨਸਰਾਂ ਤੋਂ ਡਰ ਗਈ ਹੈ ? ਜੋ ਸਰਕਾਰ ਆਪਣੇ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਨੂੰ ਇਨਸਾਫ ਨਹੀਂ ਦੇ ਸਕਦੀ ਉਸ ਤੋਂ ਆਮ ਸ਼ਹਿਰੀ ਇਨਸਾਫ ਤੇ ਸੁਰੱਖਿਆ ਦੀ ਉਮੀਦ ਕਿਵੇਂ ਕਰ ਸਕਦਾ ਹੈ ? ਇਹ ਸਾਰੇ ਸਵਾਲ ਅੱਜ ਪੰਜਾਬ ਦੇ ਲੋਕਾਂ ਦੇ ਮਨ ਵਿਚ ਡਰ ਤੇ ਸਹਿਮ ਨਾਲ ਭਰੇ ਪਏ ਹਨ। 

ਇਹ ਚਿੰਤਾ ਹੋਰ ਵੀ ਜ਼ਿਆਦਾ ਡੂੰਘੀ ਹੋ ਜਾਂਦੀ ਹੈ ਜਦ ਅਸੀਂ ਇਤਿਹਾਸ ਵਲ ਦੇਖਦੇ ਹਾਂ, ਲੂੰ ਕੰਡੇ ਖੜੇ ਹੋ ਜਾਂਦੇ ਨੇ ਜਦ ਐਸੀਆਂ ਹੀ ਘਟਨਾਵਾਂ ਅਤੇ ਰਵਈਏ ਨੇ ਪੰਜਾਬ ਨੂੰ ਇਕ ਲੰਬੇ ਕਾਲੇ ਦੌਰ ਵਿਚ ਧਕੇਲ ਦਿੱਤਾ ਸੀ ਤੁਹਾਡੀ ਸਰਕਾਰ ਵੱਲੋਂ ਇਸ ਹਿੰਸਾ ਤੇ ਧਾਰੀ ਚੁੱਪੀ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਲਈ ਵੱਡਾ ਖ਼ਤਰਾ ਸਾਬਿਤ ਹੋ ਰਹੀ ਹੈ। ਅੱਜ ਅੱਤਵਾਦ ਦਾ ਡਟ ਕੇ ਸਾਹਮਣਾ ਕਰਨ ਵਾਲੀ ਪੰਜਾਬ ਦੀ ਬਹਾਦਰ ਪੁਲਿਸ ਅਤੇ ਪੰਜਾਬੀਆਂ ਦਾ ਮਨੋਬਲ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ। ਪੂਰੇ ਸੂਬੇ ਵਿਚ ਕਾਨੂੰਨ ਵਿਵਸਥਾ ਦੇ ਹਾਲਾਤ ਲਗਾਤਾਰ ਖ਼ਰਾਬ ਹੋ ਰਹੇ ਹਨ। 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹਨਾਂ ਸਾਰੇ ਹਾਲਾਤਾਂ ਦੇ ਮੱਦੇਨਜਰ, ਭਾਜਪਾ ਪੰਜਾਬ ਨਾਲ ਚਟਾਨ ਵਾਂਗ ਖੜੀ ਹੈ, ਅਸੀਂ ਹਮੇਸ਼ਾ ਪੰਜਾਬ ਦੀ ਸ਼ਾਂਤੀ ਤੇ ਭਾਈਚਾਰੇ ਪ੍ਰਤੀ ਸੰਜੀਦਾ ਅਤੇ ਵਚਨਬੱਧ ਹਾਂ। ਇਸ ਲਈ ਮੈਂ ਆਪ ਜੀ ਤੋਂ ਮੰਗ ਕਰਦਾ ਹਾਂ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਲਗਾਤਾਰ ਖ਼ਰਾਬ ਹੁੰਦੀ ਹਾਲਤ ਤੇ ਚਰਚਾ ਲਈ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ ਤਾਂ ਜੋ ਅਸੀਂ ਸਭ ਮਿਲਕੇ ਪੰਜਾਬ ਦੀ ਸ਼ਾਂਤੀ ਲਈ ਸੁਯੋਗ ਕੰਮ ਕਰ ਸਕੀਏ।

Related Post