BJP ਉਮੀਦਵਾਰਾਂ ਨੂੰ ਪੰਜਾਬ 'ਚ ਕਿਸਾਨਾਂ ਦੇ ਵਿਰੋਧ ਦਾ ਕਿਉਂ ਕਰਨਾ ਪੈ ਰਿਹਾ ਹੈ ਸਾਹਮਣਾ? ਜਾਣੋ ਕੀ ਹਨ ਮੁੱਖ ਕਾਰਨ

ਪੰਜਾਬ 'ਚ ਭਾਜਪਾ ਉਮੀਦਵਾਰਾਂ ਲਈ ਇਹ ਚੋਣ ਪ੍ਰਚਾਰ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਜਿਹੜੇ ਵੀ ਪਿੰਡ ਭਾਜਪਾ ਉਮੀਦਵਾਰ ਜਾ ਰਹੇ ਹਨ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

By  KRISHAN KUMAR SHARMA April 17th 2024 01:08 PM -- Updated: April 17th 2024 01:12 PM

Lok Sabha Election 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਭਾਜਪਾ (BJP) ਸਮੇਤ ਸਮੁੱਚੀਆਂ ਧਿਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਪਾਰਟੀਆਂ ਵੱਲੋਂ ਜ਼ਿਆਦਾਤਰ ਥਾਵਾਂ 'ਤੇ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਹਨ, ਜੋ ਕਿ ਲਗਾਤਾਰ ਆਪਣੀ ਚੋਣ ਮੁਹਿੰਮ ਨੂੰ ਭਖਾ ਰਹੇ ਹਨ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਲਈ ਮਿਹਨਤ ਕਰ ਰਹੇ ਹਨ। ਪਰ ਪੰਜਾਬ 'ਚ ਭਾਜਪਾ ਉਮੀਦਵਾਰਾਂ ਲਈ ਇਹ ਚੋਣ ਪ੍ਰਚਾਰ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਜਿਹੜੇ ਵੀ ਪਿੰਡ ਭਾਜਪਾ ਉਮੀਦਵਾਰ (Punjab BJP Candidates) ਜਾ ਰਹੇ ਹਨ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕੁੱਝ ਉਮੀਦਵਾਰਾਂ ਨੂੰ ਵੀ ਕਈ ਥਾਂਵਾਂ 'ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਪਿਆ ਹੈ, ਪਰ ਭਾਜਪਾ ਦਾ ਵਿਰੋਧ ਉਨ੍ਹਾਂ ਤੋਂ ਕਿਤੇ ਜ਼ਿਆਦਾ ਤਿੱਖਾ ਨਜ਼ਰ ਆ ਰਿਹਾ ਹੈ।

ਜੇਕਰ ਗੱਲ ਕਰੀਏ ਉਮੀਦਵਾਰਾਂ ਦੀ ਤਾਂ ਭਾਜਪਾ ਨੇ ਅਜੇ ਤੱਕ ਪੰਜਾਬ ਲਈ 9 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਇਨ੍ਹਾਂ 'ਚ ਕਈ ਉਮੀਦਵਾਰਾਂ ਦਾ ਦੂਜੀਆਂ ਪਾਰਟੀਆਂ ਵਾਲਾ ਪਿਛੋਕੜ ਰਿਹਾ ਹੈ, ਜਿਸ ਕਾਰਨ ਕੁੱਝ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਵੀ ਰੋਸ ਵਿਖਾਈ ਦੇ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਇਸ ਦੀ ਉਦਾਹਰਨ ਹਨ, ਜਿਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ 'ਮੋਦੀ ਦਾ ਪਰਿਵਾਰ' ਲੋਗੋ ਹਟਾ ਕੇ ਰੋਸ ਜ਼ਾਹਰ ਕੀਤਾ ਹੈ।

ਇਹ ਹੈ ਮੁੱਖ ਕਾਰਨ

ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਮੁੱਖ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕਰਨਾ ਹੈ। ਕਿਉਂਕਿ ਸਾਲ 2020 ਦੌਰਾਨ ਕਾਲੇ ਖੇਤੀ ਕਾਨੂੰਨਾਂ ਦੌਰਾਨ ਭਾਜਪਾ ਨੇ ਕਿਸਾਨਾਂ ਨਾਲ ਜੋ ਮੰਗਾਂ 'ਤੇ ਮਨਜੂਰੀ ਦਿੱਤੀ ਸੀ, ਉਨ੍ਹਾਂ ਨੂੰ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ।ਇਸਤੋਂ ਇਲਾਵਾ ਹੁਣ ਜਦੋਂ ਮੁੜ ਇੰਨਾ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਨੇ ਅੰਦੋਲਨ ਅਰੰਭਿਆ ਤਾਂ ਰਸਤੇ 'ਚ ਰੋਕਿਆ ਗਿਆ ਅਤੇ ਪੁਲਿਸ ਵੱਲੋਂ ਜੰਮ ਕੇ ਗੋਲੇ ਵਰਸਾਏ। ਇਸ ਦੌਰਾਨ ਹਰਿਆਣਾ ਪੁਲਿਸ ਦੀ ਗੋਲੀ ਨਾਲ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਵੀ ਹੋ ਗਈ ਸੀ।

ਇਸ ਲਈ ਹੁਣ ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਿੰਡਾਂ ਵਿੱਚ ਭਾਜਪਾ ਦੇ 2024 ਦੇ ਲੋਕ ਸਭਾ ਉਮੀਦਵਾਰਾਂ ਅਤੇ ਪ੍ਰਚਾਰ ਲਈ ਆਉਣ ਵਾਲੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰਨ ਦਾ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।

ਭਾਜਪਾ ਉਮੀਦਵਾਰਾਂ ਦਾ ਵਿਰੋਧ

ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਲਗਾਤਾਰ 3 ਵਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੁਲਿਸ ਨੇ ਵਿਰੋਧ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ ਸੀ।

ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਪਲਸ ਸਿਕਿਉਰਟੀ ਦਿੱਤੀ ਹੈ। 

ਪਟਿਆਲਾ 'ਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਵੀ ਕਈ ਥਾਵਾਂ 'ਤੇ ਕਿਸਾਨਾਂ ਦਾ ਵਿਰੋਧ ਸਹਿਣਾ ਪਿਆ ਹੈ। ਉਨ੍ਹਾਂ ਦੇ ਵਿਰੋਧ ਦੌਰਾਨ ਪੁਲਿਸ ਤੇ ਕਿਸਾਨਾਂ 'ਚ ਝੜਪ ਵੀ ਹੋਈ, ਜਿਸ ਦੌਰਾਨ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ 'ਚ ਵੀ ਲਿਆ।

ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਕੁਮਾਰ ਬੱਬੂ ਵੀ ਜਦੋਂ ਭੋਆ 'ਚ ਚੋਣ ਪ੍ਰਚਾਰ ਲਈ ਗਏ ਤਾਂ ਭਾਰਤ-ਪਾਕਿ ਸੀਮਾ ਨਾਲ ਲਗਦੇ ਇਲਾਕੇ 'ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਥੇ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਪ੍ਰਦਰਸ਼ਨ ਕੀਤਾ। ਇਸਤੋਂ ਇਲਾਵਾ ਦੀਨਾਨਗਰ ਦੇ ਪਿੰਡ ਗਾਹਲੜੀ 'ਚ ਵੀ ਵਿਰੋਧ ਸਹਿਣਾ ਪਿਆ।


ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਸਾਬਕਾ ਆਈਏਐਸ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ, ਪਰ ਜਦੋਂ ਅਜੇ ਉਨ੍ਹਾਂ ਨੇ ਬੁੱਧਵਾਰ ਚੋਣ ਪ੍ਰਚਾਰ ਲਈ ਪੁੱਜਣਾ ਸੀ ਤਾਂ ਪਹਿਲਾਂ ਹੀ ਵਿਰੋਧ ਹੋ ਗਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦਰਮਿਆਨ ਹੱਥੋਪਾਈ ਵੀ ਹੋਈ।

ਇਸ ਪਿੰਡ 'ਚ ਭਾਜਪਾ ਆਗੂਆਂ ਦੇ ਵੜ੍ਹਨ 'ਤੇ ਪਾਬੰਦੀ

ਕਿਸਾਨਾਂ ਵੱਲੋਂ ਪਿੰਡਾਂ ਵਿੱਚ ਭਾਜਪਾ ਖਿਲਾਫ ਫਲੈਕਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਉੱਪਰ ਪ੍ਰਮੁੱਖ ਤੌਰ 'ਤੇ ਲਿਖਿਆ ਹੈ ਜੇਕਰ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤਾਂ ਪਿੰਡਾਂ ਵਿੱਚ ਭਾਜਪਾ ਦਾ ਵੜਨਾ ਬੰਦ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਗਰੁੱਪ ਦੇ ਆਗੂ ਅਮਰਜੀਤ ਸਿੰਘ ਹਣੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਮੰਨਿਆ ਹੋਈਆਂ ਪ੍ਰਮੁੱਖ ਮੰਗਾਂ ਨੂੰ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਇਹ ਕਦਮ ਚੁੱਕਿਆ ਗਿਆ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਭਾਰੂ ਅਤੇ ਮੱਲਣ ਵਿੱਚ ਵੀ ਕਿਸਾਨਾਂ ਨੇ ਅਜਿਹੇ ਹੀ ਪੋਸਟਰ ਲਗਾਏ ਗਏ ਹਨ।

ਭਾਜਪਾ ਉਮੀਦਵਾਰਾਂ ਨੂੰ ਕਿਉਂ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ?

ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੰਗਲਵਾਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਜਪਾ ਵੱਲੋਂ ਕਿਸਾਨੀ ਮੰਗਾਂ ਨਾ ਮੰਨੇ ਜਾਣਾ ਇਸ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵਿਰੋਧ ਇਸ ਲਈ ਹੈ ਕਿਉਂਕਿ ਹੁਣ ਭਾਜਪਾ ਆਗੂ ਪਿੰਡਾਂ 'ਚ ਚੋਣਾਂ ਕਰਕੇ ਵੋਟਾਂ ਲਈ ਆ ਰਹੇ ਹਨ, ਪਰ ਉਦੋਂ ਇਨ੍ਹਾਂ ਵਿਚੋਂ ਇੱਕ ਵੀ ਨਹੀਂ ਬੋਲਿਆ, ਜਦੋਂ ਹਰਿਆਣਾ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸਨ, ਪੁਲਿਸ ਲਾਠੀਚਾਰਜ ਕਰ ਰਹੀ ਸੀ, ਪਰ ਹੁਣ ਚੋਣਾਂ ਹੋਣ ਕਰਕੇ ਇਹ ਪਿੰਡਾਂ 'ਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਨਾਲ ਪਿਛਲੇ ਅੰਦੋਲਨ ਦੌਰਾਨ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਜੇਕਰ ਭਾਜਪਾ ਗੱਲ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਹਮੇਸ਼ਾ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਚੰਡੀਗੜ੍ਹ 'ਚ 23 ਤਰੀਕ ਨੂੰ ਬਹਿਸ ਲਈ ਉਹ ਮੀਡੀਆ ਸਾਹਮਣੇ ਪੂਰੀ ਤਰ੍ਹਾਂ ਤਿਆਰ ਹਨ।

ਭਾਜਪਾ ਨੇ ਕਿਸਾਨਾਂ ਦੇ ਵਿਰੋਧ ਲਈ ਬਣਾਈ ਰਣਨੀਤੀ

ਭਾਜਪਾ ਉਮੀਦਵਾਰਾਂ ਦਾ ਵਿਰੋਧ ਦੇ ਮੱਦੇਨਜ਼ਰ ਪਾਰਟੀ ਨੇ ਸਾਰੇ 13 ਲੋਕ ਸਭਾ ਹਲਕਿਆਂ ਲਈ ਕਮੇਟੀਆਂ ਦਾ ਗਠ ਕੀਤਾ ਹੈ, ਜੋ ਕਿ ਇਸ ਦੌਰਾਨ ਚੋਣ ਪ੍ਰਚਾਰ ਕਰਨਗੀਆਂ। ਕਮੇਟੀਆਂ ਲਈ ਚਾਰ ਆਗੂਆਂ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰ ਇੱਕ ਲੋਕ ਸਭਾ ਹਲਕੇ ਵਿੱਚ 5 ਵਿਅਕਤੀਆਂ ਨੂੰ ਕਮੇਟੀ 'ਚ ਚੁਣਿਆ ਗਿਆ ਹੈ ਅਤੇ 13 ਆਗੂਆਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ। ਇਹ ਨਿਯੁਕਤੀ ਪਾਰਟੀ ਦੇ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਚਾਹਰ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਗਈ ਹੈ।

Related Post