Lucky Oberoi Murder Case : ਆਪ ਆਗੂ ਦੇ ਕਤਲ ਮਾਮਲੇ ਚ ਫ਼ਰਾਰ ਨੌਕਰ ਗ੍ਰਿਫ਼ਤਾਰ, ਅੰਮ੍ਰਿਤਸਰ ਚ ਪੁਲਿਸ ਨਾਲ ਮੁੱਠਭੇੜ ਚ ਹੋਇਆ ਜ਼ਖਮੀ

Lucky Oberoi Murder Case : ਪੁਲਿਸ ਨੇ ਮੁਲਜ਼ਮ ਸ਼ਮਿੰਦਰ ਸਿੰਘ ਨੂੰ ਅੰਮ੍ਰਿਤਸਰ ਵਿੱਚ ਇੱਕ ਮੁੱਠਭੇੜ ਦੌਰਾਨ ਗ੍ਰਿਫ਼ਤਾਰ ਕੀਤਾ। ਮੁੱਠਭੇੜ ਦੌਰਾਨ ਮੁਲਜ਼ਮ ਨੌਕਰ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

By  KRISHAN KUMAR SHARMA February 7th 2026 09:22 PM -- Updated: February 7th 2026 09:47 PM

Lucky Oberoi Murder Case : 'ਆਪ' ਆਗੂ ਲੱਕੀ ਓਬਰਾਏ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਫ਼ਰਾਰ ਨੌਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਸ਼ਮਿੰਦਰ ਸਿੰਘ ਨੂੰ ਅੰਮ੍ਰਿਤਸਰ ਵਿੱਚ ਇੱਕ ਮੁੱਠਭੇੜ ਦੌਰਾਨ ਗ੍ਰਿਫ਼ਤਾਰ ਕੀਤਾ। ਮੁੱਠਭੇੜ ਦੌਰਾਨ ਮੁਲਜ਼ਮ ਨੌਕਰ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅਤੇ ਐਸਐਸਪੀ ਸੁਹੇਲ ਕਾਸਿਮ ਮੀਰ ਸਮੇਤ ਪੁਲਿਸ ਅਧਿਕਾਰੀ ਮੌਕੇ 'ਤੇ ਹਾਜ਼ਰ ਸਨ। ਡੀਆਈਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਮ੍ਰਿਤਸਰ ਦੇ ਖਾਸਾ ਖੇਤਰ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਲੱਕੀ ਓਬਰਾਏ ਕਤਲ ਕਾਂਡ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਬੇਰੇਟਾ .30 ਬੋਰ ਪਿਸਤੌਲ ਬਰਾਮਦ ਕੀਤਾ ਹੈ।

ਲੱਕੀ ਓਬਰਾਏ ਦਾ ਨਜ਼ਦੀਕੀ ਸਾਥੀ ਸੀ ਸ਼ਮਿੰਦਰ ਸਿੰਘ

ਜਾਣਕਾਰੀ ਅਨੁਸਾਰ, ਮੁਲਜ਼ਮ ਸ਼ਮਿੰਦਰ ਸਿੰਘ, ਲੱਕੀ ਉਬਰਾਏ ਦਾ ਕਿਸੇ ਸਮੇਂ ਬਹੁਤ ਨਜ਼ਦੀਕੀ ਸਾਥੀ ਸੀ ਤੇ ਕਬੱਡੀ ਖੇਡ ਦਾ ਨਾਮਵਰ ਖਿਡਾਰੀ ਵੀ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ਮਿੰਦਰ ਲੱਕੀ ਉਬਰਾਏ ਦਾ ਨੌਕਰ ਸੀ ਤੇ ਅਕਸਰ ਉਸਦੀ ਗੱਡੀ ਚਲਾਉਂਦਾ ਸੀ। ਨਾਲ ਹੀ ਇੱਕ ਕਰੇਟਾ ਕਾਰ ਵੀ ਲੱਕੀ ਓਬਰਾਏ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਸ਼ਮਿੰਦਰ ਨੂੰ ਦਿੱਤੀ ਗਈ ਸੀ।

ਕਤਲ ਤੋਂ ਬਾਅਦ ਖਾਸਾ ਖੇਤਰ 'ਚ ਲਈ ਸੀ ਪਨਾਹ : ਡੀਆਈਜੀ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸ਼ਮਿੰਦਰ ਸਿੰਘ ਜਲੰਧਰ ਦੇ ਮਿੱਠਾਪੁਰ ਦਾ ਰਹਿਣ ਵਾਲਾ ਹੈ, ਜੋ ਕਿ ਐਕਟਿਵਾ ਚਲਾ ਰਿਹਾ ਸੀ। ਮੁਲਜ਼ਮ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ 'ਚ ਰਹਿ ਚੁੱਕਾ ਹੈ। ਡੀਆਈਜੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਮੁਲਜ਼ਮ ਸ਼ਮਿੰਦਰ ਸਿੰਘ, ਕਤਲ ਕਰਨ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਨੇ ਖਾਸਾ ਖੇਤਰ ਵਿੱਚ ਪਨਾਹ ਲਈ ਹੋਈ ਸੀ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਤੁਰੰਤ ਇਹ ਕਾਰਵਾਈ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।

ਪੁਲਿਸ 'ਤੇ ਗੋਲੀਬਾਰੀ ਕਰਕੇ ਭੱਜਣ ਦੀ ਕੀਤੀ ਕੋਸ਼ਿਸ਼ : ਐਸਐਸਪੀ 

ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਸੁਹੈਲ ਕਾਸਿਮ ਮੀਰ ਨੇ ਦੱਸਿਆ ਕਿ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ, ਜਦੋਂ ਮੁਲਜ਼ਮ ਨੂੰ ਆਉਂਦੇ ਦੇਖਿਆ ਗਿਆ ਅਤੇ ਰੁਕਣ ਦਾ ਇਸ਼ਾਰਾ ਕੀਤਾ, ਤਾਂ ਮੁਲਜ਼ਮ ਘਬਰਾ ਗਿਆ ਅਤੇ ਆਪਣੀ ਸਕੂਟਰੀ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਕੰਟਰੋਲ ਗੁਆ ਬੈਠਾ ਅਤੇ ਡਿੱਗ ਪਿਆ। ਇਸ ਦੌਰਾਨ ਉਸ ਨੇ ਪੁਲਿਸ 'ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਪਰੰਤ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਮੁਲਜ਼ਮ ਗੋਲੀ ਲੱਗਣ ਕਾਰਨ ਜਖ਼਼ਮੀ ਹੋ ਗਿਆ।

ਉਨ੍ਹਾਂ ਕਿਹਾ ਕਿ ਮੁਲਜ਼ਮ ਖਿਲਾਫ਼ ਜਲੰਧਰ ਕਮਿਸ਼ਨਰੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ 6 ਵਿਖੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 103(1), 3(5) ਅਤੇ 61(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ 6/2/2026 ਨੂੰ ਇੱਕ ਕੇਸ FIR ਨੰਬਰ 25 ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ।

Related Post