Ludhiana ਚ 9 ਸਾਲ ਦੇ ਬੱਚੇ ਦੇ ਕਤਲ ਮਾਮਲੇ ਚ ਪੁਲਿਸ ਤੇ ਢਿੱਲੀ ਕਾਰਵਾਈ ਦਾ ਆਰੋਪ, ਪਰਿਵਾਰ ਨੇ ਜਤਾਇਆ ਰੋਸ

Ludhiana News : ਲੁਧਿਆਣਾ 'ਚ ਬੀਤੇ ਦਿਨੀ 9 ਸਾਲ ਦੇ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਲਾਸ਼ ਝਾੜੀਆਂ 'ਚੋਂ ਬਰਾਮਦ ਹੋਈ ਸੀ। ਇਸ ਤੋਂ ਬਾਅਦ ਤਿੰਨ ਦਿਨ ਬੀਤਣ ਦੇ ਬਾਵਜੂਦ ਪੁਲਿਸ ਆਰੋਪੀਆਂ ਤੱਕ ਨਹੀਂ ਪਹੁੰਚ ਸਕੀ। ਜਿਸ 'ਤੇ ਬੱਚੇ ਦੇ ਪਰਿਵਾਰ ਨੇ ਖੁਦ ਹੀ ਮਿਹਨਤ ਕਰਕੇ ਆਰੋਪੀ ਦਾ ਪਤਾ ਕਰ ਲਿਆ ਅਤੇ ਪੁਲਿਸ ਨੂੰ ਉਸ ਦੀ ਜਾਣਕਾਰੀ ਦਿੱਤੀ

By  Shanker Badra February 10th 2026 03:23 PM

Ludhiana News : ਲੁਧਿਆਣਾ 'ਚ ਬੀਤੇ ਦਿਨੀ 9 ਸਾਲ ਦੇ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਲਾਸ਼ ਝਾੜੀਆਂ 'ਚੋਂ ਬਰਾਮਦ ਹੋਈ ਸੀ। ਇਸ ਤੋਂ ਬਾਅਦ ਤਿੰਨ ਦਿਨ ਬੀਤਣ ਦੇ ਬਾਵਜੂਦ ਪੁਲਿਸ ਆਰੋਪੀਆਂ ਤੱਕ ਨਹੀਂ ਪਹੁੰਚ ਸਕੀ। ਜਿਸ 'ਤੇ ਬੱਚੇ ਦੇ ਪਰਿਵਾਰ ਨੇ ਖੁਦ ਹੀ ਮਿਹਨਤ ਕਰਕੇ ਆਰੋਪੀ ਦਾ ਪਤਾ ਕਰ ਲਿਆ ਅਤੇ ਪੁਲਿਸ ਨੂੰ ਉਸ ਦੀ ਜਾਣਕਾਰੀ ਦਿੱਤੀ। 

ਦੱਸਿਆ ਜਾ ਰਿਹਾ ਹੈ ਕਿ ਆਰੋਪੀ ਵੀ ਨਬਾਲਗ ਹੈ ਅਤੇ ਉਹ ਕੁਝ ਸਮਾਂ ਪਹਿਲਾਂ ਪੁਲਿਸ ਦੀ ਕਸਟਡੀ 'ਚੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਨਾਬਾਲਗ ਆਰੋਪੀ ਦੇ ਪਰਿਵਾਰਿਕ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੱਤਾ। ਉੱਥੇ ਹੀ ਥਾਣਾ ਸਲੇਮ ਟਾਵਰੀ ਪਹੁੰਚੇ ਬੱਚੇ ਦੇ ਰਿਸ਼ਤੇਦਾਰ ਨੇ ਆਰੋਪ ਲਾਇਆ ਕਿ ਜਦੋਂ ਉਹ ਪੁਲਿਸ ਨੂੰ ਆਰੋਪੀ ਬਾਰੇ ਸਵਾਲ ਜਵਾਬ ਕਰ ਰਹੇ ਸੀ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਵੱਡੇ ਅਫਸਰਾਂ ਸਾਹਮਣੇ ਹੀ ਉਸਦੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਰੋਸ ਵਿੱਚ ਆਏ ਲੋਕਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਫਸਰਾਂ ਨੇ ਕਿਸੇ ਤਰ੍ਹਾਂ ਉਸ ਨੂੰ ਉਹਨਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਾਇਆ।

ਜਾਣਕਾਰੀ ਦਿੰਦੇ ਬੱਚੇ ਦੇ ਚਾਚੇ ਸੰਨੀ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਭਤੀਜਾ ਲਾਪਤਾ ਹੋਇਆ ਤਾਂ ਉਹ ਕਈ ਥਾਣਿਆਂ ਵਿੱਚ ਕਾਰਵਾਈ ਕਰਵਾਉਣ ਲਈ ਧੱਕੇ ਖਾਂਦੇ ਰਹੇ ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਉਨਾਂ ਨੇ ਧਰਨਾ ਲਾਇਆ ਤਾਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਜਿਸ 'ਤੇ ਬੱਚੇ ਦੀ ਲਾਸ਼ ਬਰਾਮਦ ਹੋਈ। ਜਿਸ ਦਾ ਗਲਾ ਵੱਡਿਆ ਹੋਇਆ ਸੀ। ਉਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਢਿੱਲੀ ਕਾਰਵਾਈ ਕੀਤੀ ਜਾ ਰਹੀ ਸੀ, ਜਿਸ ਕਰਕੇ ਉਹਨਾਂ ਨੇ ਆਪਣੇ ਤੌਰ 'ਤੇ ਹੀ ਸੀਸੀਟੀਵੀ ਵਗੈਰਾ ਚੈੱਕ ਕੀਤੇ ਅਤੇ ਆਰੋਪੀ ਦਾ ਪਤਾ ਕਰ ਲਿਆ। 

ਜਦੋਂ ਉਹਨਾਂ ਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਦੱਸਿਆ ਤਾਂ ਪੁਲਿਸ ਨੇ ਨਾਬਾਲਗ ਆਰੋਪੀ ਦੇ ਘਰ ਵਾਲਿਆਂ ਨੂੰ ਫੜ ਲਿਆ ਪਰ ਫਿਰ ਉਹਨਾਂ ਨੂੰ ਛੱਡ ਦਿੱਤਾ। ਇਸੇ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਕਿ ਆਰੋਪੀ ਦਾ ਪਰਿਵਾਰ ਘਰ ਨੂੰ ਤਾਲੇ ਲਾ ਕੇ ਭੱਜਣ ਦੀ ਤਿਆਰੀ ਕਰ ਰਿਹਾ ਹੈ।  ਉਹਨਾਂ ਨੇ ਮੌਕੇ 'ਤੇ ਜਾ ਕੇ ਉੱਥੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ 'ਤੇ ਇੱਕ ਏਐਸਆਈ ਮੌਕੇ 'ਤੇ ਆਇਆ ਪਰ ਉਸਨੇ ਸਿੱਧੇ ਤੌਰ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਦੋਂ ਉਹ ਇਸ ਮਾਮਲੇ ਬਾਰੇ ਪਤਾ ਕਰਨ ਥਾਣੇ ਗਏ ਤਾਂ ਉੱਥੇ ਇੱਕ ਪੁਲਿਸ ਵਾਲੇ ਨੇ ਉਸਦੇ ਥੱਪੜ ਮਾਰ ਦਿੱਤਾ।

ਉੱਥੇ ਹੀ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਅੰਕਿਤ ਚੌਧਰੀ ਨੇ ਆਖਿਆ ਕਿ ਪੁਲਿਸ ਦੇ ਵੱਲੋਂ ਸਿੱਧੇ ਤੌਰ 'ਤੇ ਪਰਿਵਾਰ ਨਾਲ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਉਹ ਵੱਡੇ ਅਫਸਰਾਂ ਦੇ ਕੋਲ ਪੇਸ਼ ਹੋ ਕੇ ਮਾਮਲੇ ਦੀ ਸ਼ਿਕਾਇਤ ਵੀ ਦੇਣਗੇ ਅਤੇ ਕੋਰਟ ਦੇ ਵਿੱਚ ਵੀ ਇਹ ਮਾਮਲਾ ਰੱਖਿਆ ਜਾਏਗਾ। ਉੱਥੇ ਹੀ ਜਦੋਂ ਪੁਲਿਸ ਅਫ਼ਸਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਤੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। 

Related Post