ਮਾਛੀਵਾੜਾ ਨੇੜੇ ਸਰਹਿੰਦ ਨਹਿਰ ਕੰਢੇ ਪਲਟੀ ਸ਼ਰਧਾਲੂਆਂ ਨਾਲ ਭਰੀ ਪਿਕਅਪ, 3 ਬੱਚਿਆਂ ਸਮੇਤ 5 ਜਣਿਆਂ ਦੀ ਮੌਤ
Mahindra Pickup Fell into Sirhind Canal: ਇਹ ਸਾਰੇ ਪਰਿਵਾਰਕ ਮੈਂਬਰ ਨਵੀਂ ਮਹਿੰਦਰਾ ਪਿਕਅੱਪ ਜੀਪ ’ਤੇ ਸਵਾਰ ਹੋ ਕੇ ਮੱਥਾ ਟੇਕਣ ਉਪਰੰਤ ਅੱਜ ਜਦੋਂ ਸਵੇਰੇ ਬਾਬਾ ਵਡਭਾਗ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਦਾ ਸੰਤੁਲਨ ਵਿਗੜ ਗਿਆ।
Machiwara Accident 5 people killed: ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ ਇੱਕ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ, ਜਿਸ ਵਿਚ 2 ਔਰਤਾਂ ਜੋ ਆਪਸ ਵਿਚ ਮਾਂ-ਧੀ ਹਨ, ਮਹਿੰਦਰ ਕੌਰ (65) ਅਤੇ ਕਰਮਜੀਤ ਕੌਰ (50) ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ 2 ਬੱਚੇ ਗਗਨਜੋਤ ਕੌਰ (15) ਜਦਕਿ ਇੱਕ ਕੁੜੀ ਦਾ ਨਾਮ ਪਤਾ ਨਹੀਂ ਲੱਗਾ, ਉਹ ਵੀ ਦਮ ਤੋੜ ਗਏ। ਇਸ ਤੋਂ ਇਲਾਵਾ ਇੱਕ ਹੋਰ ਬੱਚਾ ਸੁਖਪ੍ਰੀਤ ਸਿੰਘ (7) ਨਹਿਰ ਵਿਚ ਰੁੜ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।
ਸੜਕ ਤੋਂ 30 ਫੁੱਟ ਹੇਠਾਂ ਡਿੱਗੀ ਜੀਪ
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਨਿਜ਼ਾਮਪੁਰ, ਡਾਂਗੋਵਾਲ ਅਤੇ ਛਿਬੜਾ ਦੇ ਕਰੀਬ 15 ਤੋਂ ਵੱਧ ਔਰਤਾਂ, ਬੱਚੇ ਤੇ ਮਰਦ ਸ਼ਾਮਲ ਸਨ ਉਹ ਕੱਲ੍ਹ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਮੱਥਾ ਟੇਕਣ ਗਏ ਸਨ। ਇਹ ਸਾਰੇ ਪਰਿਵਾਰਕ ਮੈਂਬਰ ਨਵੀਂ ਮਹਿੰਦਰਾ ਪਿਕਅੱਪ ਜੀਪ ’ਤੇ ਸਵਾਰ ਹੋ ਕੇ ਮੱਥਾ ਟੇਕਣ ਉਪਰੰਤ ਅੱਜ ਜਦੋਂ ਸਵੇਰੇ ਬਾਬਾ ਵਡਭਾਗ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਦਾ ਸੰਤੁਲਨ ਵਿਗੜ ਗਿਆ, ਜੋ ਸੜਕ ਤੋਂ ਕਰੀਬ 30 ਫੁੱਟ ਥੱਲੇ ਨਹਿਰ ਕਿਨਾਰੇ ਜਾ ਡਿੱਗੀ।
ਨਹਿਰ ਰੁੜ੍ਹਿਆ ਬੱਚਾ
ਬੇਸ਼ੱਕ ਦਰੱਖਤਾਂ ਕਾਰਨ ਗੱਡੀ ਨਹਿਰ ਵਿੱਚ ਡਿੱਗਣ ਤੋਂ ਬਚਾਅ ਹੋ ਗਿਆ ਪਰ ਇੱਕ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿਚ ਜਾ ਡਿੱਗਾ ਤੇ ਰੁੜ੍ਹ ਗਿਆ, ਜਦਕਿ ਬਾਕੀ ਸਾਰੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਹਾਦਸੇ ਵਿੱਚ 2 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਔਰਤ ਮਹਿੰਦਰ ਤੇ ਕਰਮਜੀਤ ਕੌਰ ਨੇ ਹਸਪਤਾਲ ਵਿਚ ਇਲਾਜ ਅਧੀਨ ਦਮ ਤੋੜ ਦਿੱਤਾ, ਜੋ ਕਿ ਰਿਸ਼ਤੇ ’ਤੇ ਮਾਂ-ਧੀ ਦੱਸੇ ਜਾ ਰਹੇ ਹਨ। ਚਮਕੌਰ ਸਾਹਿਬ ਹਸਪਤਾਲ ਵਿਚ ਜਖ਼ਮੀ ਹੋਏ 12 ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚੋਂ ਕਾਫ਼ੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੌਕੇ ’ਤੇ ਇਕੱਤਰ ਹੋਏ ਲੋਕਾਂ ਵਲੋਂ ਕਰੇਨ ਮੰਗਵਾ ਕੇ ਗੱਡੀ ਨੂੰ ਬਾਹਰ ਕੱਢਿਆ ਗਿਆ ਅਤੇ ਜਖ਼ਮੀਆਂ ਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਖ਼ਮੀਆਂ ਵਿਚ ਅਮਨਪ੍ਰੀਤ ਕੌਰ ਵਾਸੀ ਸਿਹੋੜਾ, ਸਰੂਪ ਸਿੰਘ ਵਾਸੀ ਚੀਮਾ, ਪ੍ਰਿਤਪਾਲ ਕੌਰ ਵਾਸੀ ਸਿਹੋਡ਼ਾ, ਰੂਪ ਸਿੰਘ ਵਾਸੀ ਲੱਧਡ਼, ਸੰਦੀਪ ਕੌਰ ਵਾਸੀ ਨਿਜ਼ਾਮਪੁਰ, ਪ੍ਰਵੀਨ ਕੌਰ ਵਾਸੀ ਨਿਜ਼ਾਮਪੁਰ, ਬਲਜਿੰਦਰ ਸਿੰਘ ਵਾਸੀ ਸਿਹੋੜਾ, ਸੁਖਵੀਰ ਕੌਰ ਫਲੌਡ, ਗਿਆਨ ਕੌਰ ਵਾਸੀ ਨਿਜ਼ਾਮਪੁਰ, ਮਨਪ੍ਰੀਤ ਕੌਰ ਵਾਸੀ ਡਾਂਗੋ, ਜੀਵਨ ਸਿੰਘ ਵਾਸੀ ਸਿਹੋਡ਼ਾ, ਗੁਰਪ੍ਰੀਤ ਸਿੰਘ ਵਾਸੀ ਨਿਜ਼ਾਮਪੁਰ ਸ਼ਾਮਲ ਹਨ।