ਮਨਪ੍ਰੀਤ ਸਿੰਘ ਬਾਦਲ ਦੀ ਮੌਕਾਪ੍ਰਸਤ ਸਿਆਸਤ ਦਾ ਪਰਦਾਫਾਸ਼ : ਬਾਜਵਾ

By  Pardeep Singh January 19th 2023 08:26 PM

 ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸਿੱਧ ਹੋ ਗਿਆ ਹੈ ਮਨਪ੍ਰੀਤ ਪੂਰੀ ਤਰ੍ਹਾਂ ਸਿਆਸੀ ਮੌਕਾਪ੍ਰਸਤ ਹੈ। 

ਮਨਪ੍ਰੀਤ ਬਾਦਲ ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਦੀ ਮੁੱਢਲੀ ਮੈਂਬਰਸ਼ਿਪ ਛੱਡਣ ਤੋਂ ਬਾਅਦ ਜੇਪੀ ਨੱਡਾ ਅਤੇ ਪੀਯੂਸ਼ ਗੋਇਲ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਸਨ। 

ਬਾਜਵਾ ਨੇ ਕਿਹਾ ਕਿ ਸੱਤ ਸਾਲ ਪਹਿਲਾਂ ਤਕ ਮਨਪ੍ਰੀਤ ਬਾਦਲ ਪੂਰੀ ਤਰ੍ਹਾਂ ਆਵਾਜਾਰ ਤੇ ਉਜੜ ਚੁਕੇ ਸਨ ਪਰ ਕਾੰਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਕਲਾਵੇ ਚ ਲੈਕੇ ਉਸ ਦੀ ਆਨ ਸ਼ਾਨ ਬਹਾਲ ਕੀਤੀ ਅੱਜ ਉਸਨੇ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਨਾਲ-ਨਾਲ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹੈ। 

ਬਾਜਵਾ ਨੇ ਕਿਹਾ ਕਿ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦੀ ਸਿਆਸੀ ਜਥੇਬੰਦੀ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਦਾ ਪੂਰੀ ਤਰ੍ਹਾਂ ਨਾਲ ਸਫਾਇਆ ਹੋ ਗਿਆ ਸੀ ਅਤੇ ਇਹ ਕੁੱਲ ਪੋਲ ਹੋਈਆਂ ਵੋਟਾਂ ਦਾ ਸਿਰਫ਼ 5 ਫ਼ੀਸਦੀ ਹੀ ਹਾਸਲ ਕਰ ਸਕੀ ਸੀ। ਕਾਂਗਰਸ ਲੀਡਰਸ਼ਿਪ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੋਵਾਂ ਨੇ ਬਾਦਲ ਨੂੰ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ ਰਲੇਵਾਂ ਕਰਨ ਦੀ ਇਜਾਜ਼ਤ ਦਿੱਤੀ ਅਤੇ ਬਾਅਦ ਵਿੱਚ ਜਦੋਂ ਪਾਰਟੀ 2017 ਵਿੱਚ ਸੱਤਾ ਵਿੱਚ ਆਈ ਤਾਂ ਉਸ ਨੂੰ ਵਿੱਤ ਮੰਤਰਾਲੇ ਨਾਲ ਨਿਵਾਜਿਆ ਗਿਆ ਜਿਸਦੀ ਉਸਨੇ ਬਹੁਤ ਸਖ਼ਤ ਮੰਗ ਕੀਤੀ ਸੀ।

ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲ ਵਰਗੇ ਸਿਆਸਤਦਾਨਾਂ ਨੇ ਇਹਦੇ ਕੋਲੋਂ ਖਹਿੜਾ ਛੁਡਵਾਇਆ ਸੀ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਤੋਂ ਵੀ ਸਿਰਫ਼ ਇਸ ਲਈ ਵੱਖ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। 

ਬਾਜਵਾ ਨੇ ਕਿਹਾ ਕਿ ਸਿਆਸੀ ਹਲਕਿਆਂ ਵਿਚ ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਮਨਪ੍ਰੀਤ ਬਾਦਲ ਇਕ ਅਜਿਹਾ ਮੌਕਾਪ੍ਰਸਤ ਹੈ, ਜੋ ਕਿਸੇ ਦੀ ਵੀ ਪਿੱਠ 'ਤੇ ਛੁਰਾ ਮਾਰ ਸਕਦਾ ਹੈ। 

ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਮਾੜੇ ਸ਼ਾਸਨ ਲਈ ਇਕ ਵੀ ਸ਼ਬਦ ਨਹੀਂ ਬੋਲਿਆ। ਇਸੇ ਤਰ੍ਹਾਂ ਮਨਪ੍ਰੀਤ ਨੇ ਕਦੇ ਵੀ ਭਾਜਪਾ ਅਤੇ ਆਰਐਸਐਸ ਦੀ ਵਿਚਾਰਧਾਰਾ ਦੀ ਆਲੋਚਨਾ ਕਰਨ ਦੀ ਹਿੰਮਤ ਨਹੀਂ ਕੀਤੀ। 

ਬਾਜਵਾ ਨੇ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਭਾਜਪਾ ਵਿੱਚ ਜਾ ਰਹੇ ਇਸ ਤਰ੍ਹਾਂ ਦੇ ਲੋਕਾਂ ਤੋਂ ਚਿੰਤਤ ਨਹੀਂ ਹੈ। 

ਬਾਜਵਾ ਨੇ ਮਨਪ੍ਰੀਤ ਬਾਦਲ ਨੂੰ ਪੰਜਾਬ ਦੇ ਵਿੱਤ ਮੰਤਰੀ ਹੁੰਦਿਆਂ ਸੂਬੇ ਦੇ ਵਿੱਤ ਦੀ ਦੁਰਵਰਤੋਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ। ਵਿੱਤ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਵੱਖ-ਵੱਖ ਅਦਾਰਿਆਂ ਤੋਂ ਮੋਟੇ ਕਰਜ਼ੇ ਲੈਣੇ ਪਏ, ਜਿਸ ਕਾਰਨ ਸੂਬਾ 2.82 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ। 

ਬਾਜਵਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਕਦੇ ਵੀ ਸੂਬੇ ਦੇ ਵਿੱਤ ਪ੍ਰਬੰਧਨ ਦੀਆਂ ਬਾਰੀਕੀਆਂ ਨੂੰ ਨਹੀਂ ਸਮਝਿਆ। ਬਾਜਵਾ ਨੇ ਕਿਹਾ ਹੈ ਕਿ  ਚੋਰੀ ਕੀਤੇ ਕੁਝ ਉਰਦੂ ਦੇ ਸ਼ੇਅਰ ਬੋਲਣ ਨਾਲ ਗੰਭੀਰ ਵਿੱਤੀ ਸੰਕਟ ਦਾ ਹੱਲ ਨਹੀਂ ਹੁੰਦਾ ਜਿਸ ਨੂੰ ਉਹ ਕਦੇ ਸਮਝ ਨਹੀਂ ਸਕਦਾ ਸੀ।

Related Post