Air Marshal Arjan Singh: ਹੌਸਲੇ, ਹਿੰਮਤ ਤੇ ਦੇਸ਼ਭਗਤੀ ਦੀ ਅਮਰ ਮਿਸਾਲ ਮਾਰਸ਼ਲ ਅਰਜਨ ਸਿੰਘ
ਭਾਰਤੀ ਹਵਾਈ ਫੌਜ ਦੇ ਇਤਿਹਾਸ ਵਿੱਚ ਕੁਝ ਨਾਮ ਸਿਰਫ਼ ਅਹੁਦਿਆਂ ਕਰਕੇ ਨਹੀਂ, ਸਗੋਂ ਆਪਣੀ ਬਹਾਦੁਰੀ, ਦੂਰਦਰਸ਼ੀ ਸੋਚ ਅਤੇ ਦੇਸ਼ ਪ੍ਰਤੀ ਸਮਰਪਣ ਕਰਕੇ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਮਾਰਸ਼ਲ ਆਫ ਦ ਏਅਰ ਫੋਰਸ ਅਰਜਨ ਸਿੰਘ ਵੀ ਅਜਿਹੀ ਹੀ ਇੱਕ ਮਹਾਨ ਸ਼ਖ਼ਸੀਅਤ ਸਨ।
Air Marshal Arjan Singh: ਆਜ਼ਾਦ ਭਾਰਤ ਦੇ ਅਸਮਾਨ ਵਿੱਚ ਪਹਿਲੇ ਫਲਾਈਂਗ ਪਾਸਟ ਦੀ ਅਗਵਾਈ ਤੋਂ ਲੈ ਕੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਏਅਰ ਫੋਰਸ ਦੀ ਅਗਵਾਈ ਕਰਨ ਤੱਕ, ਉਨ੍ਹਾਂ ਦਾ ਜੀਵਨ ਹਿੰਮਤ, ਅਨੁਸ਼ਾਸਨ ਅਤੇ ਦੇਸ਼ ਸੇਵਾ ਦੀ ਪ੍ਰੇਰਣਾਦਾਇਕ ਕਹਾਣੀ ਹੈ।
2002 ਵਿੱਚ ਉਨ੍ਹਾਂ ਨੂੰ ਭਾਰਤੀ ਏਅਰ ਫੋਰਸ ਦਾ ਫਾਈਵ-ਸਟਾਰ ਰੈਂਕ—‘ਮਾਰਸ਼ਲ ਆਫ ਦ ਏਅਰ ਫੋਰਸ’—ਪ੍ਰਦਾਨ ਕੀਤਾ ਗਿਆ। ਅੱਜ ਵੀ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਨਵੀਂ ਪੀੜ੍ਹੀ ਲਈ ਹੌਸਲੇ ਅਤੇ ਦੇਸ਼ਭਗਤੀ ਦੀ ਮਿਸਾਲ ਹੈ।
ਫਾਈਵ-ਸਟਾਰ ਅਫ਼ਸਰ ਅਰਜਨ ਸਿੰਘ ਬਾਰੇ 5 ਦਿਲਚਸਪ ਤੱਥ
19 ਸਾਲ ਦੀ ਉਮਰ ਵਿੱਚ ਅਸਮਾਨ ਨੂੰ ਆਪਣਾ ਮੈਦਾਨ ਬਣਾਇਆ
15 ਅਪ੍ਰੈਲ 1919 ਨੂੰ ਲਾਇਲਪੁਰ (ਪਾਕਿਸਤਾਨ) ਵਿੱਚ ਜੰਮੇ ਅਰਜਨ ਸਿੰਘ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਐਮਪਾਇਰ ਪਾਇਲਟ ਟ੍ਰੇਨਿੰਗ ਕੋਰਸ ਚੁਣਿਆ। ਇਹੀ ਉਹ ਸ਼ੁਰੂਆਤ ਸੀ, ਜਿਸ ਨੇ ਭਾਰਤ ਨੂੰ ਇੱਕ ਮਹਾਨ ਹਵਾਈ ਯੋਧਾ ਦਿੱਤਾ। ਅਰਜਨ ਸਿੰਘ ਨੇ ਸਭ ਤੋਂ ਵੱਡਾ ਨਾਂ 1944 ਦੀ ਬਰਮਾ ਦੀ ਲੜਾਈ ਵਿੱਚ ਬਣਾਇਆ ਜਿੱਥੇ ਉਨ੍ਹਾਂ ਨੂੰ ਲੌਰਡ ਮਾਊਂਟਬੈਟਨ ਨੇ 'ਡਿਸਟਿੰਗੁਇਸ਼ ਫਲਾਈਂਗ ਕਰੌਸ' ਨਾਲ ਸਨਮਾਨਿਤ ਕੀਤਾ ਸੀ। ਡਿਸਟਿੰਗੁਇਸ਼ ਫਲਾਈਂਗ ਕਰੌਸ ਹਵਾਈ ਸੈਨਾ ਦਾ ਬਹੁਤ ਵੱਡਾ ਸਨਮਾਨ ਹੁੰਦਾ ਹੈ।
ਆਜ਼ਾਦ ਭਾਰਤ ਦੇ ਅਸਮਾਨ ਵਿੱਚ ਪਹਿਲੀ ਉਡਾਣ
15 ਅਗਸਤ 1947 ਨੂੰ ਜਦੋਂ ਭਾਰਤ ਆਪਣੀ ਪਹਿਲੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਤਾਂ ਅਰਜਨ ਸਿੰਘ ਨੇ ਆਜ਼ਾਦ ਭਾਰਤ ਦੇ ਅਸਮਾਨ ਵਿੱਚ ਪਹਿਲੇ ਫਲਾਈਂਗ ਪਾਸਟ ਦੀ ਅਗਵਾਈ ਕੀਤੀ। ਇਹ ਪਲ ਉਨ੍ਹਾਂ ਦੇ ਕਰੀਅਰ ਹੀ ਨਹੀਂ ਭਾਰਤੀ ਹਵਾਈ ਇਤਿਹਾਸ ਦਾ ਵੀ ਯਾਦਗਾਰ ਅਧਿਆਇ ਬਣਿਆ।
1965 ਦੀ ਜੰਗ 'ਚ ਅਗਵਾਈ ਨੇ ਇਤਿਹਾਸ ਰਚਿਆ
ਦਿਨ ਸੀ 1 ਅਗਸਤ 1964 ਦਾ ਉਨ੍ਹਾਂ ਨੂੰ ਏਅਰ ਮਾਰਸ਼ਲ ਬਣਾਇਆ ਗਿਆ। ਇਸ ਤੋਂ ਬਾਅਦ 1965 ਦੀ ਭਾਰਤ-ਪਾਕਿਸਤਾਨ ਜੰਗ ਲੱਗ ਗਈ। ਉਸ ਦੌਰਾਨ ਉਨ੍ਹਾਂ ਨੇ ਭਾਰਤੀ ਏਅਰ ਫੋਰਸ ਦੀ ਅਗਵਾਈ ਕੀਤੀ। ਉਨ੍ਹਾਂ ਦਾ ਸ਼ਾਂਤ ਦਿਮਾਗ, ਦ੍ਰਿੜ੍ਹ ਫੈਸਲੇ ਅਤੇ ਹੌਸਲਾ ਭਾਰਤੀ ਹਵਾਈ ਫੌਜ ਲਈ ਮਹੱਤਵਪੂਰਨ ਰਹੇ।
60 ਕਿਸਮ ਦੇ ਜਹਾਜ਼ ਉਡਾ ਕੇ ਬਣਾਇਆ ਅਨੋਖਾ ਰਿਕਾਰਡ
ਅਰਜਨ ਸਿੰਘ ਸਿਰਫ਼ ਇੱਕ ਕਮਾਂਡਰ ਨਹੀਂ, ਖੁਦ ਇੱਕ ਸ਼ਾਨਦਾਰ ਪਾਇਲਟ ਵੀ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ 60 ਵੱਖ-ਵੱਖ ਕਿਸਮਾਂ ਦੇ ਜਹਾਜ਼ ਉਡਾਏ। ਸੇਵਾ ਦੇ ਆਖਰੀ ਦੌਰ ਤੱਕ ਉਨ੍ਹਾਂ ਦਾ ਜਹਾਜ਼ ਉਡਾਉਣ ਦਾ ਜਜ਼ਬਾ ਕਾਇਮ ਰਿਹਾ।
ਸੇਵਾ ਮੁਕਤੀ ਤੋਂ ਬਾਅਦ ਵੀ ਦੇਸ਼ ਦੀ ਸੇਵਾ ਜਾਰੀ ਰਹੀ
1965 ਦੀ ਜੰਗ ਤੋਂ ਬਾਅਦ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਅਗਸਤ 1969 ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਦੇਸ਼ ਸੇਵਾ ਨਹੀਂ ਰੁਕੀ। ਉਹ ਸਵਿਟਜ਼ਰਲੈਂਡ ਵਿੱਚ ਭਾਰਤ ਦੇ ਰਾਜਦੂਤ ਵੀ ਰਹੇ। 2002 ਵਿੱਚ ਭਾਰਤ ਸਰਕਾਰ ਨੇ ਅਰਜਨ ਸਿੰਘ ਨੂੰ ਮਾਰਸ਼ਲ ਆਫ ਦ ਏਅਰ ਫੋਰਸ ਦਾ ਫਾਈਵ-ਸਟਾਰ ਰੈਂਕ ਪ੍ਰਦਾਨ ਕੀਤਾ। ਉਹ ਭਾਰਤੀ ਏਅਰ ਫੋਰਸ ਦੇ ਇਕਲੌਤੇ ਫਾਈਵ-ਸਟਾਰ ਰੈਂਕ ਅਧਿਕਾਰੀ ਬਣੇ।
ਉਮਰ ਸਬੰਧੀ ਸਮੱਸਿਆਵਾਂ ਕਰਕੇ ਕਈ ਵਾਰ ਹਸਪਤਾਲ ਵੀ ਦਾਖਲ ਹੋਏ। ਆਖਰੀ ਸਮੇਂ ਉਨ੍ਹਾਂ ਨੂੰ ਦਿੱਲੀ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 16 ਸਤੰਬਰ 2017 ਨੂੰ ਉਹ ਦੁਨੀਆਂ ਨੂੰ ਅਲਵਿਦਾ ਆਖ ਗਏ।
ਉਨ੍ਹਾਂ ਦੇਹਾਂਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਦੁਨੀਆਂ ਭਰ ਦੀਆਂ ਸ਼ਖਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀ ਜ਼ਿੰਦਗੀ ਇਹ ਸਿਖਾਉਂਦੀ ਹੈ ਕਿ ਹਿੰਮਤ ਨਾਲ ਉਡਾਣ ਭਰਨ ਵਾਲੇ ਲੋਕ ਸਿਰਫ਼ ਅਸਮਾਨ ਨਹੀਂ ਛੂੰਹਦੇ ਉਹ ਇਤਿਹਾਸ ਵੀ ਰਚਦੇ ਹਨ।