ਮਜ਼ਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਕੁੰਡਾ ਖੜਕਾਉਣ ਦਾ ਐਲਾਨ

By  Pardeep Singh November 1st 2022 03:06 PM

ਚੰਡੀਗੜ੍ਹ: ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 30 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਦਾ ਕੁੰਡਾ ਖੜਕਾਇਆ ਜਾਵੇਗਾ। ਇਹ ਫੈਸਲਾ ਅੱਜ  ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਬਣੇ ਮੋਰਚੇ ਦੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ   ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ।

ਆਗੂਆਂ ਨੇ ਦੱਸਿਆ ਕਿ ਆਪ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕਰਨ , ਮੀਟਿੰਗ ਦੇਕੇ ਮੁੱਕਰਨ, ਡੈਪੂਟੇਸ਼ਨ 'ਤੇ ਸੱਦੇ ਸਾਥੀਆਂ ਨੂੰ ਪਿੱਠ ਦਿਖਾਕੇ ਭੱਜ ਜਾਣ ਦੀਆਂ ਕਾਰਵਾਈਆਂ ਨੇ ਮਜ਼ਦੂਰਾਂ ਅੰਦਰ ਤਿੱਖਾ ਰੋਸ ਤੇ ਰੋਹ ਪੈਦਾ ਕਰ ਦਿੱਤਾ ਹੈ।

ਉਲੀਕੇ ਪ੍ਰੋਗਰਾਮ ਦੀ ਵਾਜਵੀਅਤ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ 12 ਤੋਂ 14 ਸਤੰਬਰ ਨੂੰ ਮਜ਼ਦੂਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਨ,ਦਿਹਾੜੀ 700 ਰੁਪਏ ਦੇਣ , ਪੰਚਾਇਤੀ ਜਮੀਨਾਂ ਦੇ ਤੀਜੇ ਹਿੱਸੇ ਦੀ ਜ਼ਮੀਨ ਦੀ ਡੰਮੀ ਬੋਲੀ ਰੋਕਣ ਦਾ ਪੱਕਾ ਪ੍ਰਬੰਧ ਕਰਕੇ ਮਜ਼ਦੂਰਾਂ ਨੂੰ ਦੇਣਾ ਯਕੀਨੀ ਬਣਾਉਣ , ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਚੜੇ ਮਾਈਕਰੋ ਫਾਈਨਾਸ ਕੰਪਨੀਆਂ ਦੇ ਸਾਰੇ ਕਰਜੇ ਮਾਫ ਕਰਨ, ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ 5000 ਹਜ਼ਾਰ ਦੇਣ ਤੇ ਉਮਰ ਦੀ ਹੱਦ ਘੱਟ ਕਰਨ, ਮਜ਼ਦੂਰਾਂ ਨੂੰ ਨਰਮੇ ਦਾ ਮੁਆਵਜਾ ਦੇਣ ਤੇ ਸੰਘਰਸ਼ਾਂ ਦੌਰਾਨ ਮਜ਼ਦੂਰਾਂ ਕਿਸਾਨਾਂ 'ਤੇ ਪਏ ਕੇਸ ਰੱਦ ਕਰਨ ਆਦਿ ਮੰਗਾਂ ਸੰਬੰਧੀ ਵਿਸ਼ਾਲ ਮੋਰਚਾ ਲਾਇਆ ਗਿਆ ਸੀ। ਇਸ ਮੋਰਚੇ ਦੌਰਾਨ ਵਿੱਤ ਮੰਤਰੀ ਤੇ ਮੁੱਖ ਮੰਤਰੀ ਨਾਲ ਮੀਟਿੰਗਾਂ ਤਹਿ ਹੋਈਆਂ ਸਨ। ਜਿਨਾਂ ਵਿੱਚੋਂ ਸਿਰਫ਼ ਵਿੱਤ ਮੰਤਰੀ ਨਾਲ ਮੀਟਿੰਗ ਹੋਈ,ਜਿਸ ਵਿੱਚ ਵੀ ਮੰਨੀਆਂ ਮੰਗਾਂ 'ਤੇ ਅਮਲ ਨਹੀਂ ਹੋਇਆ ਪਰ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਸਿਰਫ਼ ਭੱਜਿਆ ਹੀ ਨਹੀਂ  ਸਗੋਂ ਪਿੰਡਾਂ ਵਿੱਚ ਮਿਲਣ ਗਏ ਜੱਥੇਬੰਦੀਆਂ ਦੇ ਡੈਪੂਟੇਸ਼ਨ ਨੂੰ ਜਾਣ ਬੁੱਝਕੇ ਮਿਲਣ ਤੋਂ ਕਿਨਾਰਾ ਕਰ ਰਿਹਾ ਹੈ । ਉਨਾਂ ਸਰਕਾਰ 'ਤੇ ਦੋਸ਼ ਲਾਉਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਦਾ ਕਿਰਦਾਰ ਤੇ ਵਿਹਾਰ ਪਹਿਲਾਂ ਬਣੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਰਗਾ ਹੀ ਮਜ਼ਦੂਰ ਵਿਰੋਧੀ ਸਾਹਮਣੇ ਆ ਰਿਹਾ ਹੈ। ਉਨਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਕੇ ਮਜ਼ਦੂਰ ਮੰਗਾਂ ਦਾ ਤਸੱਲੀਬਖ਼ਸ਼ ਨਿਪਟਾਰਾ ਨਾ ਕੀਤਾ ਤਾਂ ਮਜ਼ਦੂਰ ਕੋਠੀ ਦਾ ਕੁੰਡਾ ਖੜਕਾਉਣ ਲਈ ਮਜ਼ਬੂਰ ਹੋਣਗੇ । ਉਨਾਂ ਮਜ਼ਦੂਰਾਂ ਨੂੰ  30 ਨਵੰਬਰ ਨੂੰ ਪਰਿਵਾਰਾਂ ਸਮੇਤ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ ਹੈ।

ਮੀਟਿੰਗ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਦਾਉਦ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਮੱਖਣ ਸਿੰਘ ਰਾਮਗੜ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ,ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਗੁਲਜ਼ਾਰ ਗੌਰੀਆ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ(ਪੰਜਾਬ)ਦੇ ਸੂਬਾ ਆਗੂ ਮਹਿੰਦਰ ਰਾਮ ਫੁਗਲਾਣਾ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੋਂ ਇਲਾਵਾ ਦੇਵੀ ਕੁਮਾਰੀ,ਹਰਮੇਸ਼ ਮਾਲੜੀ ਅਤੇ ਦਰਸ਼ਨ ਨਾਹਰ ਆਦਿ ਆਗੂ ਸ਼ਾਮਲ ਹੋਏ।

ਇਹ ਵੀ ਪੜ੍ਹੋ: CM ਮਾਨ ਦੇ ਜਗਰਾਓ ਪੁੱਜਣ 'ਤੇ ਸਾਬਕਾ ਫ਼ੌਜੀਆ ਨੇ ਕਾਲੀਆਂ ਝੰਡੀਆ ਦਿਖਾ ਕੇ ਕੀਤਾ ਰੋਸ ਪ੍ਰਦਰਸ਼ਨ

Related Post