Attempt to rape : ਕੁਰਕੁਰੇ ਦਾ ਲਾਲਚ ਦੇ ਕੇ 7 ਸਾਲਾ ਮਾਸੂਮ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼, ਵਿਰੋਧ ਕਰਨ ਤੇ ਉਤਾਰਿਆ ਮੌਤ ਦੇ ਘਾਟ
ਵਾਰਦਾਤ ਸਮੇਂ ਨਸ਼ੇ ਦੀ ਹਾਲਤ 'ਚ ਸੀ ਮੁਲਜ਼ਮ
Migrant man allegedly tried to rape a 7 year old girl : ਰੋਪੜ ਦੇ ਨਜਦੀਕੀ ਪਿੰਡ ਨਾਨਕਪੁਰਾ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਵਿਅਕਤੀ ਨੇ 7 ਸਾਲਾ ਬੱਚੀ ਦੇ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪ੍ਰਵਾਸੀ ਵਿਅਕਤੀ ਦੀ ਪਹਿਚਾਣ ਅਜੈ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ।
ਮੁਲਜ਼ਮ ਨੇ 7 ਸਾਲਾ ਬੱਚੀ ਨੂੰ 10 ਰੁਪਏ ਦੇ ਕੁਰਕੁਰਿਆਂ ਦਾ ਪੈਕੇਟ ਦੇ ਕੇ ਬਹਿਲਾ ਫੁਸਲਾ ਲਿਆ ਅਤੇ ਉਸਨੂੰ ਪਿੰਡ ਦੇ ਨੇੜੇ ਜੰਗਲ ਵਿੱਚ ਲੈ ਗਿਆ। ਮੁਲਜ਼ਮ ਨੇ ਬੱਚੀ ਨੂੰ ਦਰਖਤ ਨਾਲ ਬੰਨ ਦਿੱਤਾ। ਉਸਨੇ ਮਾਸੂਮ ਬੱਚੀ ਦੀਆਂ ਬਾਹਾਂ ਬੰਨ ਕੇ ਉਸ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਬੱਚੀ ਨੇ ਉਸਦਾ ਵਿਰੋਧ ਕੀਤਾ ਅਤੇ ਸ਼ੋਰ ਮਚਾਇਆ ਤਾਂ ਅਜੈ ਕੁਮਾਰ ਨੇ ਉਸਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਪਾਣੀ ਵਿੱਚ ਸੁੱਟ ਦਿੱਤਾ। ਮੁਲਜ਼ਮ ਅਜੈ ਕੁਮਾਰ ਨੇ ਇਹ ਸਭ ਕੁਝ ਨਸ਼ੇ ਦੀ ਹਾਲਤ ਵਿੱਚ ਕੀਤਾ ਅਤੇ ਹੁਣ ਆਪਣੀ ਗਲਤੀ ਵੀ ਕਬੂਲ ਰਿਹਾ ਹੈ। ਉਸਨੇ ਸ਼ਰਾਬ ਦੇ ਨਸ਼ੇ ਵਿੱਚ ਇਸ ਘਿਨੌਣੇ ਅਪਰਾਧ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ :
Mansa : ਪਰਵਿੰਦਰ ਸਿੰਘ ਝੋਟਾ ਕਤਲ ਕੇਸ; ਕੈਮਿਸਟਾਂ ਨੇ ਵਾਪਸ ਭੇਜਿਆ ਸਟਾਕ, ਮਰੀਜ਼ ਹੋ ਰਹੇ ਖੱਜਲ
ਰੋਪੜ ਪੁਲਿਸ ਵਲੋਂ 10 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਪੁਲਿਸ ਨੇ ਦੋਸ਼ੀ ਅਜੈ ਕੁਮਾਰ ਨੂੰ ਕਾਬੂ ਕਰ ਲਿਆ ਹੈ।ਪੁਲਿਸ ਵੱਲੋਂ ਦੋਸ਼ੀ ਅਜੈ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ 7 ਸਾਲਾ ਬੱਚੀ ਦੇ ਸਰੀਰ 'ਤੇ ਜਖਮਾਂ ਦੇ ਨਿਸ਼ਾਨ ਸਨ ਜਿਸ ਤੋਂ ਪਤਾ ਚਲ ਰਿਹਾ ਸੀ ਕਿ ਉਕਤ 7 ਸਾਲਾ ਬੱਚੀ ਨਾਲ ਬਹੁਤ ਜ਼ੋਰ ਜਬਰਦਸਤੀ ਕੀਤੀ ਗਈ ਅਤੇ ਬਾਅਦ ਉਸ ਬੱਚੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਬੱਚੀ ਦੀ ਲਾਸ਼ ਦਰਖਤ ਨਾਲ ਬੰਨੀ ਹੋਈ ਮਿਲੀ। ਪੁਲਿਸ ਵੱਲੋਂ ਮ੍ਰਿਤਕ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ SP ਰੋਪੜ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਬੀਤੇ ਕੱਲ੍ਹ 22-11-2026 ਨੂੰ ਨਾਨਕਪੁਰਾ ਪਿੰਡ ਜੋ ਕਿ ਥਾਣਾ ਸਿਟੀ ਰੂਪਨਗਰ ਅਧੀਨ ਆਉਂਦਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਇੱਕ ਪਰਵਾਸੀ ਮਜਦੂਰ ਪਰਿਵਾਰ ਦੀ ਇੱਕ 7 ਸਾਲ ਦੀ ਬੱਚੀ ਜੋ ਕਿ ਕੱਲ੍ਹ ਸ਼ਾਮ ਨੂੰ ਘਰੋਂ ਨਿਕਲੀ , ਪਰ ਮੁੜ ਕੇ ਘਰ ਵਾਪਿਸ ਨਹੀਂ ਆਈ। ਸੂਚਨਾ ਮਿਲਣ 'ਤੇ ਥਾਣਾ ਸਿਟੀ ਰੂਪਨਗਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ SHO ਸਿਟੀ ਰੂਪਨਗਰ ਅਤੇ DSP ਰੂਪਨਗਰ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ , ਜਿਸ ਤੋਂ ਬਾਅਦ ਬੱਚੀ ਦੀ ਭਾਲ ਤੇਜ਼ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੋਈ ਵਿਅਕਤੀ ਉਕਤ ਬੱਚੀ ਨੂੰ ਬਹਿਲਾ ਫੁਸਲਾ ਕੇ ਜੰਗਲ ਵੱਲ ਲੈ ਗਿਆ ਸੀ। ਪੁਲਿਸ ਨੂੰ ਮਿਲੀ ਸੂਚਨਾ ਦੇ ਅਧਾਰ 'ਤੇ ਮੁਲਜ਼ਮ ਦੀ ਜੋ ਰੂਪ ਰੇਖਾ ਦੱਸੀ ਗਈ ਸੀ, ਉਸਦੇ ਆਧਾਰ 'ਤੇ ਦੋਸ਼ੀ ਦੀ ਭਾਲ ਕੀਤੀ ਗਈ। ਮੁਲਜ਼ਮ ਨੂੰ ਪੁਲਿਸ ਵਲੋਂ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਤੋਂ ਵੇਲੇ ਉਹ ਨਸ਼ੇ ਦੀ ਹਾਲਤ 'ਚ ਸੀ। ਪੁਲਿਸ ਨੇ ਸਵੇਰ ਵੇਲੇ ਜੰਗਲ 'ਚੋਂ ਨਿਕਲਣ ਵਾਲੇ ਇੱਕ ਸੂਏ 'ਚੋਂ ਬੱਚੀ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ। ਬੱਚੀ ਦੀ ਹਾਲਤ ਦੇਖ ਪੁਲਿਸ ਨੇ ਮੌਕੇ 'ਤੇ ਹੀ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਸੱਦਿਆ, ਫੋਰੈਂਸਿਕ ਮਾਹਿਰਾਂ ਵਲੋਂ ਵਾਰਦਾਤ ਵਾਲੀ ਥਾਂ ਤੋਂ ਜਾਂਚ ਲਈ ਨਮੂਨੇ ਇਕੱਠੇ ਕਰ ਕੇ ਮ੍ਰਿਤਕ ਦੇਹ ਨੂੰ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ।
ਇਸ ਮਾਮਲੇ ਬਾਰੇ ਹੋਰ ਜਾਣਕਾਰੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਪੁਲਿਸ ਅਨੁਸਾਰ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਘਟਨਾ ਸਥਾਨ ਤੋਂ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਉਣਗੇ ਉਸ ਬਾਰੇ ਸੂਚਨਾ ਦੇ ਦਿੱਤੀ ਜਾਵੇਗੀ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸਦੇ ਅਪਰਾਧਿਕ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਮੁਲਜ਼ਮ ਸ਼ਰਾਬ ਦੇ ਨਸ਼ੇ 'ਚ ਸੀ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਲੈ ਕੇ ਅਗਲੇਰੀ ਕਾਰਵਾਈ ਨੇਪਰੇ ਚੜ੍ਹਾਈ ਜਾਵੇਗੀ।