ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ; ਵੇਖੋ ਲਾਈਵ

By  Jasmeet Singh October 28th 2023 01:14 PM -- Updated: October 28th 2023 03:28 PM

ਅੰਮ੍ਰਿਤਸਰ: ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਨਿਭਾਈ। 


ਪੁਲਿਸ ਬੈਂਡ ਅਤੇ ਗਤਕਾ ਪਾਰਟੀਆਂ ਨੇ ਵੀ ਕੀਤੀ ਸ਼ਮੂਲੀਅਤ
ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਚੌਥੇ ਪਾਤਸ਼ਾਹ ਜੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਸਤਿਕਾਰ ’ਚ ਪੁਲਿਸ ਬੈਂਡ  ਅਤੇ ਗਤਕਾ ਪਾਰਟੀਆਂ ਨੇ ਵੀ ਸ਼ਮੂਲੀਅਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਦੇ ਨੁਮਾਇੰਦੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਅਤੇ ਮੁਲਾਜ਼ਮ ਵੀ ਮੌਜੂਦ ਸਨ।  




ਸ਼ਹਿਰ ਦੇ ਇਤਿਹਾਸਿਕ ਦਰਵਾਜਿਆਂ ਤੋਂ ਹੁੰਦਾ ਹੋਇਆ ਜਾਵੇਗਾ ਨਗਰ ਕੀਰਤਨ 
ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਪੁਰਾਤਨ ਸ਼ਹਿਰ ਦੇ ਸਾਰੇ 12 ਇਤਿਹਾਸਿਕ ਦਰਵਾਜਿਆਂ ਦੇ ਬਾਹਰਵਾਰ ਹੁੰਦਾ ਹੋਇਆ 8 ਕਿੱਲੋਮੀਟਰ ਦੇ ਕਰੀਬ ਪੈਂਡਾ ਤੈਅ ਕਰਦਾ ਹੋਇਆ, ਦੇਰ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸੰਪਨ ਹੋਵੇਗਾ। ਨਗਰ ਕੀਰਤਨ ਦੌਰਾਨ  ਅਨੇਕਾਂ ਪੰਥਕ ਸਖਸ਼ੀਅਤਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਅਤੇ ਗੁਰੂ ਜਸ ਗਾਇਨ ਕਰਦਿਆਂ ਸੰਗਤਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ। 



ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਬਣੇ ਸਵਾਗਤੀ ਗੇਟ ਖੂਬਸੂਰਤ ਦ੍ਰਿਸ਼ ਪੇਸ਼ ਕਰ ਰਹੇ ਸਨ। ਇਤਿਹਾਸਕ 12 ਦਰਵਾਜ਼ਿਆਂ ਨੂੰ ਵੀ ਸਜਾਇਆ ਗਿਆ। ਵੱਖ-ਵੱਖ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਕਤਾਰਾਂ ਬਣਾ ਕੇ ਸੜਕਾਂ ਦੇ ਦੋਨੋਂ ਪਾਸੇ ਖੜੀਆਂ ਨਜ਼ਰ ਆਈਆਂ। 
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਪੀਲੀਆਂ ਦਸਤਾਰਾਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਿਖੀਆਂ ਪੱਟੀਆਂ ਸਜ਼ਾ ਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਰਸਤੇ ਨੂੰ ਚਾਰ ਪੜਾਵਾਂ ’ਚ ਵੰਡ ਕੇ ਲੰਗਰ ਅਤੇ ਜਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਨਗਰ ਕੀਰਤਨ ਵਿਚ ਵੱਖ-ਵੱਖ ਸੂਬਿਆਂ ਤੋਂ ਪੁੱਜੀ ਸੰਗਤ ਨੇ ਸ਼ਮੂਲੀਅਤ ਕੀਤੀ।

ਇਸ ਦੇ ਨਾਲ ਹੀ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਰਾਮਦਾਸ ਅੰਮ੍ਰਿਤ ਸਰੋਵਰ ਉੱਤੇ ਖਾਸ ਤੌਰ 'ਤੇ ਬੁੱਕ ਕਰਵਾਏ ਗਏ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਗੁਲਾਬ ਦੀਆਂ ਪੰਖੁੜੀਆਂ ਦੀ ਵਰਖਾ ਕਰਵਾਈ ਗਈ, ਜਿਸ ਦਾ ਅਲੌਕਿਕ ਨਜ਼ਾਰਾ ਵੇਖਦਿਆਂ ਹੀ ਬਣਦਾ ਸੀ।   






'ਅੰਮ੍ਰਿਤਸਰ ਸ਼ਹਿਰ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ'
ਗਿਆਨੀ ਰਘਬੀਰ ਸਿੰਘ ਨੇ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਮਨੁੱਖਤਾ ਨੂੰ ਅਗਵਾਈ ਦੇਣ ਵਾਲਾ ਹੈ। ਗੁਰੂ ਸਾਹਿਬ ਵੱਲੋਂ ਵਸਾਇਆ ਅੰਮ੍ਰਿਤਸਰ ਸ਼ਹਿਰ ਅੱਜ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਹੈ, ਕਿਉਂਕਿ ਇਥੇ ਸਥਿਤ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੋਭਾ ਲਾਸਾਨੀ ਹੈ। ਉਨ੍ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕਰਦਿਆਂ ਸਿੱਖੀ ਦੀ ਚੜ੍ਹਦੀਕਲਾ ਲਈ ਕਾਰਜਸ਼ੀਲ ਰਹਿਣ ਲਈ ਕਿਹਾ ਹੈ।

ਦੇਸੀ ਤੇ ਵਿਦੇਸ਼ੀ ਫੁੱਲਾਂ ਦੀ ਸਜਾਵਟ

ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਤਰਾਂ-ਤਰਾਂ ਦੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਪਿਛਲੇ 15 ਸਾਲ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੰਬਈ ਦੀ ਸੰਗਤ ਵੱਲੋਂ ਗੁਰੂ ਘਰ ਦੇ ਅੰਨਨ ਸੇਵਕ ਇਕਬਾਲ ਸਿੰਘ ਦੀ ਅਗਵਾਈ ਹੇਠ ਫੁੱਲਾਂ ਦੀ ਸਜਾਵਟ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਵੀ ਮੁੰਬਈ ਤੋਂ 100 ਦੇ ਕਰੀਬ ਸ਼ਰਧਾਲੂ ਅਤੇ ਕਲਕੱਤਾ, ਦਿੱਲੀ ਤੋਂ 100 ਤੋਂ ਵੱਧ ਕਾਰੀਗਰ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਹਨ। 




ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਪਰਿਕਰਮਾ, ਸਾਰੇ ਪ੍ਰਵੇਸ਼ ਦੁਆਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਮਲੇਸ਼ੀਆ, ਸਿੰਗਾਪੁਰ, ਬੈੰਕਾਕ ਦੇ ਨਾਲ ਨਾਲ ਕਲਕੱਤਾ, ਪੁਣੇ, ਬੰਗਲੌਰ ਸਮੇਤ ਵੱਖ ਵੱਖ ਸਥਾਨਾਂ ਤੋਂ ਆਰਚਿਡ, ਰੋਜ਼, ਕਾਰਨਿਸ਼ਨ, ਗੈਂਡਾ, ਲੀਲੀ, ਗੁਲਸ਼ੀਰੀਂ ਆਦਿ ਅਨੇਕਾਂ ਕਿਸਮਾਂ ਦੇ 20 ਟਨ ਦੇ ਕਰੀਬ ਫੁੱਲਾਂ ਨਾਲ ਸਜਾਉਣ ਦੀ ਸੇਵਾ ਆਰੰਭ ਕੀਤੀ ਗਈ ਹੈ। 

ਮੁੰਬਈ ਨਿਵਾਸੀ ਇਕਬਾਲ ਸਿੰਘ

ਇਹ ਫੁੱਲ ਵਿਸ਼ੇਸ਼ ਤੋਂ ਹਵਾਈ ਜਹਾਜ਼ ਅਤੇ ਦੇਸ਼ 'ਚ ਰੈਫਰਿਜੇਸ਼ਨ ਵਾਲੀਆਂ ਗੱਡੀਆਂ ਰਾਹੀਂ ਲਿਆਂਦੇ ਗਏ ਹਨ ਅਤੇ ਫੁੱਲਾਂ ਨਾਲ ਸਜਾਵਟ ਦੀ ਇਹ ਸੇਵਾ 29 ਅਕਤੂਬਰ ਰਾਤ ਤੱਕ ਸੰਪਨ ਹੋ ਜਾਵੇਗੀ। ਜਿਸ ਮਗਰੋਂ ਸੰਗਤਾਂ ਨੂੰ ਫੁੱਲਾਂ ਨਾਲ ਮਹਿਕਦੇ ਸ੍ਰੀ ਦਰਬਾਰ ਸਾਹਿਬ ਦਾ ਵਿਲਖਣ ਨਜ਼ਾਰਾ ਦੇਖਣ ਨੂੰ ਮਿਲੇਗਾ। 

ਪਿਛਲੇ 15 ਸਾਲ ਤੋਂ ਇਹ ਫੁੱਲਾਂ ਦੀ ਸਜਾਵਟ ਦੀ ਸੇਵਾ ਕਰ ਰਹੇ ਮੁੰਬਈ ਨਿਵਾਸੀ ਇਕਬਾਲ ਸਿੰਘ ਆਪਣੇ ਆਪ ਨੂੰ ਬਹੁਤ ਵਡਭਾਗਾ ਮੰਨਦੇ ਹਨ ਕਿ ਗੁਰੂ ਰਾਮਦਾਸ ਜੀ ਕਿਰਪਾ ਸਦਕਾ ਇਹ ਸੇਵਾ ਉਨ੍ਹਾਂ ਦੇ ਭਾਗਾਂ 'ਚ ਆਈ ਹੈ। 


ਇਹ ਖ਼ਬਰਾਂ ਵੀ ਪੜ੍ਹੋ:

Related Post