Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੀ ਨੀਤੀ ਨੇ ਕਰੀਬ ਚਾਲੀ ਸਾਲ ਦੀ ਉਮਰ ਚ ਜਿਤਿਆ ਗੋਲਡ ਮੈਡਲ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨੀਤੀ ਨੇ ਅੰਤਰਰਾਸ਼ਟਰੀ ਮੰਚ ’ਤੇ ਦੇਸ਼ ਦਾ ਮਾਣ ਵਧਾਉਂਦੇ ਹੋਏ ਏਸ਼ੀਆ ਕੱਪ ਵਿੱਚ ਗੋਲਡ ਮੈਡਲ ਜਿੱਤ ਕੇ ਵਾਪਸੀ ਕੀਤੀ ਹੈ। ਇਹ ਮੁਕਾਬਲੇ 23 ਨਵੰਬਰ ਤੋਂ 30 ਨਵੰਬਰ ਤੱਕ ਹਾਂਗਕਾਂਗ ਵਿੱਚ ਹੋਏ, ਜਿੱਥੇ ਹਾਂਗਕਾਂਗ, ਸਿੰਗਾਪੁਰ, ਨਿਊਜ਼ੀਲੈਂਡ ਅਤੇ ਥਾਈਲੈਂਡ ਵਰਗੀਆਂ ਮਜ਼ਬੂਤ ਟੀਮਾਂ ਨੇ ਭਾਗ ਲਿਆ। ਇਹ ਸਾਰੇ ਮੁਕਾਬਲੇ ਜਿੱਤਦਿਆਂ ਆਖਰੀ ਮੁਕਾਬਲਾ ਇੰਡੀਆ ਹਾਕੀ ਟੀਮ(ਲੜਕੀਆਂ) ਦਾ ਹਾਂਗਕਾਂਗ ਨਾਲ ਟੱਕਰ ਵਿੱਚ ਹੋਇਆ, ਜਿਸ ਵਿੱਚ ਨੀਤੀ ਤੇ ਹਾਕੀ ਟੀਮ ਨੇ ਬੇਮਿਸਾਲ ਖੇਡ ਦਿਖਾਉਂਦਿਆਂ ਗੋਲਡ ਮੈਡਲ ਨੂੰ ਆਪਣੇ ਨਾਮ ਕੀਤਾ

By  Shanker Badra December 3rd 2025 04:46 PM

Sri Muktsar Sahib News :  ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨੀਤੀ ਨੇ ਅੰਤਰਰਾਸ਼ਟਰੀ ਮੰਚ ’ਤੇ ਦੇਸ਼ ਦਾ ਮਾਣ ਵਧਾਉਂਦੇ ਹੋਏ ਏਸ਼ੀਆ ਕੱਪ ਵਿੱਚ ਗੋਲਡ ਮੈਡਲ ਜਿੱਤ ਕੇ ਵਾਪਸੀ ਕੀਤੀ ਹੈ। ਇਹ ਮੁਕਾਬਲੇ 23 ਨਵੰਬਰ ਤੋਂ 30 ਨਵੰਬਰ ਤੱਕ ਹਾਂਗਕਾਂਗ ਵਿੱਚ ਹੋਏ, ਜਿੱਥੇ ਹਾਂਗਕਾਂਗ, ਸਿੰਗਾਪੁਰ, ਨਿਊਜ਼ੀਲੈਂਡ ਅਤੇ ਥਾਈਲੈਂਡ ਵਰਗੀਆਂ ਮਜ਼ਬੂਤ ਟੀਮਾਂ ਨੇ ਭਾਗ ਲਿਆ। ਇਹ ਸਾਰੇ ਮੁਕਾਬਲੇ ਜਿੱਤਦਿਆਂ ਆਖਰੀ ਮੁਕਾਬਲਾ ਇੰਡੀਆ ਹਾਕੀ ਟੀਮ(ਲੜਕੀਆਂ) ਦਾ ਹਾਂਗਕਾਂਗ ਨਾਲ ਟੱਕਰ ਵਿੱਚ ਹੋਇਆ, ਜਿਸ ਵਿੱਚ ਨੀਤੀ ਤੇ ਹਾਕੀ ਟੀਮ ਨੇ ਬੇਮਿਸਾਲ ਖੇਡ ਦਿਖਾਉਂਦਿਆਂ ਗੋਲਡ ਮੈਡਲ ਨੂੰ ਆਪਣੇ ਨਾਮ ਕੀਤਾ।

ਨੀਤੀ ਦੱਸਦੀ ਹੈ ਕਿ ਦੇਸ਼ ਦੀ ਜਰਸੀ ਪਾਉਣਾ ਉਸਦੇ ਲਈ ਇੱਕ ਅਜਿਹਾ ਸੁਪਨਾ ਸੀ ,ਜੋ ਉਸਨੇ ਆਪਣੇ ਮਨ ਵਿੱਚ ਬਚਪਨ ਤੋਂ ਸਾਂਭਿਆ ਹੋਇਆ ਸੀ। ਦੱਸ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਪੰਜਾਬ ਦੀ ਜਰਸੀ ਪਾਉਣ ਵਾਲੀ ਨੀਤੀ ਨੂੰ ਕਦੇ ਵੀ ਇਹ ਉਮੀਦ ਨਹੀਂ ਸੀ ਕਿ ਦੇਸ਼ ਦਾ ਤਿਰੰਗਾ ਪਾਉਣ ਵਿੱਚ ਇੰਨਾ ਸਮਾਂ ਲੱਗ ਜਾਵੇਗਾ। ਉਹ ਕਹਿੰਦੀ ਹੈ ਕਿ ਕਈ ਵਾਰ ਮਿਹਨਤ ਦੇ ਬਾਵਜੂਦ ਮੌਕੇ ਨਹੀਂ ਮਿਲੇ, ਕਈ ਵਾਰ ਹਾਲਾਤ ਰੁਕਾਵਟ ਬਣੇ, ਪਰ ਮਨ ਦੀ ਹਿੰਮਤ ਕਦੇ ਨਹੀਂ ਟੁੱਟੀ।

ਨੀਤੀ ਦੱਸਦੀ ਹੈ ਕਿ ਉਸਦੀ ਮਾਂ ਨੇ ਕਦੇ ਉਸਦਾ ਸਾਥ ਨਹੀਂ ਛੱਡਿਆ, ਜਦੋਂਕਿ ਉਸਦੇ ਪਿਤਾ ਹਾਕੀ ਖੇਡਣ ਦੇ ਖਿਲਾਫ਼ ਸਨ। ਬਟਾਲੇ ਵਿੱਚ ਸੰਤੋਖ ਸਿੰਘ ਸਰ ਦੀ ਸਿਖਲਾਈ ਅਤੇ ਬਾਅਦ ਵਿੱਚ ਤਲਵਾੜੇ ਵਿੱਚ ਜੱਗੀ ਮੈਡਮ ਦੀ ਰਹਿਨੁਮਾਈ ਨੇ ਉਸਦੇ ਖੇਡ ਜੀਵਨ ਨੂੰ ਮਜ਼ਬੂਤ ਬੁਨਿਆਦ ਦਿੱਤੀ। ਅੰਡਰ-ਚੌਦਾਂ ਤੋਂ ਲੈ ਕੇ ਸੀਨੀਅਰ ਪੱਧਰ ਤੱਕ ਨੈਸ਼ਨਲ ਮੁਕਾਬਲੇ ਖੇਡਦਿਆਂ ਖੇਡਦਿਆਂ ਉਹ ਅੱਜ ਇਸ ਪੱਧਰ ਤੱਕ ਪਹੁੰਚੀ ਹੈ।

ਨੀਤੀ ਕਹਿੰਦੀ ਹੈ ਕਿ ਫਾਈਨਲ ਮੁਕਾਬਲੇ ਤੋਂ ਬਾਅਦ ਜਦੋਂ ਉਸਨੇ ਆਪਣੀ ਮਾਂ ਨੂੰ ਕਿਹਾ ਕਿ “ਮਾਂ, ਅਸੀਂ ਗੋਲਡ ਮੈਡਲ ਜਿੱਤ ਲਿਆ ਹੈ” ਤਾਂ ਮਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ। ਮਾਂ ਨੇ ਕਿਹਾ ਕਿ ਇਹ ਉਹ ਮੌਕਾ ਸੀ ,ਜਿਸ ਦੀ ਉਹ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ।

ਅੱਜ ਨੀਤੀ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਵਿਭਾਗ ਵਿੱਚ ਕੋਚ ਵਜੋਂ ਸੇਵਾ ਦੇ ਰਹੀ ਹੈ। ਗੁਰੂ ਨਾਨਕ ਕਾਲਜ ਵਿੱਚ ਉਸਦਾ ਕੇਂਦਰ ਚੱਲਦਾ ਹੈ, ਜਿੱਥੇ 70 ਤੋਂ 80 ਬੱਚੇ ਉਸ ਤੋਂ ਰੋਜ਼ਾਨਾ ਸਿਖਲਾਈ ਲੈਂਦੇ ਹਨ। ਸਵੇਰੇ 6 ਵਜੇ ਤੋਂ ਅੱਠ ਸਾਢੇ ਅੱਠ ਤੱਕ ਆਪਣੀ ਸਿਖਲਾਈ, ਦੁਪਹਿਰ ਨੌਕਰੀ, ਸ਼ਾਮ ਤੱਕ ਬੱਚਿਆਂ ਨੂੰ ਸਿਖਲਾਈ ਅਤੇ ਫਿਰ ਘਰ ਦੀ ਜ਼ਿੰਮੇਵਾਰੀ ,ਇਹ ਸਾਰੀ ਦੌੜਭੱਜ ਉਸਦੀ ਹਿੰਮਤ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।

ਨੀਤੀ ਦੇ ਸਿਖਲਾਈ ਪ੍ਰਾਪਤ ਬੱਚੇ ਰਾਜ ਪੱਧਰ ਤੋਂ ਲੈ ਕੇ ਦੇਸ਼ ਦੇ ਸ਼ਿਵਿਰਾਂ ਤੱਕ ਪਹੁੰਚ ਚੁੱਕੇ ਹਨ। ਉਸਦਾ ਸੁਪਨਾ ਹੁਣ ਅੱਗੇ ਵਿਸ਼ਵ ਕੱਪ ਵਿੱਚ ਭਾਗ ਲੈਣ ਦਾ ਹੈ। ਉਹ ਕਹਿੰਦੀ ਹੈ ਕਿ ਜੇ ਮਿਹਨਤ ਅਤੇ ਵਿਸ਼ਵਾਸ ਹੋਵੇ ਤਾਂ ਕੋਈ ਵੀ ਉਮਰ ਵੱਡੀ ਨਹੀਂ ਹੁੰਦੀ, ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਨੀਤੀ ਦਾ ਸੁਨੇਹਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਣ, ਤਾਂ ਬੱਚੇ ਨਾ ਗਲਤ ਰਸਤੇ ਵੱਲ ਜਾਣਗੇ ਤੇ ਨਾ ਹੀ ਨਸ਼ਿਆਂ ਦੀ ਲਪੇਟ ਵਿੱਚ ਆਉਣਗੇ। ਲੜਕੀਆਂ ਨੂੰ ਸੰਦੇਸ਼ ਦਿੰਦਿਆਂ ਉਹ ਕਹਿੰਦੀ ਹੈ ਕਿ ਹਿੰਮਤ ਨਾ ਛੱਡੋ—ਕਿਉਂਕਿ ਜੇ ਚਾਲੀ ਸਾਲ ਦੀ ਉਮਰ ਵਿੱਚ ਉਹ ਗੋਲਡ ਮੈਡਲ ਦੇਸ਼ ਨੂੰ ਦੇ ਸਕਦੀ ਹੈ ਤਾਂ ਹਰ ਲੜਕੀ ਆਪਣੇ ਸੁਪਨੇ ਪੂਰੇ ਕਰ ਸਕਦੀ ਹੈ। 

ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼

Related Post