ਪਾਕਿਸਤਾਨ ਸਥਿਤ ਗੈਂਗਸਟਰ ਰਿੰਦਾ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ - ਸੂਤਰ

By  Jasmeet Singh November 19th 2022 08:13 PM -- Updated: November 19th 2022 09:21 PM

ਦਲਜੀਤ ਸਿੰਘ, 19 ਨਵੰਬਰ: ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਉਰਫ 'ਰਿੰਦਾ' ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਈ ਨਸ਼ੇ ਦੀ ਓਵਰ ਡੋਜ਼ ਕਾਰਨ ਭਾਰਤ 'ਚ ਲੋੜੀਂਦੇ ਅੱਤਵਾਦੀ ਤੇ ਗੈਂਗਸਟਰ ਰਿੰਦਾ ਦੀ ਉੱਥੇ ਪਾਕਿਸਤਾਨ 'ਚ ਮੌਤ ਹੋ ਗਈ ਹੈ। ਰਿੰਦਾ ਦਾ ਕਈ ਅੱਤਵਾਦੀ ਘਟਨਾਵਾਂ ਦੇ ਨਾਲ ਨਾਲ ਨਸ਼ਾ ਤਸਕਰੀ, ਜਬਰੀ ਵਸੂਲੀ, ਕਤਲ ਅਤੇ ਡਰਾਉਣ-ਧਮਕਾਉਣ ਵਰਗੇ ਕਈ ਹੋਰ ਅਪਰਾਧਿਕ ਮਾਮਲਿਆਂ 'ਚ ਨਾਂਅ ਸ਼ਾਮਲ ਹੈ। 

ਰਿੰਦਾ ਵਿਰੁੱਧ ਨਾਂਦੇੜ ਅਤੇ ਪੰਜਾਬ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਭਾਰਤ ਦੇ ਕਈ ਸੂਬਿਆਂ ਦੀ ਪੁਲਿਸ ਨੂੰ ਵੱਖ ਵੱਖ ਮਾਮਲਿਆਂ 'ਚ ਉਸਦੀ ਤਲਾਸ਼ ਸੀ। ਹਰਵਿੰਦਰ ਸਿੰਘ 'ਰਿੰਦਾ' ਦੀ ਪੰਜਾਬ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਈਆਂ ਕਈ ਅੱਤਵਾਦੀ ਵਾਰਦਾਤਾਂ ਵਿੱਚ ਸ਼ਮੂਲੀਅਤ ਸਾਹਮਣੇ ਆ ਚੁੱਕੀ ਹੈ। ਕੌਮਾਂਤਰੀ ਏਜੰਸੀ ਇੰਟਰਪੋਲ ਨੇ ਭਾਰਤ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦੇ ਰਿੰਦਾ ਖ਼ਿਲਾਫ਼ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ।

ਪਹਿਲਾਂ ''ਗੈਂਗਸਟਰ'' ਤੇ ਹੁਣ ''ਅੱਤਵਾਦੀ''

ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੀ ਭਾਲ ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੀ ਪੁਲਿਸ ਲੰਮੇ ਸਮੇਂ ਤੋਂ ਕਰ ਰਹੀ ਹੈ। ਅਸਲ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਉੱਤੇ ਜੋ 9 ਮਈ 2022 ਨੂੰ ਹਮਲਾ ਹੋਇਆ ਸੀ, ਉਸ ਤੋਂ ਬਾਅਦ ਰਿੰਦਾ ਦਾ ਨਾਮ ਫਿਰ ਤੋਂ ਸੁਰਖੀਆਂ ਵਿੱਚ ਆਇਆ ਸੀ। ਦੱਸਣਯੋਗ ਹੈ ਕਈ ਰਿੰਦਾ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦਾ ਵਸਨੀਕ ਸੀ ਤੇ ਕਿਹਾ ਜਾਂਦਾ ਕਈ ਉਸਦਾ ਗਿਰੋਹ ਅੱਜ ਵੀ ਨਾਂਦੇੜ ਵਿੱਚ ਸਰਗਰਮ ਹੈ।

ਰਿੰਦਾ ਗਿਰੋਹ ਦੇ ਕੁੱਝ ਮੁਲਜ਼ਮ ਜੇੜੇ ਅੱਜ ਜੇਲ੍ਹ ਵਿੱਚ ਹਨ ਉੱਥੇ ਹੀ ਬਹੁਤੇ ਫ਼ਰਾਰ ਹਨ। ਹਰਵਿੰਦਰ ਸਿੰਘ 'ਰਿੰਦਾ' ਦਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਚਰਨਜੀਤ ਸਿੰਘ ਸੰਧੂ ਪੇਸ਼ੇ ਵਜੋਂ ਟਰੱਕ ਡਰਾਈਵਰ ਸਨ ਅਤੇ 1976 ਵਿੱਚ ਉਹ ਨਾਂਦੇੜ ਆ ਕੇ ਵਸੇ ਸਨ। ਉਸਦਾ ਪਰਿਵਾਰ ਨਾਂਦੇੜ ਦੇ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। 

ਰਿੰਦਾ ਨੇ ਆਪਣੀ ਸਿੱਖਿਆ ਯੂਨੀਵਰਸਲ ਇੰਗਲਿਸ਼ ਸਕੂਲ, ਨਾਂਦੇੜ ਤੋਂ ਹੀ ਪੂਰੀ ਕੀਤੀ ਸੀ। ਅਪਰਾਧਿਕ ਮਾਮਲਿਆਂ 'ਚ ਨਾਂਦੇੜ ਪੁਲਿਸ ਦੀ ਕਾਰਵਾਈ 'ਚ ਲੋੜੀਂਦਾ ਰਿੰਦਾ ਪੁਲਿਸ ਤੋਂ ਡਰਦਿਆਂ ਮੁੜ ਪੰਜਾਬ ਭੱਜ ਆਇਆ ਸੀ ਤੇ ਪੰਜਾਬ 'ਚ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦੇਣ ਮਗਰੋਂ ਉਸ ਕਿਸੇ ਤਰੀਕੇ ਪਾਕਿਸਤਾਨ ਭੱਜ ਗਿਆ ਸੀ।

ਹਰਵਿੰਦਰ ਸਿੰਘ 'ਰਿੰਦਾ' ਦਾ ਅਪਰਾਧਿਕ ਪਿਛੋਕੜ

ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ 18 ਸਾਲ ਦੀ ਉਮਰ ਵਿੱਚ ਤਰਨਤਾਰਨ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਪਰਿਵਾਰਕ ਝਗੜੇ ਕਾਰਨ ਕਤਲ ਕਰ ਦਿੱਤਾ ਸੀ। ਇਹ ਘਟਨਾ 2008 ਦੀ ਹੈ ਅਤੇ ਉਸ ਤੋਂ ਬਾਅਦ ਵਿੱਚ ਰਿੰਦਾ ਗ੍ਰਿਫਤਾਰ ਕਰ ਲਿਆ ਗਿਆ। ਰਿੰਦਾ ਅਤੇ ਉਸ ਦਾ ਚਚੇਰਾ ਭਰਾ 2015 ਤੱਕ ਜੇਲ੍ਹ ਵਿੱਚ ਸਨ। ਦੱਸਿਆ ਜਾ ਰਿਹਾ ਕਈ ਰਿੰਦਾ 'ਤੇ ਨਾਂਦੇੜ 'ਚ ਕਰੀਬ 14 ਅਤੇ ਪੰਜਾਬ 'ਚ 23 ਤੋਂ ਵੱਧ ਮਾਮਲੇ ਦਰਜ ਸਨ।

Related Post