ਹੁਣ ਨਵਾਂ ਸਾਲ ਵੀ ਨਹੀਂ ਮਨਾ ਸਕਣਗੇ ਪਾਕਿਸਤਾਨੀ, ਸਰਕਾਰ ਨੇ ਜਸ਼ਨਾਂ 'ਤੇ ਲਾਈ ਪਾਬੰਦੀ

By  KRISHAN KUMAR SHARMA December 29th 2023 09:57 AM

Pakistan government banned celebrations of New Year: ਆਰਥਿਕ ਕੰਗਾਲੀ ਦੀ ਰਾਹ 'ਤੇ ਚੱਲ ਰਹੇ ਪਾਕਿਸਤਾਨ ਦੀ ਸਰਕਾਰ ਨੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਹੁਣ ਪਾਕਿਸਤਾਨ 'ਚ ਲੋਕ ਨਵੇਂ ਸਾਲ ਦਾ ਜਸ਼ਨ ਨਹੀਂ ਮਨਾ ਸਕਣਗੇ। ਪਾਕਿਸਤਾਨ ਸਰਕਾਰ ਨੇ ਇਜਰਾਈਲ-ਫਿਲਸਤੀਨ ਜੰਗ ਦੇ ਚਲਦਿਆਂ ਦੇਸ਼ 'ਚ ਲੋਕਾਂ ਦੇ ਨਵੇਂ ਸਾਲ 2024 ਦੇ ਜਸ਼ਨ ਮਨਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਗਾਜ਼ਾ ਦੇ ਲੋਕਾਂ ਨਾਲ ਇਕਜੁੱਟਤਾ ਲਈ ਲਾਈ ਪਾਬੰਦੀ

ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਜੰਗ ਪ੍ਰਭਾਵਿਤ ਗਾਜ਼ਾ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਦੇਸ਼ ਵਿੱਚ ਨਵੇਂ ਸਾਲ ਦੇ ਜਸ਼ਨਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਦੇਸ਼ ਨੂੰ ਸੰਬੋਧਨ ਵਿੱਚ ਕੱਕੜ ਨੇ ਪਾਕਿਸਤਾਨੀਆਂ ਨੂੰ ਨਵੇਂ ਸਾਲ ਵਿੱਚ ਫਿਲਸਤੀਨੀਆਂ ਨਾਲ ਇਕਜੁੱਟਤਾ ਦਿਖਾਉਣ ਅਤੇ ਸੰਜਮ ਅਤੇ ਨਿਮਰਤਾ ਦਿਖਾਉਣ ਦੀ ਅਪੀਲ ਕੀਤੀ।

ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਲਸਤੀਨ ਵਿੱਚ ਗੰਭੀਰ ਚਿੰਤਾਜਨਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸਾਡੇ ਫਲਸਤੀਨੀ ਭਰਾਵਾਂ ਅਤੇ ਭੈਣਾਂ ਨਾਲ ਇੱਕਜੁੱਟਤਾ ਦਿਖਾਉਣ ਲਈ ਸਰਕਾਰ ਨਵੇਂ ਸਾਲ ਦੇ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੇ ਸਮਾਗਮ 'ਤੇ ਸਖ਼ਤ ਪਾਬੰਦੀ ਲਗਾਏਗੀ।

ਇਜਰਾਈਲੀ ਬਲਾਂ 'ਤੇ ਹਿੰਸਾ ਦਾ ਇਲਜ਼ਾਮ

ਕੱਕੜ ਨੇ ਇਲਜ਼ਾਮ ਲਾਇਆ ਕਿ ਇਜ਼ਰਾਈਲੀ ਬਲਾਂ ਨੇ ਹਿੰਸਾ ਅਤੇ ਬੇਇਨਸਾਫੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, 7 ਅਕਤੂਬਰ ਤੋਂ ਇਜ਼ਰਾਈਲੀ ਬੰਬਾਰੀ ਸ਼ੁਰੂ ਹੋਣ ਤੋਂ ਬਾਅਦ ਤਕਰੀਬਨ 9,000 ਬੱਚੇ ਮਾਰੇ ਗਏ ਹਨ। ਉਨ੍ਹਾਂ ਕਿਹਾ, 'ਗਾਜ਼ਾ ਅਤੇ ਪੱਛਮੀ ਕੰਢੇ 'ਚ ਮਾਸੂਮ ਬੱਚਿਆਂ ਅਤੇ ਨਿਹੱਥੇ ਫਲਸਤੀਨੀਆਂ ਦੇ ਕਤਲੇਆਮ ਨੂੰ ਲੈ ਕੇ ਪੂਰਾ ਪਾਕਿਸਤਾਨੀ ਰਾਸ਼ਟਰ ਅਤੇ ਮੁਸਲਿਮ ਸੰਸਾਰ ਬੇਹੱਦ ਦੁਖੀ ਹੈ।'

ਜੰਗ ਕਾਰਨ ਮੱਚੀ ਤਬਾਹੀ

ਦੱਸ ਦੇਈਏ ਕਿ ਹਮਾਸ ਵੱਲੋਂ ਸੰਚਾਲਿਤ ਗਾਜ਼ਾ ਵਿੱਚ ਸਿਹਤ ਮੰਤਰਾਲੇ ਅਨੁਸਾਰ, ਇਜ਼ਰਾਈਲ ਨਾਲ ਯੁੱਧ ਸ਼ੁਰੂ ਹੋਣ ਤੋਂ ਬਾਅਦ 20,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਚੱਲ ਰਹੇ ਯੁੱਧ ਨੇ ਗਾਜ਼ਾ ਦੇ 2.3 ਮਿਲੀਅਨ ਲੋਕਾਂ ਵਿੱਚੋਂ ਲਗਭਗ 85% ਨੂੰ ਪਹਿਲਾਂ ਹੀ ਉਜਾੜ ਦਿੱਤਾ ਹੈ ਅਤੇ ਇਜ਼ਰਾਈਲ ਦੇ ਚੱਲ ਰਹੇ ਜ਼ਮੀਨੀ ਹਮਲੇ ਨਾਲ ਹੋਰ ਗਾਜ਼ਾ ਵਾਸੀਆਂ ਨੂੰ ਉਜਾੜਨ ਦਾ ਖਦਸ਼ਾ ਹੈ।

Related Post