ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਪਾਕਿਸਤਾਨ ਜਾਣ ਵਾਲੇ ਸਿੱਖਾਂ ਦੀ ਸਹੂਲਤ ਲਈ ਪੋਰਟਲ ਲਾਂਚ ਕੀਤਾ ਹੈ। ਪੰਜਾਬ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸਿੱਖ ਟਰੈਵਲ ਬੁਕਿੰਗ ਪੋਰਟਲ ਨੂੰ ਬੇਮਿਸਾਲ ਧਾਰਮਿਕ ਸੈਰ-ਸਪਾਟਾ ਪ੍ਰੋਗਰਾਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ।
ਮੁੱਖ ਮੰਤਰੀ ਨਕਵੀ ਨੇ ਕਿਹਾ ਕਿ ਦੁਨੀਆ ਭਰ ਦੇ ਸਿੱਖ ਸ਼ਰਧਾਲੂ ਹੁਣ ਪੋਰਟਲ ਰਾਹੀਂ ਆਨਲਾਈਨ ਹੋਟਲ ਬੁਕਿੰਗ ਕਰ ਸਕਦੇ ਹਨ। ਪਾਕਿਸਤਾਨ ਦਾ ਦੌਰਾ ਕਰਨ ਵਾਲੇ ਸਿੱਖਾਂ ਕੋਲ ਆਪਣੀ ਫੇਰੀ ਦੌਰਾਨ ਸੁਰੱਖਿਆ ਸੇਵਾਵਾਂ ਨੂੰ ਕਿਰਾਏ 'ਤੇ ਲੈਣ ਅਤੇ ਆਵਾਜਾਈ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਵੀ.ਆਈ.ਪੀ. ਦਰਜੇ ਦੇ ਵਾਧੂ ਵਿਸ਼ੇਸ਼ ਅਧਿਕਾਰਾਂ ਦਾ ਵੀ ਵਿਕਲਪ ਹੋਵੇਗਾ।
ਸੈਰ-ਸਪਾਟਾ ਪੁਲਿਸ ਬਲ ਦੀ ਸਥਾਪਨਾ
ਮੁੱਖ ਮੰਤਰੀ ਨਕਵੀ ਨੇ ਪੰਜਾਬ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਲਈ ਇੱਕ ਸਮਰਪਿਤ ਸੈਰ-ਸਪਾਟਾ ਪੁਲਿਸ ਬਲ ਦੀ ਸਥਾਪਨਾ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਦੇਸ਼ ਵਿੱਚ ਆਪਣੇ ਧਾਰਮਿਕ ਤਿਉਹਾਰਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਸਿੱਖ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ।
ਕਰਵਾਈਆਂ ਜਾ ਰਹੀਆਂ ਵੀਜ਼ਾ ਸਹੂਲਤਾਂ ਦੀ ਸਮੀਖਿਆ
ਪ੍ਰਧਾਨ ਮੰਤਰੀ ਕੱਕੜ ਸਿੱਖ ਸ਼ਰਧਾਲੂਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੀਜ਼ਾ ਸਹੂਲਤਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇੱਕ ਅਧਿਕਾਰਤ ਬਿਆਨ ਅਨੁਸਾਰ ਕੱਕੜ ਨੇ ਕਿਹਾ ਕਿ ਦੇਸ਼ ਵਿੱਚ ਆਪਣੇ ਪਵਿੱਤਰ ਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸਿੱਖ ਸ਼ਰਧਾਲੂ ਪਾਕਿਸਤਾਨ ਵਿੱਚ ਮਹਿਮਾਨ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀ ਮੂਲ ਦੇ ਸਿੱਖ ਵਿਅਕਤੀ ਤੇ ਉਸਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ