ਪਾਕਿਸਤਾਨੀ ਪੰਜਾਬ ਦਾ ਪਾਤਸ਼ਾਹੀ 6ਵੀਂ ਗੁ: ਖਾਰਾ ਸਾਹਿਬ 80 ਸਾਲਾਂ ਬਾਅਦ ਸੇਵਾ-ਸੰਭਾਲ ਉਪਰੰਤ ਮੁੜ ਖੁੱਲ੍ਹਿਆ, 17 ਤਸਵੀਰਾਂ ਚ ਵੇਖੋ ਰੌਣਕਾਂ
Gurdwara Khara Sahib Pakistan : ਲਹਿੰਦੇ ਪੰਜਾਬ ਇਤਿਹਾਸਕ ਗੁਰੂ ਘਰ ਪਾਤਸ਼ਾਹੀ ਛੇਵੀਂ ਗੁਰਦੁਆਰਾ ਖਾਰਾ ਸਾਹਿਬ (ਭਾਈ ਕੇ ਮੱਟੂ) ਸ਼ਨੀਵਾਰ ਨੂੰ 1947 ਪੰਜਾਬ ਵੰਡ ਤੋਂ ਬਾਅਦ 80 ਸਾਲਾਂ ਦੇ ਅਰਸੇ ਮਗਰੋਂ ਸੇਵਾ ਸੰਭਾਲ ਉਪਰੰਤ ਮੁੜ ਖੋਲ੍ਹ ਦਿੱਤਾ ਗਿਆ।
Gurdwara Khara Sahib Pakistan : ਪਾਕਿਸਤਾਨ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਨੌਸ਼ਹਿਰਾ ਵਿਰਕਾਂ ਇਲਾਕੇ ਵਿੱਚ ਸਥਿਤ ਇਤਿਹਾਸਕ ਗੁਰੂ ਘਰ ਪਾਤਸ਼ਾਹੀ ਛੇਵੀਂ ਗੁਰਦੁਆਰਾ ਖਾਰਾ ਸਾਹਿਬ (ਭਾਈ ਕੇ ਮੱਟੂ) ਸ਼ਨੀਵਾਰ ਨੂੰ 1947 ਪੰਜਾਬ ਵੰਡ ਤੋਂ ਬਾਅਦ 80 ਸਾਲਾਂ ਦੇ ਅਰਸੇ ਮਗਰੋਂ ਸੇਵਾ ਸੰਭਾਲ ਉਪਰੰਤ ਮੁੜ ਖੋਲ੍ਹ ਦਿੱਤਾ ਗਿਆ।
ਇਹ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਸ ਅਸਥਾਨ ’ਤੇ ਆਮਦ ਨਾਲ ਇਤਿਹਾਸਕ ਤੌਰ ’ਤੇ ਸਬੰਧਤ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਰਹਿਣ ਕਾਰਨ ਕਾਫ਼ੀ ਖਰਾਬ ਹਾਲਤ ਵਿੱਚ ਸੀ ਪਰ ਹੁਣ ਇੱਥੇ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸਿੱਖ ਸੰਗਤ ਕਾਇਮ ਹੋਈ ਹੈ। ਇਹ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਸੇਵਾ ਸੰਭਾਲ ਉਪਰੰਤ ਗੁਰੂ ਘਰ ਮੁੜ ਖੁੱਲ੍ਹਣ ਦਾ ਰਸਮੀ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੀਤਾ ਗਿਆ ਹੋਵੇ।
ਇਤਿਹਾਸਕ ਸਰੋਤਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੀ ਕਸ਼ਮੀਰ ਯਾਤਰਾ ਤੋਂ ਵਾਪਸੀ ਸਮੇਂ 1620 ਈ. ਵਿੱਚ ਇਸ ਅਸਥਾਨ ਉੱਤੇ ਆਏ ਸਨ, ਜਿੱਥੇ ਗੁਰੂ ਸਾਹਿਬ ਮਹੀਨਾ ਭਰ ਠਹਿਰੇ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਸਥਾਨਕ ਪੰਡਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਬਣਿਆ ਅਤੇ ਉਸਨੂੰ ਭਾਈ ਦਾ ਲਕਬ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਜੀ ਜੰਞ ਵੀ ਇੱਥੋਂ ਹੁੰਦਿਆਂ ਪਿੰਡ ਮੜਿਆਲੀ ਗਈ ਸੀ ਜਿਸ ਸਦਕਾ ਇਸ ਗੁਰੂ ਘਰ ਨੂੰ ਗੁਰਦੁਆਰਾ ਖਾਰਾ ਸਾਹਿਬ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਪਿੰਡ ਵਾਸੀਆਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਪੱਕੀ ਇਮਾਰਤ 1940-45 ਦੀ ਬਣੀ ਹੋਈ ਹੈ। ਪਿੰਡ ਦੀ ਨਿਵਾਸੀ ਮਾਈ ਸਹਿਜੋ ਜੀ ਨੇ ਪੱਕਾ ਸਰੋਵਰ ਬਣਾਇਆ। ਸੰਨ 1900 ਈ. ਤੋਂ 1947 ਈ. ਤੱਕ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੰਤਰ ਪ੍ਰਕਾਸ਼ ਹੁੰਦਾ ਰਿਹਾ। ਸਾਵਣ ਮਹੀਨੇ ਦੀ ਪੰਜ, ਛੇ ਅਤੇ ਸੱਤ ਤਰੀਕ ਨੂੰ ਇੱਥੇ ਸਾਲਾਨਾ ਜੋੜ ਮੇਲਾ ਲੱਗਦਾ ਸੀ ਅਤੇ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸੀ। ਇੱਥੇ ਭਾਈ ਜਸਪਤ ਜੀ ਦੀ ਪੁਰਾਤਨ ਸਮਾਧ ਵੀ ਮੌਜੂਦ ਹੈ ਜਿਸ ਨੂੰ ਹੂਬਹੂ ਸੁਰਜੀਤ ਕੀਤਾ ਗਿਆ ਹੈ।
ਭਾਈ ਜਸਪਤ ਜੀ ਔਖੇ ਸਮੇਂ ਆਪ ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਕੇ ਲੰਗਰ ਤਿਆਰ ਕਰਦੇ ਅਤੇ ਜੰਗਲਾਂ ਵਿੱਚ ਜਾ ਕੇ ਸਿੰਘਾਂ ਨੂੰ ਛਕਾਉਂਦੇ ਸਨ। ਗੁਰੂ ਘਰ ਦੀ ਮੰਜੀ ਸਾਹਿਬ ਅਤੇ ਗੁੰਬਦ ਦੀ ਸੇਵਾ ਵੀ ਭਾਈ ਜਸਪਤ ਜੀ ਨੇ ਕਰਵਾਈ ਸੀ।
ਨੌਸ਼ਹਿਰਾ ਵਿਰਕਾਂ ਵਿਖੇ ਪਾਤਸ਼ਾਹੀ ਛੇਵੀਂ ਗੁਰਦੁਆਰਾ ਖਾਰਾ ਸਾਹਿਬ ਨੂੰ ਮੁੜ ਖੋਲ੍ਹਣ ਦਾ ਰਸਮੀ ਉਦਘਾਟਨ ਵਿਸ਼ੇਸ਼ ਤੌਰ ’ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਸਰਕਾਰ, ਪਾਕਿਸਤਾਨ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਸ. ਰਮੇਸ਼ ਸਿੰਘ ਅਰੋੜਾ ਨੇ ਕੀਤਾ। ਇਸ ਮੌਕੇ ਨੌਸ਼ਹਿਰਾ ਵਿਰਕਾਂ ਤੋਂ ਪਾਕਿਸਤਾਨ ਕੌਮੀ ਸਭਾ ਦੇ ਮੈਂਬਰ ਐੱਮਐੱਨਏ ਅਜ਼ਹਰ ਕਯੂਮ ਨਾਹਰਾ ਅਤੇ ਨੌਸ਼ਹਿਰਾ ਵਿਰਕਾਂ ਦੇ ਸਹਾਇਕ ਕਮਿਸ਼ਨਰ ਅਹਿਮਦ ਇਕਬਾਲ ਵੀ ਮੌਜੂਦ ਸਨ।
ਨੌਸ਼ਹਿਰਾ ਵਿਰਕਾਂ ’ਚ ਗੁਰੂ ਵਿਖੇ ਪਹੁੰਚਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ. ਰਮੇਸ਼ ਸਿੰਘ ਅਰੋੜਾ ਦਾ ਸਿੱਖ ਸੰਗਤ, ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਗੁਲਦਸਤੇ ਭੇਟ ਕਰਕੇ ਨਿੱਘਾ ਤੇ ਸ਼ਾਨਦਾਰ ਸੁਆਗਤ ਕੀਤਾ ਗਿਆ।
ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਕਾਇਮ ਰੱਖਦਿਆਂ ਮੁਰੰਮਤ ਤੇ ਨਵੀਨੀਕਰਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਮੋਹਿੰਦਰ ਸਿੰਘ ਹੁਸੈਨਪੁਰ ਦੇ ਸਪੁੱਤਰ ਸ. ਬਰਜਿੰਦਰ ਸਿੰਘ ਹੁਸੈਨਪੁਰ ਅਤੇ ਬੀਬੀ ਸੁਖ ਸਾਗਰ ਕੌਰ ਦੀ ਅਗਵਾਈ ਵਾਲੀ ਸੰਸਥਾ ‘ਸੇਵਾ ਸੰਭਾਲ’ ਵੱਲੋਂ ਉਨ੍ਹਾਂ ਦੇ ਪਰਿਵਾਰ ਮਾਤਾ ਸੁਖਵਿੰਦਰ ਕੌਰ ਤੇ ਬੀਬੀ ਹਰਜੀਤ ਕੌਰ ਸਮੇਤ ਕੀਤੀ ਗਈ। ਇਹ ਸੇਵਾ ਸ. ਹਰਪ੍ਰੀਤ ਸਿੰਘ ਕਾਹਲੋਂ (ਅਦਬੀ ਬੈਠਕ) ਦੇ ਯਤਨਾਂ ਅਤੇ ਉਪਰਾਲੇ ਸਦਕਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਪੂਰਨ ਹੋਈ। ਸੇਵਾ ਸੰਭਾਲ ਸੰਸਥਾ ਨੇ ਸਮੁੱਚੀ ਸੇਵਾ ਨੂੰ ਸਿੱਖ ਸੰਗਤ, ਓਕਾਫ ਬੋਰਡ ਅਤੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੰਪੂਰਨ ਕੀਤਾ। ਨੈਸ਼ਨਲ ਕਾਲਜ ਆਫ਼ ਆਰਟਸ ਲਾਹੌਰ ਨੇ ਇਸ ਸੇਵਾ ਵਿੱਚ ਬਤੌਰ ਸਲਾਹਕਾਰ ਸੇਵਾਵਾਂ ਨਿਭਾਈਆਂ।
ਇਸ ਸਮਾਗਮ ਮੌਕੇ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ, ਭਾਰਤ, ਮਲੇਸ਼ੀਆ ਅਤੇ ਹੋਰਨਾਂ ਦੇਸ਼ਾਂ ਤੋਂ ਸਿੱਖ ਸੰਗਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਖਾਰਾ ਸਾਹਿਬ ਵਿਖੇ ਪਹੁੰਚੀ ਅਤੇ ਇਸ ਇਤਿਹਾਸਕ ਪਲ ਦੀ ਗਵਾਹ ਬਣੀ।
ਉਦਘਾਟਨੀ ਰਸਮ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਇਸੇ ਤਰ੍ਹਾਂ ਖ਼ਾਲਸਾ ਪੰਥ ਤੋਂ ਵਿਛੜੇ ਗੁਰਧਾਮ ਸੁਰਜੀਤ ਹੋਣ ਤੇ ਸਿੱਖ ਸੰਗਤ ਚੜ੍ਹਦੀ ਕਲਾ ਨਾਲ ਕਾਇਮ ਹੋਵੇ। ਉਨ੍ਹਾਂ ਇੱਥੇ ਵੱਸਣ ਵਾਲੇ ਸਮੂਹ ਭਾਈਚਾਰਿਆਂ, ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਚੜ੍ਹਦੀ ਕਲਾ, ਤਰੱਕੀ ਅਤੇ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹਿਣ ਦੀ ਅਰਦਾਸ ਵੀ ਕੀਤੀ। ਗੁਰੂ ਘਰ ਵਿਖੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਕੀਤੇ ਗਏ, ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਦੀਵਾਨ ਸਜੇ ਜਿਸ ਦੌਰਾਨ ਗੁਰਬਾਣੀ ਕੀਰਤਨ ਵੀ ਕੀਤਾ ਗਿਆ।
ਇਸ ਉਪਰੰਤ ਗੁਰੂ ਘਰ ਦੇ ਪਾਰਕ ਵਿੱਚ ਸੰਬੋਧਨੀ ਸਮਾਗਮ ਹੋਇਆ, ਜਿਸ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਗੁਰੂ ਘਰ ਮੁੜ ਖੁੱਲ੍ਹਣ ਉੱਤੇ ਸਮੂਹ ਗੁਰੂ ਖ਼ਾਲਸਾ ਪੰਥ ਤੇ ਇਸ ਇਲਾਕੇ ਵਿੱਚ ਵੱਸਣ ਵਾਲੇ ਸਮੂਹ ਭਾਈਚਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ 2024 ਵਿੱਚ ਅਕਾਲੀ ਆਗੂ ਸ. ਪਰਮਜੀਤ ਸਿੰਘ ਸਰਨਾ ਦੇ ਕਹਿਣ ਉੱਤੇ ਇੱਥੇ ਪਹਿਲਾਂ ਆਏ ਸਨ, ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਸ ਅਸਥਾਨ ਦੀ ਸੇਵਾ ਅਰੰਭੀ ਗਈ ਸੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਇਲਾਕੇ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਏ। ਸੰਨ 1947 ਦੀ ਵੰਡ ਮੌਕੇ ਪੰਥ ਆਪਣੇ ਅਨੇਕਾਂ ਗੁਰਦੁਆਰਾ ਸਾਹਿਬਾਨ ਤੋਂ ਵਿਛੜਿਆ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ। ਅੱਜ 80 ਸਾਲ ਬਾਅਦ ਨੌਸ਼ਹਿਰਾ ਵਿਰਕਾਂ ਦੇ ਪਿੰਡ ਭਾਈ ਕੇ ਮੱਟੂ ਵਿਖੇ ਸਥਿਤ ਇਸ ਪਾਵਨ ਅਸਥਾਨ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਅਤੇ ਪਾਤਸ਼ਾਹੀ ਛੇਵੀਂ ਗੁਰਦੁਆਰਾ ਖਾਰਾ ਸਾਹਿਬ ਮੁੜ ਖੁੱਲ੍ਹਿਆ। ਇਸ ਗੁਰੂ ਘਰ ਦੇ ਖੁੱਲ੍ਹਣ ਨਾਲ ਇਲਾਕੇ ਵਿੱਚ ਚੜ੍ਹਦੀ ਕਲਾ, ਸੁਖ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਧੇਗੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਾਡੇ ਤੋਂ ਵਿਛੜੇ ਹਨ, ਜੋ ਕਿ ਖੁਦ ਚੱਲ ਕੇ ਸਾਡੇ ਕੋਲ ਨਹੀਂ ਆਉਣਗੇ ਬਲਕਿ ਸਿੱਖਾਂ ਨੂੰ ਆਪ ਹੀ ਚੱਲ ਕੇ ਵਿਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਅੱਗੇ ਆਉਣਾ ਪਵੇਗਾ ਤੇ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ਵਾਲੇ ਪਾਸੇ ਸਾਡੇ ਜਿਹੜੇ ਵੀ ਇਤਿਹਾਸਕ ਗੁਰਧਾਮ ਤੇ ਵਿਰਾਸਤਾਂ ਹਨ ਉਨ੍ਹਾਂ ਨੂੰ ਸੰਭਾਲਣ ਲਈ ਸਾਨੂੰ ਉਚੇਚੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੇਵਾ ਸੰਭਾਲ ਸੰਸਥਾ ਵੱਲੋਂ ਸ. ਬਰਜਿੰਦਰ ਸਿੰਘ ਤੇ ਬੀਬੀ ਸੁਖ ਸਾਗਰ ਕੌਰ ਵੱਲੋਂ ਇਸ ਗੁਰੂ ਘਰ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਹੈ ਕਿ ਪੁਰਾਤਨਤਾ ਨੂੰ ਹੂਬਹੂ ਉਵੇਂ ਹੀ ਸੰਭਾਲਿਆ ਗਿਆ ਹੈ। ਆਰਟ ਕਾਲਜ ਲਾਹੌਰ ਦੀ ਸਲਾਹ ਲੈ ਕੇ ਪੁਰਾਤਨ ਸ਼ੈਲੀ ਦੀ ਹੀ ਮੀਨਾਕਾਰੀ ਕੀਤੀ ਗਈ ਹੈ, ਪੁਰਾਤਨ ਪੱਥਰ ਵੀ ਸੰਭਾਲੇ ਗਏ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਕਾਰ ਸੇਵਾ ਦੇ ਨਾਮ ਉੱਤੇ ਗੁਰਦੁਆਰਾ ਸਾਹਿਬਾਨ ਢਾਹ ਕੇ ਨਵੇਂ ਬਣਾ ਦਿੱਤੇ ਜਾਂਦੇ ਹਨ ਪਰ ਸਾਨੂੰ ਵਿਰਾਸਤ ਦੀ ਸੰਭਾਲ ਕਰਨ ਦੀ ਲੋੜ ਹੈ, ਇਸ ਲਈ ਭਾਵੇਂ ਕੋਈ ਵੀ ਮੁੱਲ ਦੇਣਾ ਪਵੇ ਕਿਉਂਕਿ ਪੈਸਾ ਅੱਜ ਪੰਥ ਦੀ ਸਮੱਸਿਆ ਨਹੀਂ ਹੈ।
ਜਥੇਦਾਰ ਗੜਗੱਜ ਨੇ ਸ. ਰਮੇਸ਼ ਸਿੰਘ ਅਰੋੜਾ ਤੇ ਐੱਮਐੱਨਏ ਅਜ਼ਹਰ ਕਯੂਮ ਨਾਹਰਾ ਨੂੰ ਆਖਿਆ ਕਿ ਜਦੋਂ ਅਗਲੀ ਵਾਰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਆਵੇ ਤਾਂ ਉਨ੍ਹਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਭਰ ਤੋਂ ਸਿੱਖ ਇੱਥੇ ਆਉਣਗੇ ਤਾਂ ਇਲਾਕੇ ਦੀ ਸ਼ਾਨ ਤੇ ਤਰੱਕੀ ਵਧੇਗੀ। ਉਨ੍ਹਾਂ ਕਿਹਾ ਕਿ ਸਿੱਖ ਜਿੱਥੇ ਵੀ ਆਵੇਗਾ ਉੱਥੇ ਸਰਬੱਤ ਦੇ ਭਲੇ ਦੀ ਗੱਲ ਹੋਵੇਗੀ। ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਸ ਗੁਰੂ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁਣ ਪੱਕੇ ਤੌਰ ਉੱਤੇ ਯਕੀਨੀ ਬਣਾਇਆ ਜਾਵੇ ਅਤੇ ਪ੍ਰਬੰਧ ਦੀ ਲੋੜ ਅਨੁਸਾਰ ਇੱਥੇ ਗ੍ਰੰਥੀ, ਰਾਗੀ ਤੇ ਸੇਵਾਦਾਰ ਵੀ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਵੇਂ ਸਥਾਨਕ ਹਕੂਮਤ ਬਾਕੀ ਸਿੱਖ ਗੁਰਧਾਮਾਂ ਵਿਖੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਰੱਖਦੀ ਹੈ, ਇੱਥੇ ਵੀ ਉਸੇ ਤਰ੍ਹਾਂ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨੌਸ਼ਹਿਰਾ ਵਿਰਕਾਂ ਦੇ ਪਿੰਡ ਭਾਈ ਕੇ ਮੱਟੂ ਅੱਜ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆ ਹੈ ਜੋ ਹਮੇਸ਼ਾ ਇਸੇ ਤਰ੍ਹਾਂ ਕਾਇਮ ਰਹਿਣਾ ਚਾਹੀਦਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ. ਰਮੇਸ਼ ਸਿੰਘ ਅਰੋੜਾ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਵੱਲੋਂ ਚੰਗੇ ਯਤਨ ਕਰਕੇ ਲੰਮੇ ਸਮੇਂ ਤੋਂ ਬੰਦ ਪਏ ਗੁਰਧਾਮ ਮੁੜ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਐੱਮਐੱਨਏ ਅਜ਼ਹਰ ਕਯੂਮ ਨਾਹਰਾ ਵੱਲੋਂ ਸੰਗਤ ਦੀ ਮੇਜ਼ਬਾਨੀ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅਗਾਂਹ ਜਦੋਂ ਸੰਗਤ ਆਵੇਗੀ ਉਹ ਇਸੇ ਤਰ੍ਹਾਂ ਸਹਿਯੋਗ ਕਰਨਗੇ। ਉਨ੍ਹਾਂ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਥਾਵਾਂ ਤੋਂ ਪੁੱਜੀ ਸੰਗਤ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਸੇਵਾ ਸੰਭਾਲ ਸੰਸਥਾ ਦੇ ਸ. ਬਰਜਿੰਦਰ ਸਿੰਘ ਹੁਸੈਨਪੁਰ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
(ਨੌਸ਼ਹਿਰਾ ਵਿਰਕਾਂ, ਗੁਜਰਾਂਵਾਲਾ)