ਬਠਿੰਡਾ 'ਚ ਬੇਖੌਫ ਚੋਰ ! ਘਰਾਂ-ਦੁਕਾਨਾਂ 'ਚੋਂ ਸਿਲੰਡਰ, ਪਰਸ, ਮੋਬਾਈਲ ਹੋ ਰਹੇ ਚੋਰੀ, ਦਹਿਸ਼ਤ 'ਚ ਲੋਕ
Bathinda News : ਬਠਿੰਡਾ 'ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਕਿਸੇ ਵੀ ਸਮੇਂ ਚੋਰੀ ਕਰ ਲੈਂਦੇ ਹਨ। ਸ਼ਹਿਰ 'ਚ ਪੁਲਿਸ ਦੀ ਨੱਕ ਹੇਠੋਂ ਚੋਰੀ ਦੀਆਂ ਵਾਰਦਾਤਾਂ ਹੋਣ ਨਾਲ ਸ਼ਹਿਰ ਦੇ ਲੋਕਾਂ ਅਤੇ ਵਪਾਰੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।
ਸ਼ਹਿਰ 'ਚ ਵੱਖ-ਵੱਖ ਥਾਂਵਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਇਨ੍ਹਾਂ ਚੋਰਾਂ ਦੀਆਂ ਤਸਵੀਰਾਂ ਤਾਂ ਖਿੱਚ ਲੈਂਦੇ ਹਨ, ਪਰੰਤੂ ਇਹ ਕਿਸੇ ਦੇ ਹੱਥ ਨਹੀਂ ਆਉਂਦੇ।
ਘਰਾਂ ਤੇ ਦੁਕਾਨਾਂ 'ਚ ਚੋਰੀਆਂ ਨਾਲ ਲੋਕਾਂ 'ਚ ਦਹਿਸ਼ਤ
ਬੀਤੇ ਦਿਨੀ ਵੀ ਸ਼ਹਿਰ ਦੀ ਇੱਕ ਗਲੀ ਵਿੱਚੋਂ ਦੋ ਨੌਜਵਾਨ ਆਰਾਮ ਨਾਲ ਘਰ ਵਿੱਚ ਵੜ ਕੇ ਸਿਲੰਡਰ ਚੋਰੀ ਕਰਕੇ ਲੈ ਗਏ ਸਨ। ਇਸੇ ਤਰ੍ਹਾਂ, ਇੱਕ ਨਕਾਬਪੋਸ਼ ਵਿਅਕਤੀ ਤਿੰਨ ਇਮਾਰਤਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਇੱਕ ਘਰ ਵਿੱਚ ਵੜ ਗਿਆ ਅਤੇ ਦੋ ਗੈਸ ਸਿਲੰਡਰ ਚੋਰੀ ਕਰ ਲਏ। ਇੱਕ ਹੋਰ ਘਟਨਾ ਵਿੱਚ, ਦੋ ਨੌਜਵਾਨਾਂ ਨੇ ਕਥਿਤ ਤੌਰ 'ਤੇ ਇੱਕ ਘਰ ਤੋਂ ਇੱਕ ਪੂਰਾ ਸਿਲੰਡਰ ਚੋਰੀ ਕਰ ਲਿਆ ਅਤੇ ਭੱਜ ਗਏ। ਇਸ ਤੋਂ ਇਲਾਵਾ, ਸੇਂਟ ਜ਼ੇਵੀਅਰ ਸਕੂਲ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਇੱਕ ਸੇਵਾ ਸਿੰਘ ਨਾਮ ਵਾਲੀ ਗਲੀ ਵਿੱਚੋਂ ਵੀ ਸਵੇਰ ਸਮੇਂ ਇੱਕ ਨੌਜਵਾਨ ਮੁੰਡੇ ਵੱਲੋਂ ਇੱਕ ਦੁਕਾਨਦਾਰ ਦਾ ਮੋਬਾਈਲ ਚੋਰੀ ਕਰ ਲਿਆ ਗਿਆ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੁਕਾਨ ਦੇ ਸਾਹਮਣੇ ਲੱਗੀ ਪਾਣੀ ਦੀ ਟੂਟੀ 'ਤੇ ਮੁੰਡਾ ਪਹਿਲਾਂ ਪਾਣੀ ਪੀਣ ਦਾ ਬਹਾਨਾ ਕਰਦਾ ਹੈ, ਫਿਰ ਕੁੱਝ ਮਿੰਟ ਵੇਖਦਾ ਹੈ ਅਤੇ ਜਦੋਂ ਕੋਈ ਨਹੀਂ ਆਉਂਦਾ ਤਾਂ ਦੁਕਾਨ ਦੇ ਕਾਊਟਰ 'ਤੇ ਪਿਆ ਮੋਬਾਈਲ ਚੁੱਕ ਕੇ ਭੱਜ ਜਾਂਦਾ ਹੈ।
ਇਨ੍ਹਾਂ ਘਟਨਾਵਾਂ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਨਾਲ ਨਿਵਾਸੀਆਂ ਵਿੱਚ ਚਿੰਤਾਵਾਂ ਪੈਦਾ ਹੋ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਜਿਹੀਆਂ ਗਤੀਵਿਧੀਆਂ ਗਲੀਆਂ ਅਤੇ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਵਿੱਚ ਕੈਦ ਹੋ ਜਾਂਦੀਆਂ ਹਨ, ਤਾਂ ਪੁਲਿਸ ਗਸ਼ਤ ਅਤੇ ਅਪਰਾਧੀਆਂ ਦੀ ਨਿਗਰਾਨੀ ਦੀ ਪ੍ਰਭਾਵਸ਼ੀਲਤਾ ਇੱਕ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ... ਪੰਜਾਬ ਦੇ 13 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
- PTC NEWS