ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ, ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ

Patiala Cake Case: 10 ਸਾਲਾ ਮਾਨਵੀ ਦੀ ਮੌਤ ਦੇ ਮਾਮਲੇ ਵਿੱਚ ਸਿਹਤ ਵਿਭਾਗ ਨੂੰ ਬੇਕਰੀ ਤੋਂ ਲਏ ਸੈਂਪਲਾਂ ਦੀ ਰਿਪੋਰਟ ਮਿਲੀ ਹੈ, ਜਿਸ 'ਚ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਚਾਰ ਸੈਂਪਲਾਂ ਵਿੱਚੋਂ ਦੋ ਸੈਂਪਲ ਸਬ-ਸਟੈਂਡਰਡ ਪਾਏ ਗਏ ਹਨ।

By  KRISHAN KUMAR SHARMA April 22nd 2024 09:33 PM

Patiala 10 year Girl death case: ਪਟਿਆਲਾ 'ਚ ਕੇਕ (Cake) ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਮਾਮਲੇ 'ਚ ਸੋਮਵਾਰ ਬੇਕਰੀ ਤੋਂ ਲਏ ਸੈਂਪਲਾਂ ਦੀ ਰਿਪੋਰਟ ਸਾਹਮਣੇ ਆ ਗਈ ਹੈ। 10 ਸਾਲਾ ਮਾਨਵੀ ਦੀ ਮੌਤ ਦੇ ਮਾਮਲੇ ਵਿੱਚ ਸਿਹਤ ਵਿਭਾਗ (Punjab Health Department) ਨੂੰ ਬੇਕਰੀ ਤੋਂ ਲਏ ਸੈਂਪਲਾਂ ਦੀ ਰਿਪੋਰਟ ਮਿਲੀ ਹੈ, ਜਿਸ 'ਚ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਚਾਰ ਸੈਂਪਲਾਂ ਵਿੱਚੋਂ ਦੋ ਸੈਂਪਲ ਸਬ-ਸਟੈਂਡਰਡ ਪਾਏ ਗਏ ਹਨ।

ਸਿਹਤ ਅਧਿਕਾਰੀ ਨੇ ਕਿਹਾ ਕਿ ਹੁਣ ਅਗਲੀ ਕਾਰਵਾਈ ਇਸ ਹਿਸਾਬ ਨਾਲ ਕੀਤੀ ਜਾਵੇਗੀ ਕਿ ਦੋ ਸੈਂਪਲ ਸਬ ਸਟੈਂਡਰਡ ਪਾਏ ਗਏ ਹਨ। ਡਾ. ਵਿਜੈ ਮੁਤਾਬਕ ਸਿੰਥੈਟਿਕ ਸਵੀਟਨਰ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਰਿਪੋਰਟ ਦੇ ਹਿਸਾਬ ਨਾਲ ਅਦਾਲਤ ਨੂੰ ਇਸ ਦੀ ਜਾਣਕਾਰੀ ਦੇਵਾਂਗੇ ਅਤੇ ਬੇਕਰੀ ਖਿਲਾਫ਼ ਬਣਦੀ ਪੈਨਲਈ ਅਤੇ ਕਾਰਵਾਈ ਕੀਤੀ ਜਾਵੇਗੀ।

ਲੈਬ ਤੋਂ ਰਿਪੋਰਟ ਆਉਣੀ ਬਾਕੀ

ਉਥੇ, ਦੂਜੇ ਪਾਸੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਕੇਕ ਨੂੰ ਖਾਣ ਨਾਲ 10 ਸਾਲਾ ਮਾਸੂਮ ਮਾਨਵੀ ਦੀ ਮੌਤ ਹੋਈ ਸੀ, ਉਸ ਦੇ ਸੈਂਪਲ ਦੀ ਰਿਪੋਰਟ ਅਜੇ ਐਫਐਸਐਲ ਲੈਬ ਤੋਂ ਆਉਣੀ ਬਾਕੀ ਹੈ। ਦੱਸ ਦਈਏ ਕਿ ਵਿਭਾਗ ਨੇ ਮਾਨਵੀ ਦੀ ਮੌਤ ਤੋਂ ਬਾਅਦ ਆਨਲਾਈਨ ਕੇਕ ਸਪਲਾਈ ਕਰਨ ਵਾਲੀ ਬੇਕਰੀ ਦੇ ਉਪਰ ਰੇਡ ਕਰਕੇ ਉਥੋਂ ਸਟਾਕ 'ਚ ਪਏ ਹੋਰ ਕੇਕਾਂ ਦੇ ਸੈਂਪਲ ਭਰੇ ਸਨ, ਜਿਨ੍ਹਾਂ ਦੀ ਰਿਪੋਰਟ ਸਿਹਤ ਵਿਭਾਗ ਕੋਲ ਅੱਜ ਪਹੁੰਚੀ ਹੈ। ਹੁਣ ਦੇਖਣਾ ਹੋਵੇਗਾ ਕਿ ਲੈਬ ਤੋਂ ਕੀ ਰਿਪੋਰਟ ਆਉਂਦੀ ਹੈ, ਜਿਸ ਤੋਂ ਬਾਅਦ ਹੀ ਪੂਰਾ ਮਾਮਲਾ ਸਾਫ ਹੋ ਸਕੇਗਾ।

ਪਹਿਲਾਂ ਸਾਹਮਣੇ ਆਈ ਸੀ ਪੋਸਟਮਾਰਟਮ ਰਿਪੋਰਟ

ਦੱਸ ਦਈਏ ਕਿ ਇਸਤੋਂ ਪਹਿਲਾਂ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆਈ ਸੀ, ਪਰ ਉਸ ਵਿੱਚ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ, ਜਿਸ ਤੋਂ ਬਾਅਦ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਪੇਟ, ਵੱਡੀ ਅੰਤੜੀ, ਛੋਟੀ ਅੰਤੜੀ, ਗੁਰਦਾ, ਜਿਗਰ ਸਮੇਤ ਕਈ ਹਿੱਸਿਆਂ ਦੇ ਸੈਂਪਲ ਲਏ ਗਏ ਸਨ ਅਤੇ ਇਨ੍ਹਾਂ ਨੂੰ ਜਾਂਚ ਲਈ ਪੈਥੋਲੋਜੀ ਲੈਬ ਦੇ ਨਾਲ-ਨਾਲ ਕੈਮੀਕਲ ਟੈਸਟਰ ਨੂੰ ਭੇਜਿਆ ਗਿਆ। ਇਸ ਰਿਪੋਰਟ ਨੂੰ ਆਉਣ ਵਿੱਚ 3 ਤੋਂ 4 ਮਹੀਨੇ ਲੱਗ ਸਕਦੇ ਹਨ।

Related Post