ਪਟਿਆਲਾ ਪੁਲਿਸ ਨੇ ਸੁਲਝਾਈਆਂ 2 ਅੰਨੇ ਕਤਲ ਦੀਆਂ ਗੁੁੱਥੀਆਂ, ਪੰਜ ਖ਼ਿਲਾਫ਼ ਮਾਮਲਾ ਦਰਜ, ਚਾਰ ਗ੍ਰਿਫਤਾਰ

ਘਰੋਂ ਲਾਪਤਾ ਹੋਏ ਵਿਅਕਤੀਆਂ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋਵੇਂ ਕਤਲ ਕਾਂਡਾਂ ਦੀਆਂ ਗੁੱਥੀਆਂ ਨੂੰ ਸੁਲਝਾ ਲਿਆ ਹੈ। ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ 18 ਦਸੰਬਰ ਨੂੰ ਲਾਪਤਾ ਹੋਏ ਈ-ਰਿਕਸ਼ਾ ਚਾਲਕ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰਨ ਮਗਰੋਂ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ। ਇਸੇ ਤਰ੍ਹਾਂ 2 ਜਨਵਰੀ ਨੂੰ ਲਾਪਤਾ ਹੋਏ ਵਿਅਕਤੀ ਦਾ ਛੁਰੇ ਨਾਲ ਕਤਲ ਕਰਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟ ਕੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ।

By  Jasmeet Singh January 16th 2023 06:19 PM

ਪਟਿਆਲਾ, 16 ਜਨਵਰੀ (ਗਗਨਦੀਪ ਸਿੰਘ ਅਹੂਜਾ): ਘਰੋਂ ਲਾਪਤਾ ਹੋਏ ਵਿਅਕਤੀਆਂ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋਵੇਂ ਕਤਲ ਕਾਂਡਾਂ ਦੀਆਂ ਗੁੱਥੀਆਂ ਨੂੰ ਸੁਲਝਾ ਲਿਆ ਹੈ। ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ 18 ਦਸੰਬਰ ਨੂੰ ਲਾਪਤਾ ਹੋਏ ਈ-ਰਿਕਸ਼ਾ ਚਾਲਕ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰਨ ਮਗਰੋਂ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ। ਇਸੇ ਤਰ੍ਹਾਂ 2 ਜਨਵਰੀ ਨੂੰ ਲਾਪਤਾ ਹੋਏ ਵਿਅਕਤੀ ਦਾ ਛੁਰੇ ਨਾਲ ਕਤਲ ਕਰਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟ ਕੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਕਤ ਦੋਵੇਂ ਅੰਨੇ ਕਤਲ ਮਾਮਲਿਆਂ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਪੰਜ ਖ਼ਿਲਾਫ਼ ਮਾਮਲਾ ਦਰਜ ਕਰਕੇ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਬਦਲਾ ਲੈਣ ਲਈ ਕੀਤਾ ਕਤਲ

ਅਲੀਪੁਰ ਅਰਾਈਆਂ ਵਾਸੀ ਲਾਡੀ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦਾ ਭਰਾ ਗੁਰਦੇਵ ਸਿੰਘ ਤੁਰ ਫਿਰ ਕੇ ਨਗਰ, ਯੰਤਰੀਆਂ ਆਦਿ ਵੇਚਣ ਦਾ ਕੰਮ ਕਰਦਾ ਹੈ। ਜੋਕਿ 2 ਜਨਵਰੀ ਦੀ ਸ਼ਾਮ ਰੋਟੀ ਲੈਣ ਲਈ ਘਰ ਤੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਥਾਣਾ ਅਨਾਜ ਮੰਡੀ ਪੁਲਿਸ ਨੇ ਜਾਂਚ ਸ਼ੁੁਰੂ ਕੀਤੀ ਤਾਂ ਪਤਾ ਲੱਗਿਆ ਕਿ ਸਾਲ 2017 ਵਿੱਚ ਗੁਰਦੇਵ ਸਿੰਘ ’ਤੇ ਅਜੀਤ ਸਿੰਘ ਦੇ ਭਰਾ ਭਗਤ ਸਿੰਘ ਦੇ ਕਤਲ ਦੇ ਇਲਜ਼ਾਮ ਹੇਠ ਥਾਣਾ ਤ੍ਰਿਪੜੀ ਵਿਖੇ ਮਾਮਲਾ ਦਰਜ ਹੋਇਆ ਸੀ। ਅਦਾਲਤ ਨੇ ਸਾਲ 2019 ਵਿਚ ਗੁਰਦੇਵ ਸਿੰਘ ਨੂੰ ਇਸ ਕਤਲ ਕੇਸ ਵਿਚੋਂ ਬਰੀ ਕਰ ਦਿੱਤਾ ਸੀ ਪਰ ਅਜੀਤ ਸਿੰਘ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਡੂੰਘਾਈ ਨਾਲ ਜਾਂਚ ਕੀਤੀ ਤਾਂ ਅਜੀਤ ਸਿੰਘ, ਉਸਦੇ ਸਾਥੀ ਗੋਲੂ ਤੇ ਬੋਬੀ ਮਹਿਰਾ ਵਾਸੀ ਪਟਿਆਲਾ ਵੱਲੋਂ ਛੁਰਾ ਮਾਰ ਕੇ ਗੁਰਦੇਵ ਦਾ ਕਤਲ ਕੀਤੇ ਜਾਣ ਦਾ ਖੁਲਾਸਾ ਹੋਇਆ ਹੈੇ। ਕਤਲ ਤੋਂ ਬਾਅਦ ਗੁਰਦੇਵ ਦੀ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ। ਪੁਲਿਸ ਨੇ ਅਜੀਤ ਸਿੰਘ ਤੇ ਗੋਲੂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਬੌਬੀ ਦੀ ਭਾਲ ਕੀਤੀ ਜਾ ਰਹੀ ਹੈ।


ਚੋਰਾਂ ਨੇ ਕੀਤਾ ਸੀ ਈ-ਰਿਕਸ਼ਾ ਚਾਲਕ ਦਾ ਕਤਲ

ਪਿੰਡ ਸਿਊਣਾ ਵਾਸੀ ਮਨਜੀਤ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਖੁਸ਼ਪ੍ਰੀਤ ਸਿੰਘ ਈ-ਰਿਕਸ਼ਾ ਚਲਾਉਦਾ ਹੈ, ਜੋ ਕਿ ਕੰਮ ’ਤੇ ਗਿਆ ਸੀ ਪਰ ਘਰ ਨਹੀਂ ਪਰਤਿਆ। ਥਾਣਾ ਤ੍ਰਿਪੜੀ ਪੁਲਿਸ ਨੇ 18 ਦਸੰਬਰ ਨੂੰ ਗੁਮਸ਼ੁਦਾ ਦਾ ਮਾਮਲਾ ਦਰਜ ਕਰਦਿਆਂ ਜਾਂਚ ਦੌਰਾਨ ਕੁਲਵਿੰਦਰ ਸਿੰਘ ਉਰਫ ਛੋਟੂ ਵਾਸੀ ਤ੍ਰਿਪੜੀ ਤੇ ਸਦੀਕ ਖਾਨ ਵਾਸੀ ਖੇੜੀ ਤੋਂ ਪੁੱਛਗਿਛ ਦੌਰਾਨ ਖੁਸ਼ਪ੍ਰੀਤ ਦਾ ਕਤਲ ਹੋਣ ਦਾ ਖੁਲਾਸਾ ਹੋਇਆ। ਗ੍ਰਿਫਤਾਰ ਕੀਤੇ ਮੁਲਜਮਾਂ ਨੇ ਦੱਸਿਆ ਕਿ ਖੁਸਪ੍ਰੀਤ ਸਿੰਘ ਦੇ ਈ-ਰਿਕਸ਼ਾ ਦੀਆ ਬੈਟਰੀਆਂ, ਮੋਬਾਇਲ ਫੋਨ, ਪਰਸ ਆਦਿ ਚੋਰੀ ਕਰਨ ਦੀ ਨੀਅਤ ਨਾਲ ਉਸ ਨੂੰ ਪਿੰਡ ਦਿਆਗੜ ਵਿਖੇ ਕੁਲਵਿੰਦਰ ਸਿੰਘ ਦੀ ਮੋਟਰ ’ਤੇ ਲਿਜਾ ਕੇ ਉਸ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ। ਐੱਸ.ਐੱਸ.ਪੀ ਨੇ ਦੱਸਿਆ ਕਿ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਮ੍ਰਿਤਕ ਕੋਲੋਂ ਚੋਰੀ ਕੀਤੇ ਗਏ ਮੋਬਾਇਲ ਫੋਨ, ਪਰਸ ਅਤੇ ਬੈਟਰੀਆਂ ਆਦਿ ਬਾਰੇ ਜਾਣਕਾਰੀ ਹਾਸਲ ਕਰਕੇ ਬੈਟਰੀਆਂ ਆਦਿ ਸਮਾਨ ਖਰੀਦਣ ਵਾਲੇ ਸਬੰਧਤ ਵਿਅਕਤੀਆ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਮੁਲਜ਼ਮ ਕੁਲਵਿੰਦਰ ਸਿੰਘ ਖ਼ਿਲਾਫ਼ ਪਟਿਆਲਾ ਦੇ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਵੀ ਚਾਰ ਮਾਮਲੇ ਦਰਜ ਹਨ।

Related Post