36 ਘੰਟਿਆਂ ਵਿੱਚ ਪਟਿਆਲਾ ਪੁਲਿਸ ਨੇ ਡਾ. ਕਮਲਦੀਪ ਮਿੱਤਲ ਕਤਲ ਕੇਸ ਦੀ ਸੁਲਝਾਈ ਗੁੱਥੀ , ਮ੍ਰਿਤਕ ਦਾ ਦੋਸਤ ਹੀ ਨਿਕਲਿਆ ਮੁਲਜ਼ਮ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ। ਮ੍ਰਿਤਕ ਦੇ ਪਿਤਾ ਮਹਿੰਦਰਪਾਲ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਵਲ ਲਾਈਨ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ।

By  Aarti May 21st 2026 06:09 PM -- Updated: May 21st 2026 06:34 PM

MBBS Student Murder Case : ਪਟਿਆਲਾ ਪੁਲਿਸ ਨੇ ਐਮਬੀਬੀਐਸ ਵਿਦਿਆਰਥੀ ਡਾ. ਕਮਲਦੀਪ ਮਿੱਤਲ ਦੇ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਨੂੰ 36 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਾਮਲੇ ਸਬੰਧੀ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਵਰੁਣ ਸ਼ਰਮਾ, ਆਈਪੀਐਸ ਨੇ ਦੱਸਿਆ ਕਿ 18 ਮਈ 2026 ਨੂੰ ਸ਼ਾਮ ਕਰੀਬ 5:30 ਵਜੇ ਥਾਣਾ ਸਿਵਲ ਲਾਈਨ ਪਟਿਆਲਾ ਅਧੀਨ ਨਿਊ ਲਾਲ ਬਾਗ ਕਾਲੋਨੀ ਵਿੱਚ ਸਥਿਤ ਇੱਕ ਪੀਜੀ ਰਿਹਾਇਸ਼ ਵਿੱਚ ਰਹਿੰਦੇ 24 ਸਾਲਾ ਵਿਦਿਆਰਥੀ ਕਮਲਦੀਪ ਮਿੱਤਲ, ਪੁੱਤਰ ਮਹਿੰਦਰਪਾਲ, ਵਾਸੀ ਬਰੇਟਾ (ਜ਼ਿਲ੍ਹਾ ਮਾਨਸਾ), ਜੋ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਸੀ, ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ। ਮ੍ਰਿਤਕ ਦੇ ਪਿਤਾ ਮਹਿੰਦਰਪਾਲ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਵਲ ਲਾਈਨ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਕਮਲਦੀਪ ਮਿੱਤਲ ਦਾ ਬਚਪਨ ਦਾ ਦੋਸਤ ਮੋਹਿਤ ਵਰਮਾ, ਪੁੱਤਰ ਅਜੀਤ ਕੁਮਾਰ ਵਰਮਾ, ਵਾਸੀ ਬਰੇਟਾ (ਜ਼ਿਲ੍ਹਾ ਮਾਨਸਾ), ਇਸ ਕਤਲ ਦਾ ਮੁੱਖ ਦੋਸ਼ੀ ਹੈ। ਪੁਲਿਸ ਅਨੁਸਾਰ ਦੋਵਾਂ ਦੀ ਦੋਸਤੀ ਸਕੂਲ ਦੇ ਦਿਨਾਂ ਤੋਂ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੋਹਿਤ ਵਰਮਾ ਨੇ ਕਮਲਦੀਪ ਨੂੰ ਸ਼ੇਅਰ ਮਾਰਕੀਟ ਅਤੇ ਆਨਲਾਈਨ ਟ੍ਰੇਡਿੰਗ ਵਿੱਚ ਵੱਡੇ ਮੁਨਾਫੇ ਦਾ ਲਾਲਚ ਦੇ ਕੇ ਕਰੀਬ 35 ਲੱਖ ਰੁਪਏ ਨਿਵੇਸ਼ ਕਰਵਾਏ ਸਨ। ਬਾਅਦ ਵਿੱਚ ਇਹ ਰਕਮ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਵਿੱਚ ਗੁਆ ਦਿੱਤੀ ਗਈ।

ਜਦੋਂ ਕਮਲਦੀਪ ਮਿੱਤਲ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਅਤੇ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਮੋਹਿਤ ਵਰਮਾ ਨੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚ ਲਈ। 17 ਮਈ ਨੂੰ ਉਹ ਪਟਿਆਲਾ ਵਿੱਚ ਕਮਲਦੀਪ ਦੇ ਪੀਜੀ ਵਿੱਚ ਆਇਆ। ਦੋਵਾਂ ਨੇ ਇਕੱਠੇ ਫਿਲਮ ਵੇਖੀ ਅਤੇ ਕ੍ਰਿਕਟ ਮੈਚ ਦੇਖਣ ਤੋਂ ਬਾਅਦ ਰਾਤ ਨੂੰ ਪੀਜੀ ਵਿੱਚ ਵਾਪਸ ਆ ਗਏ। ਅਗਲੀ ਸਵੇਰ ਜਦੋਂ ਕਮਲਦੀਪ ਕਾਲਜ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਮੋਹਿਤ ਵਰਮਾ ਨੇ ਪਹਿਲਾਂ ਤੋਂ ਲੁਕਾ ਕੇ ਰੱਖੇ ਚਾਕੂ ਨਾਲ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਕਈ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।

ਪੁਲਿਸ ਮੁਤਾਬਕ ਕਤਲ ਤੋਂ ਬਾਅਦ ਦੋਸ਼ੀ ਨੇ ਮ੍ਰਿਤਕ ਦੇ ਫੋਨ ਤੋਂ ਕਰੀਬ 25 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕੀਤੇ, ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਹੱਥ-ਲਿਖਤ ਨੋਟ ਵੀ ਮੌਕੇ ‘ਤੇ ਛੱਡਿਆ।

ਪਟਿਆਲਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਟੀਮਾਂ ਬਣਾਕੇ ਮਾਨਸਾ, ਜਾਖਲ (ਹਰਿਆਣਾ), ਅੰਮ੍ਰਿਤਸਰ, ਲੁਧਿਆਣਾ, ਰੋਪੜ ਅਤੇ ਚੰਡੀਗੜ੍ਹ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ 20 ਮਈ 2026 ਨੂੰ 36 ਘੰਟਿਆਂ ਦੇ ਅੰਦਰ ਮੁੱਖ ਦੋਸ਼ੀ ਮੋਹਿਤ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਤੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਅਤੇ ਹੋਰ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ  :  Punjab ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ; ਮਾਨ ਸਰਕਾਰ ਨੂੰ ਪਾਈ ਝਾੜ

Related Post