Punjab BJP protest : ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਪੰਜਾਬ ਦੇ ਸੁਪਰ ਸੀਐਮ ਵਜੋਂ ਸਵਿਕਾਰ ਨਹੀਂ : ਸੁਨੀਲ ਜਾਖੜ
Punjab BJP protest : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੀਆਂ ਅਸਫਲਤਾਵਾਂ ਲਈ ਪੰਜਾਬ ਦੇ ਲੋਕ ਆਪੇ ਉਨ੍ਹਾਂ ਨਾਲ ਨਜਿੱਠ ਲੈਣਗੇ ਪਰ ਇਸ ਵਿਚ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਸੁਪਰ ਸੀਐਮ ਵਜੋਂ ਪੰਜਾਬ ਦੇ ਲੋਕ ਸਵਿਕਾਰ ਨਹੀਂ ਕਰਣਗੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਰਾਜ ਵਿਚ ਵਿਗੜ ਰਹੀ ਕਾਨੂੰਨ ਵਿਵਸਥਾ, ਗੈਂਗਟਰਵਾਦ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਵਿਚ ਅਸਫਲ ਰਹਿਣ ਵਾਲੀ ਆਪ ਸਰਕਾਰ ਤੋਂ ਸਵਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਦਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਘੇਰਾਓ ਕੀਤਾ ਗਿਆ
Punjab BJP protest : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੀਆਂ ਅਸਫਲਤਾਵਾਂ ਲਈ ਪੰਜਾਬ ਦੇ ਲੋਕ ਆਪੇ ਉਨ੍ਹਾਂ ਨਾਲ ਨਜਿੱਠ ਲੈਣਗੇ ਪਰ ਇਸ ਵਿਚ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਸੁਪਰ ਸੀਐਮ ਵਜੋਂ ਪੰਜਾਬ ਦੇ ਲੋਕ ਸਵਿਕਾਰ ਨਹੀਂ ਕਰਣਗੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਰਾਜ ਵਿਚ ਵਿਗੜ ਰਹੀ ਕਾਨੂੰਨ ਵਿਵਸਥਾ, ਗੈਂਗਟਰਵਾਦ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਵਿਚ ਅਸਫਲ ਰਹਿਣ ਵਾਲੀ ਆਪ ਸਰਕਾਰ ਤੋਂ ਸਵਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਦਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਘੇਰਾਓ ਕੀਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪਾਰਟੀ ਪੰਜਾਬ ਦੇ ਕਰਤਾ ਧਰਤਾ ਬਣੇ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਕੋਟੇ ਦੀ 50 ਨੰਬਰ ਕੋਠੀ ਖਾਲੀ ਕਰਵਾਉਣ ਲਈ ਆਈ ਹੈ, ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੋਵੇ ਅਤੇ ਕੋਈ ਬਾਹਰੋਂ ਆ ਕੇ ਪੰਜਾਬ ਤੇ ਰਾਜ ਕਰੇ, ਇਹ ਪੰਜਾਬ ਦੇ ਲੋਕਾਂ ਨੂੰ ਬਰਦਾਸਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਤਾਂ ਭਗਵੰਤ ਮਾਨ ਨੂੰ ਉਨ੍ਹਾਂ ਦਾ ਅਹੁਦਾ ਮੁੜ ਦਿਵਾਉਣ ਲਈ ਆਏ ਸੀ ਪਰ ਉਨ੍ਹਾਂ ਨੇ ਪੁਲਿਸ ਤੋਂ ਪਾਰਟੀ ਆਗੂਆਂ ਨੂੰ ਗ੍ਰਿਫਤਾਰ ਕਰਵਾਕੇ ਆਪਣੇ ਪੈਰੀ ਕੁਹਾੜਾ ਹੀ ਮਾਰਿਆ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਆਮ ਵਿਅਕਤੀ ਸੁਰੱਖਿਅਤ ਨਹੀਂ ਹੈ ਅਤੇ ਗੈਂਗਸਟਰ ਰਾਜ ਬਣਿਆ ਹੋਇਆ ਹੈ। ਲੋਕਾਂ ਦੇ ਜਾਨ ਮਾਲ ਦੀ ਕੋਈ ਸੁਰੱਖਿਆ ਨਹੀਂ ਹੈ। ਵਿਕਾਸ ਕਾਰਜ ਠੱਪ ਹਨ, ਭ੍ਰਿਸ਼ਟਾਚਾਰ ਚਰਮ ਸੀਮਾ ਤੇ ਪੁੱਜ ਗਿਆ ਹੈ। ਆਪਣੇ ਵਿਅੰਗਮਈ ਅੰਦਾਜ ਵਿਚ ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਚੁਣਿਆ ਸੀ ਨਾ ਕਿ ਅਰਵਿੰਦ ਕੇਜਰੀਵਾਲ ਨੂੰ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੀ ਅਹਿਸਾਸ ਕਰਵਾਉਣ ਆਈ ਹੈ ਕਿ ਉਹ ਇਹ ਤੱਥ ਸਵਿਕਾਰ ਕਰਨ ਕਿ ਉਹ ਖੁਦ ਮੁੱਖ ਮੰਤਰੀ ਹਨ ਅਤੇ ਬਤੌਰ ਮੁੱਖ ਮੰਤਰੀ ਦੇ ਫਰਜ ਨਿਭਾਉਣ ਲਈ ਅੱਗੇ ਆਉਣ ਅਤੇ ਪੰਜਾਬ ਦੀ ਸਾਰ ਲੈਣ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਾਲੇ ਤਾਂ ਚਲੇ ਜਾਣਗੇ ਪਰ ਪੰਜਾਬ ਨੂੰ ਜਵਾਬ ਭਗਵੰਤ ਮਾਨ ਨੂੰ ਹੀ ਦੇਣਾ ਪਵੇਗਾ।
ਉਨ੍ਹਾਂ ਨੂੰ ਭਗਵੰਤ ਮਾਨ ਨੂੰ ਪੱਗੜੀ ਸੰਭਾਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਇੱਜਤ ਦਿੱਲੀ ਵਾਲਿਆਂ ਦੇ ਪੈਰਾਂ ਵਿਚ ਨਾ ਰੋਲਣ। ਆਪਣੀ ਸਿਆਸੀ ਚੋਟ ਜਾਰੀ ਰੱਖਦਿਆਂ ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਤਾਂ ਕੇਜਰੀਵਾਲ ਨੂੰ ਪੰਜਾਬ ਵਿਚੋਂ ਕੱਢਣ ਲਈ ਭਗਵੰਤ ਮਾਨ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਤੋਂ ਵਿਹਲੇ ਹੋ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਆਗੂ ਪੰਜਾਬ ਆਏ ਹਨ ਤਦ ਤੋਂ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਗੰਭੀਰ ਤੋਂ ਹੋਰ ਗੰਭੀਰ ਹੁੰਦੀ ਜਾ ਰਹੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਪਿੱਛਲੇ ਚਾਰ ਸਾਲ ਤੋਂ ਇਹ ਸਰਕਾਰ ਆਪਣੀਆਂ ਕਮਜੋਰੀਆਂ ਲੁਕਾਉਣ ਲਈ ਭਾਵਨਾਤਮਕ ਮੁੱਦੇ ਖੜ੍ਹੇ ਕਰਦੀ ਰਹੀ ਹੈ ਤਾਂ ਜੋ ਲੋਕ ਸਰਕਾਰ ਤੋਂ ਅਸਲ ਮੁੱਦਿਆਂ ਤੇ ਸਵਾਲ ਨਾ ਕਰ ਸਕਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਬੇਅਦਬੀ ਤੇ ਮੁੱਦੇ ਤੇ ਪੰਜਾਬ ਦੇ ਲੋਕਾਂ ਨੇ ਦੋ ਸਰਕਾਰਾਂ ਹਟਾ ਦਿੱਤੀਆਂ ਹਨ ਅਤੇ ਲੋਕਾਂ ਨੂੰ ਜੋ ਇਸ ਬਾਰੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਉਸ ਸਬੰਧੀ 4 ਸਾਲ ਬੀਤ ਜਾਣ ਤੇ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ 3 ਮਹੀਨੇ ਵਿਚ ਨਸ਼ੇ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਪਰ ਨਸ਼ੇ ਲਗਾਤਾਰ ਵੱਧ ਰਹੇ ਹਨ ਅਤੇ ਹੁਣ ਸਰਕਾਰ ਨੇ ਇਸਦਾ ਦੂਜਾ ਫੇਜ ਸ਼ੁਰੂ ਕਰਕੇ ਅਤੇ ਪੁਲਿਸ ਪ੍ਰਤੀ ਬੇਭਰੋਸਗੀ ਪ੍ਰਗਟ ਕਰਕੇ ਇਸ ਸਬੰਧੀ ਆਪਣੀ ਅਸਫਲਤਾ ਨੂੰ ਚਿੱਟੇ ਦਿਨ ਸਵਿਕਾਰ ਕਰ ਲਿਆ ਹੈ।
ਉਨ੍ਹਾਂ ਨੇ ਸਵਾਲ ਉਠਾਇਆ ਕਿ 55 ਕਰੋੜ ਰੁਪਏ ਖਰਚ ਕੇ ਜਿਸ ਐਂਟੀ ਡਰੋਨ ਸਿਸਟਮ ਨੂੰ ਲਗਾਇਆ ਗਿਆ ਸੀ ਉਸਦੀ ਸਫਲਤਾ ਦਰ ਸਰਕਾਰ ਜਨਤਕ ਕਰੇ। ਉਨ੍ਹਾਂ ਨੇ ਕੌਮੀ ਸੁਰੱਖਿਆ ਨਾਲ ਜੁੜੇ ਇਸ ਮੁੱਦੇ ਵਿਚ ਭ੍ਰਿਸ਼ਟਾਚਾਰ ਦੀ ਬੂਅ ਆਉਣ ਦੇ ਸੰਕੇਤ ਦਿੰਦਿਆਂ ਕਿਹਾ ਕਿ 99.70 ਫੀਸਦੀ ਇਸਦੀ ਅਸਫਲਤਾ ਦਰ ਹੈ ਅਤੇ ਇਹ ਪ੍ਰੋਜੈਕਟ ਪੂਰੀ ਤਰਾਂ ਫੇਲ ਸਾਬਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਸਰਕਾਰੀ ਪੈਸੇ ਦੀ ਹੋਈ ਦੁਰਵਰਤੋਂ ਦਾ ਹਿਸਾਬ ਲਿਆ ਜਾਵੇਗਾ। ਮੀਡੀਆ ਤੇ ਕੀਤੇ ਜਾ ਰਹੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ ਤੇ ਪਰਚਿਆਂ ਤੋਂ ਬਾਅਦ ਪੰਜਾਬ ਕੇਸਰੀ ਗਰੁੱਪ ਖਿਲਾਫ ਬਦਲੇਖੋਰੀ ਦੀ ਕਾਰਵਾਈ ਇਸ ਆਪ ਸਰਕਾਰ ਦੇ ਅੰਤ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਲੋਕਤੰਤਰਿਕ ਮਰਿਆਦਾਵਾਂ ਭੁੱਲ ਗਈ ਹੈ ਅਤੇ ਇਸ ਮੁੱਦੇ ਤੇ ਪਾਰਟੀ ਦਾ ਵਫਦ 17 ਜਨਵਰੀ ਨੂੰ ਰਾਜਪਾਲ ਪੰਜਾਬ ਨੂੰ ਮਿਲੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਲੋਕ ਮੁੱਦਿਆਂ ਨਾਲ ਡੱਟ ਕੇ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਵੀ ਵੱਡੀ ਉਮੀਦ ਨਾਲ ਪਾਰਟੀ ਵੱਲ ਵੇਖ ਰਹੇ ਹਨ ਅਤੇ ਪਾਰਟੀ ਲੋਕ ਮਨਾਂ ਵਿਚ ਆਪਣੀ ਥਾਂ ਬਣਾ ਰਹੀ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸੀਨਿਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਵੀ ਸੰਬੋਧਨ ਕੀਤਾ।