ਬਾਜਵਾ ਨੇ ਕਿਹਾ ਕਿ PHD ਡਿਗਰੀ ਵਾਲੇ ਸਬਜ਼ੀਆਂ ਵੇਚਣ ਲਈ ਮਜ਼ਬੂਰ ਤੇ CM ਮਾਨ...

By  Amritpal Singh December 27th 2023 06:02 PM

Punjab News: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਦਾਅਵਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚੋਂ ਬੇਰੁਜ਼ਗਾਰੀ ਖਤਮ ਕਰਨ ਦਾ ਝੂਠ ਬੋਲਿਆ ਹੈ। 

ਬਾਜਵਾ ਨੇ ਕਿਹਾ "ਹਲਹਿ ਵਿੱਚ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਪੀ ਐਚ ਡੀ ਡਿਗਰੀ ਵਾਲਾ ਸੰਦੀਪ ਸਿੰਘ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਸਬਜ਼ੀਆਂ ਵੇਚਣ ਲਈ ਮਜ਼ਬੂਰ ਹੈ। ਉਸ ਕੋਲ ਪੰਜ ਐਮ ਏ ਡਿਗਰੀਆਂ ਹਨ ਪਰ ਆਪ ਦੇ ਰਾਜ ਵਿੱਚ ਸਬਜ਼ੀਆਂ ਬੇਚਣ ਲਈ ਮਜ਼ਬੂਰ ਹੈ"

ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ 15 ਸਾਲ ਤੋਂ ਲੈ ਕੇ 29 ਸਾਲ ਦੀ ਉਮਰ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਸਾਲ ਜੁਲਾਈ ਤੋਂ ਸਤੰਬਰ ਤੱਕ ਪੰਜਾਬ ਵਿੱਚ ਉਪਰੋਕਤ ਉਮਰ ਵਰਗ ਦੇ 36.5 ਫ਼ੀਸਦੀ ਬੇਰੁਜ਼ਗਾਰ ਨੌਜਵਾਨ ਸਨ। ਜਦਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕ੍ਰਮਵਾਰ 33.2 ਫ਼ੀਸਦੀ ਅਤੇ 25.8 ਫ਼ੀਸਦੀ ਸੀ। 

ਉਨ੍ਹਾਂ ਕਿਹਾ ਕਿ ਇਹ ਰੋਜ਼ਾਨਾ ਦਾ ਦ੍ਰਿਸ਼ ਰਿਹਾ ਹੈ ਕਿ ਬੇਰੁਜ਼ਗਾਰ ਜਾਂ ਅਨਿਯਮਿਤ ਤੌਰ 'ਤੇ ਰੁਜ਼ਗਾਰ ਪ੍ਰਾਪਤ ਨੌਜਵਾਨ ਸਥਾਈ ਨੌਕਰੀਆਂ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਦੇ ਹਨ। ਕੁਝ ਮਹੀਨੇ ਪਹਿਲਾਂ ਇਕ ਬੇਰੁਜ਼ਗਾਰ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੇ 'ਆਪ' ਸਰਕਾਰ ਵੱਲੋਂ ਉਸ ਨੂੰ ਰੈਗੂਲਰ ਨੌਕਰੀ ਦੇਣ ਦੇ ਝੂਠੇ ਵਾਅਦਿਆਂ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਉਨ੍ਹਾਂ ਨੇ ਇਕ ਸੁਸਾਈਡ ਨੋਟ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਂ ਵੀ ਲਿਆ ਹੈ। 

ਬਾਜਵਾ ਨੇ ਕਿਹਾ ਕਿ ਭਾਵੇਂ 'ਆਪ' ਸਰਕਾਰ ਨੇ 2022 ਦੀਆਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਸੱਤਾ ਸੰਭਾਲਣ ਤੋਂ ਬਾਅਦ ਲੱਗਦਾ ਹੈ ਕਿ ਉਹ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਭੁੱਲ ਗਈ ਹੈ। ਪੰਜਾਬ ਸਰਕਾਰ ਨਿੱਜੀਕਰਨ ਨੂੰ ਤਰਜੀਹ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਫਰਾਂਸ ਤੋਂ ਵਾਪਸ ਭੇਜੇ ਗਏ 276 ਯਾਤਰੀਆਂ ਵਿਚੋਂ ਲਗਭਗ 70 ਫੀਸਦੀ ਪੰਜਾਬ ਦੇ ਹਨ। ਇਹ ਦਰਸਾਉਂਦਾ ਹੈ ਕਿ ਨੌਜਵਾਨਾਂ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਨੌਜਵਾਨ ਪੰਜਾਬ ਛੱਡਣ ਲਈ ਬੇਤਾਬ ਹਨ। ਬਾਜਵਾ ਨੇ ਕਿਹਾ ਕਿ ਸਰਕਾਰ ਕੋਲ ਪੰਜਾਬ ਦੀ ਪੜ੍ਹੀ-ਲਿਖੀ ਬ੍ਰਿਗੇਡ ਨੂੰ ਨੌਕਰੀਆਂ ਦੇਣ ਦਾ ਕੋਈ ਰੋਡਮੈਪ ਨਹੀਂ ਹੈ।

Related Post