ਡੇਰਾ ਬਿਆਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡੇਰਾ ਸਮਰਥਕਾਂ ਨਾਲ ਕੀਤੀ ਖ਼ਾਸ ਮੁਲਾਕਾਤ

By  Jasmeet Singh November 5th 2022 01:32 PM

ਚੰਡੀਗੜ੍ਹ, 5 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਪਹੁੰਚੇ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡੇਰੇ ਦਾ ਦੌਰਾ ਵੀ ਕੀਤਾ।

ਪ੍ਰਧਾਨ ਮੰਤਰੀ ਦਾ ਆਦਮਪੁਰ ਏਅਰਬੇਸ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਡੇਰਾ ਬਿਆਸ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਨੇ ਜਿੱਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਨ੍ਹਾਂ ਡੇਰੇ ਦਾ ਦੌਰਾ ਵੀ ਕੀਤਾ।

 ਇਸ ਦੌਰਾਨ ਪ੍ਰਧਾਨ ਮੰਤਰੀ ਸੰਗਤ ਭਵਨ ਵੀ ਪੁੱਜੇ ਅਤੇ ਉੱਥੇ ਮੌਜੂਦ ਡੇਰਾ ਸਮਰਥਕਾਂ ਨਾਲ ਰੂਬਰੂ ਵੀ ਹੋਏ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਡੇਰੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਦੋਵਾਂ ਦੀਆਂ ਕਮਰੇ ਵਿੱਚ ਬੈਠੇ ਗੱਲਾਂ ਕਰਨ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਡੇਰਾ ਬਿਆਸ ਦਾ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਕਾਫੀ ਪ੍ਰਭਾਵ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਡੇਰਾ ਬਿਆਸ ਦੇ ਪੈਰੋਕਾਰ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵੀ ਕਈ ਵਾਰ ਇੱਥੇ ਆਸ਼ੀਰਵਾਦ ਲੈਣ ਆ ਚੁੱਕੇ ਹਨ।

 ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਹਿਮਾਚਲ ਵਿੱਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਨੂੰ ਸੁੰਦਰਨਗਰ ਵਿੱਚ ਅਤੇ ਬਾਅਦ ਦੁਪਹਿਰ ਸੋਲਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਹ 9 ਨਵੰਬਰ ਨੂੰ ਕਾਂਗੜਾ ਦੇ ਸ਼ਾਹਪੁਰ ਚੰਬੀ ਮੈਦਾਨ 'ਚ ਚੋਣ ਰੈਲੀ ਕਰਨਗੇ। ਪ੍ਰਧਾਨ ਮੰਤਰੀ ਉਸੇ ਦਿਨ ਹਮੀਰਪੁਰ ਦੇ ਸੁਜਾਨਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। 

ਕਿਸਾਨ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਰੋਸ ਪ੍ਰਦਰਸ਼ਨ 

ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਜੱਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦਾ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ-ਮਜ਼ਦੂਰ ਸ਼ਹੀਦ ਹੋਏ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਮੌਤਾਂ 'ਤੇ ਸੋਗ ਦੇ ਦੋ ਸ਼ਬਦ ਵੀ ਨਹੀਂ ਬੋਲੇ ​​ਪਰ ਲਖੀਮਪੁਰ ਖੀਰੀ ਕਤਲੇਆਮ ਦੇ ਸਾਜ਼ਿਸ਼ਕਰਤਾ ਅਜੇ ਮਿਸ਼ਰਾ ਟੈਣੀ ਨੂੰ ਉਨ੍ਹਾਂ ਦੀ ਸਰਕਾਰ ਵਿੱਚ ਹੁਣ ਤੱਕ ਮੰਤਰੀ ਰਖਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਕਿੰਨੇ ਸੰਵੇਦਨਹੀਣ ਹਨ।

Related Post