Fri, Apr 26, 2024
Whatsapp

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਭਰ 'ਚ ਕਿਸਾਨਾਂ ਨੇ ਮੋਦੀ ਦੇ ਪੁਤਲੇ ਫ਼ੂਕੇ

Written by  Jasmeet Singh -- November 05th 2022 12:45 PM -- Updated: November 05th 2022 01:09 PM
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਭਰ 'ਚ ਕਿਸਾਨਾਂ ਨੇ ਮੋਦੀ ਦੇ ਪੁਤਲੇ ਫ਼ੂਕੇ

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਭਰ 'ਚ ਕਿਸਾਨਾਂ ਨੇ ਮੋਦੀ ਦੇ ਪੁਤਲੇ ਫ਼ੂਕੇ

ਅੰਮ੍ਰਿਤਸਰ, 5 ਨਵੰਬਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਡੇਰਾ ਬਿਆਸ ਮੁਖੀ ਨੂੰ ਮਿਲਣ ਪਹੁੰਚੇ ਸਨ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਦਿੱਲੀ-ਅੰਮ੍ਰਿਤਸਰ ਹਾਈਵੇਅ ਫਰੰਟ, ਦਾਣਾ ਮੰਡੀ ਜੰਡਿਆਲਾ, ਅੱਡਾ ਟਾਹਲੀ ਸਾਹਿਬ, ਟੋਲ ਪਲਾਜ਼ਾ ਕੱਥੂਨੰਗਲ ਸਮੇਤ 24 ਥਾਵਾਂ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਦੀ ਅਰਥੀ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਜੱਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦਾ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ-ਮਜ਼ਦੂਰ ਸ਼ਹੀਦ ਹੋਏ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਮੌਤਾਂ 'ਤੇ ਸੋਗ ਦੇ ਦੋ ਸ਼ਬਦ ਵੀ ਨਹੀਂ ਬੋਲੇ ​​ਪਰ ਲਖੀਮਪੁਰ ਖੀਰੀ ਕਤਲੇਆਮ ਦੇ ਸਾਜ਼ਿਸ਼ਕਰਤਾ ਅਜੇ ਮਿਸ਼ਰਾ ਟੈਣੀ ਨੂੰ ਉਨ੍ਹਾਂ ਦੀ ਸਰਕਾਰ ਵਿੱਚ ਹੁਣ ਤੱਕ ਮੰਤਰੀ ਰਖਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਕਿੰਨੇ ਸੰਵੇਦਨਹੀਣ ਹਨ।


ਕਿਸਾਨ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ ਅਤੇ ਦੋਸ਼ੀ ਅਜੈ ਮਿਸ਼ਰਾ ਨੂੰ 120ਬੀ ਤਹਿਤ ਗ੍ਰਿਫਤਾਰ ਕਰਕੇ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ, ਬਿਜਲੀ ਵੰਡ ਲਾਇਸੰਸ ਰੂਲਜ਼ 2022 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, 23 ਫਸਲਾਂ ਦੀ ਖਰੀਦ ਲਈ ਐਮ.ਐਸ.ਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਅਨੁਸਾਰ ਰੇਟ ਦਿੱਤੇ ਜਾਣ, ਪਰਾਲੀ ਸਾੜਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਇਸ ਦਾ ਸਥਾਈ ਹੱਲ ਕੀਤਾ ਜਾਵੇ, ਡੈਮ ਸੇਫਟੀ ਐਕਟ ਦੇ ਬਹਾਨੇ ਬੀ.ਬੀ.ਐਮ.ਬੀ. ਵਿੱਚ ਗੁਆਚੇ ਪੰਜਾਬ ਅਤੇ ਹਰਿਆਣਾ ਦੇ ਹਿੱਸੇ ਨੂੰ ਬਹਾਲ ਕੀਤਾ ਜਾਵੇ, ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ 'ਚੋਂ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਕਿਸਾਨਾਂ-ਮਜ਼ਦੂਰਾਂ 'ਤੇ ਕੀਤੇ ਗਏ ਪਰਚੇ ਰੱਦ ਕੀਤੇ ਜਾਣ ਅਤੇ ਬਿਜਲੀ ਵੰਡ ਲਾਇਸੰਸ ਪ੍ਰਣਾਲੀ ਨੂੰ ਵੀ ਰੱਦ ਕੀਤਾ ਜਾਵੇ।

ਕਿਸਾਨ ਨੇਤਾਵਾਂ ਨੇ ਕਿਹਾ ਕਿ ਲੋਕਾਂ ਦੀ ਆਸਥਾ ਨਾਲ ਜੁੜੇ ਧਾਰਮਿਕ ਡੇਰਿਆਂ ਨੂੰ ਰਾਜਨੀਤੀ ਤੋਂ ਦੂਰੀ ਬਣਾ ਕੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸੂਬੇ ਦੀ ਸੰਭਾਲ ਕਰਨ ਦੀ ਬਜਾਏ ਪਾਰਟੀ ਦੇ ਇੱਕ ਆਮ ਵਰਕਰ ਵਾਂਗ ਹੋਰਨਾਂ ਸੂਬਿਆਂ ਵਿੱਚ ਪ੍ਰਚਾਰ ਕਰ ਰਹੇ ਨੇ ਜਦਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਵਿਗੜਦੀ ਜਾ ਰਹੀ ਹੈ,  ਰੇਤ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ ਤੇ ਨਸ਼ਿਆਂ ਕਾਰਨ ਨੌਜਵਾਨ ਰੋਜ਼ ਮਰ ਰਹੇ ਹਨ। 

- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ 

- PTC NEWS

Top News view more...

Latest News view more...