PU ਵਿਦਿਆਰਥੀ ਚੋਣਾਂ ਚ ABVP ਦੀ ਵੱਡੀ ਜਿੱਤ ,ਗੌਰਵ ਵੀਰ ਸੋਹਲ ਬਣੇ PU ਦੇ ਨਵੇਂ ਪ੍ਰਧਾਨ

PU Student Elections 2025 : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ ਦੇ ਨਤੀਜੇ ਆ ਗਏ ਹਨ। ਪੰਜਾਬ ਯੂਨੀਵਰਸਿਟੀ ਚੋਣਾਂ 'ਚ ਪਹਿਲੀ ਵਾਰ ABVP ਦੀ ਵੱਡੀ ਜਿੱਤ ਹੋ ਗਈ ਹੈ ਤੇ ਗੌਰਵ ਵੀਰ ਸੋਹਲ PU ਦੇ ਨਵੇਂ ਪ੍ਰਧਾਨ ਬਣੇ ਹਨ। ਗੌਰਵ ਵੀਰ ਸੋਹਲ, ਜੋ ਕਿ ਕਾਨੂੰਨ ਵਿਭਾਗ (Department of Laws) ਤੋਂ ਇੱਕ ਖੋਜ ਵਿਦਵਾਨ (Research Scholar) ਹਨ, ਪਿਛਲੇ ਕਈ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ

By  Shanker Badra September 3rd 2025 07:02 PM -- Updated: September 3rd 2025 08:55 PM

 PU Student Elections 2025 : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵੀਰਵਾਰ ਨੂੰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਈਆਂ। ਇਸ ਵਾਰ ਨਤੀਜਿਆਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਪੰਜਾਬ ਯੂਨੀਵਰਸਿਟੀ ਚੋਣਾਂ 'ਚ ਪਹਿਲੀ ਵਾਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੀ ਵੱਡੀ ਜਿੱਤ ਹੋ ਗਈ ਹੈ ਤੇ ਗੌਰਵ ਵੀਰ ਸੋਹਲ PU ਦੇ ਨਵੇਂ ਪ੍ਰਧਾਨ ਬਣੇ ਹਨ। ਉਪ-ਪ੍ਰਧਾਨ ਦਾ ਅਹੁਦਾ ਸੱਥ ਪਾਰਟੀ ਦੇ ਅਸ਼ਮੀਤ ਸਿੰਘ ਨੇ ਜਿੱਤਿਆ। ਸੋਪੂ ਦੇ ਅਭਿਸ਼ੇਕ ਡਾਗਰ ਨੂੰ ਸੈਕਟਰੀ ਦਾ ਅਹੁਦਾ ਮਿਲਿਆ ਅਤੇ ਆਜ਼ਾਦ ਉਮੀਦਵਾਰ ਮੋਹਿਤ ਮੰਦੇਰਨਾ ਜੁਆਇੰਟ ਸੈਕਟਰੀ ਬਣੇ।

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਗੌਰਵ ਵੀਰ ਸੋਹਲ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਪ੍ਰੀਸ਼ਦ (PUCSC) ਚੋਣਾਂ 2025 ਵਿੱਚ ਪ੍ਰਧਾਨ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ ਸੀ। ਗੌਰਵ ਵੀਰ ਸੋਹਲ, ਜੋ ਕਿ ਕਾਨੂੰਨ ਵਿਭਾਗ (Department of Laws) ਤੋਂ ਇੱਕ ਖੋਜ ਵਿਦਵਾਨ (Research Scholar) ਹਨ, ਪਿਛਲੇ ਕਈ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।

PU ਚੋਣਾਂ 'ਚ ਪ੍ਰਧਾਨ ਦੇ ਅਹੁਦੇ ਲਈ ਮੈਦਾਨ 'ਚ ਸਨ 8 ਉਮੀਦਵਾਰ  

ਪੰਜਾਬ ਯੂਨੀਵਰਸਿਟੀ ਚੋਣਾਂ 'ਚ ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰ ਮੈਦਾਨ ਵਿੱਚ ਸਨ। ਗੌਰਵ ਵੀਰ ਸੋਹਲ ਨੂੰ 3148 ਵੋਟਾਂ, ਅਰਦਾਸ ਨੂੰ 318 ਵੋਟਾਂ, ਜੋਬਨਪ੍ਰੀਤ ਸਿੰਘ ਨੂੰ 198 ਵੋਟਾਂ, ਮਨਕੀਰਤ ਸਿੰਘ ਮਾਨ ਨੂੰ 1184 ਵੋਟਾਂ, ਨਵਨੀਤ ਕੌਰ ਨੂੰ 136 ਵੋਟਾਂ, ਪਰਬਜੋਤ ਸਿੰਘ ਗਿੱਲ ਨੂੰ 1359 ਵੋਟਾਂ, ਸੀਰਤ ਨੂੰ 422 ਵੋਟਾਂ ਅਤੇ ਸੁਮਿਤ ਕੁਮਾਰ ਨੂੰ 2660 ਵੋਟਾਂ ਮਿਲੀਆਂ। ਜਦੋਂ ਕਿ 188 ਲੋਕਾਂ ਨੇ ਨੋਟਾ ਦਬਾਇਆ।

ਦੱਸ ਦੇਈਏ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਭਾਰੀ ਮੀਂਹ ਦੌਰਾਨ ਵਿਦਿਆਰਥੀ ਯੂਨੀਅਨ ਦੇ ਕਈ ਅਹੁਦਿਆਂ ਲਈ ਚੋਣਾਂ ਹੋਈਆਂ ਸਨ। ਜਿਸ 'ਚ ਹਜ਼ਾਰਾਂ ਵਿਦਿਆਰਥੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰ ਮੈਦਾਨ ਵਿੱਚ ਸਨ। ਕੈਂਪਸ ਦਾ ਮਾਹੌਲ ਰਾਜਨੀਤਿਕ ਰੰਗਾਂ ਵਿੱਚ ਡੁੱਬਿਆ ਹੋਇਆ ਸੀ।

ਸੁਰੱਖਿਆ ਲਈ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ। ਵਿਦਿਆਰਥੀਆਂ ਵਿਚਕਾਰ ਝੜਪਾਂ ਨੂੰ ਰੋਕਣ ਲਈ ਯੂਨੀਵਰਸਿਟੀ ਕੈਂਪਸ ਵਿੱਚ 11 ਡੀਐਸਪੀ, 10 ਐਸਐਚਓ, 10 ਇੰਸਪੈਕਟਰ, 9 ਚੌਕੀ ਇੰਚਾਰਜ ਅਤੇ 988 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੀ ਸੀ। ਇਸ ਤੋਂ ਪਹਿਲਾਂ ਦਿਨ ਭਰ ਵਿਦਿਆਰਥੀ ਆਗੂ ਛੱਤਰੀਆਂ ਲੈ ਕੇ ਵਿਭਾਗਾਂ ਦੇ ਬਾਹਰ ਖੜ੍ਹੇ ਅਤੇ ਵੋਟਾਂ ਮੰਗਦੇ ਦੇਖੇ ਗਏ।


Related Post