Punjab Assembly Elections 2027: ਧੂਰੀ ਹਲਕੇ ਚ ਕੀ ਇਸ ਵਾਰ ਬਦਲੇਗਾ ਚੋਣਾਂ ਦਾ ਸਮੀਕਰਨ
ਧੂਰੀ 'ਚ ਚੋਣਾਂ ਦਾ ਬਿਗੁਲ, ਕਿਸਦੇ ਸਿਰ 'ਤੇ ਸਜੇਗਾ ਤਾਜ ?
Punjab Assembly Elections 2027 - Dhuri constituency : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਸੂਬੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਪੱਧਰ 'ਤੇ ਚੋਣ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਸੰਗਰੂਰ ਜ਼ਿਲ੍ਹੇ ਦਾ ਧੂਰੀ ਵਿਧਾਨ ਸਭਾ ਹਲਕਾ ਵੀ ਸਿਆਸੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਹਲਕਾ ਇਸ ਲਈ ਵੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਸੇ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।
ਧੂਰੀ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ, ਆਗੂਆਂ ਦੀ ਲੋਕਾਂ ਨਾਲ ਮੁਲਾਕਾਤ ਅਤੇ ਪਿੰਡ ਪੱਧਰ 'ਤੇ ਹੋਣ ਵਾਲੀਆਂ ਮੀਟਿੰਗਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਹਾਲਾਂਕਿ ਚੋਣਾਂ ਵਿੱਚ ਅਜੇ ਸਮਾਂ ਹੈ, ਪਰ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸੂਬੇ ਵਿੱਚ ਸਿਆਸੀ ਹਲਚਲ ਤੇਜ਼ ਹੋਣ ਲੱਗੀ ਹੈ। ਇਸ ਵਾਰ ਸੰਗਰੂਰ ਜ਼ਿਲ੍ਹੇ ਦਾ ਧੂਰੀ ਵਿਧਾਨ ਸਭਾ ਹਲਕਾ ਖਾਸ ਚਰਚਾ ਵਿੱਚ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਇਸੇ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਨੇ 31 ਅਕਤੂਬਰ 2026 ਨੂੰ ਜਾਰੀ ਆਪਣੀ ਪਹਿਲੀ 40 ਉਮੀਦਵਾਰਾਂ ਦੀ ਸੂਚੀ ਵਿੱਚ ਭਗਵੰਤ ਮਾਨ ਨੂੰ ਧੂਰੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ।
ਇਹ ਵੀ ਪੜ੍ਹੋ :
Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ
ਜੇਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸਾਲ 2022 ਵਿੱਚ ਭਗਵੰਤ ਮਾਨ ਨੇ ਧੂਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਭਗਵੰਤ ਮਾਨ ਨੂੰ 82,592 ਵੋਟਾਂ ਮਿਲੀਆਂ ਸਨ, ਜਦਕਿ ਦਲਵੀਰ ਸਿੰਘ ਗੋਲਡੀ 24,386 ਵੋਟਾਂ ਹੀ ਹਾਸਲ ਕਰ ਸਕੇ ਸਨ। ਉਸ ਸਮੇਂ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਵੱਡੀ ਲਹਿਰ ਸੀ ਅਤੇ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ।
ਵਿਰੋਧੀ ਪਾਰਟੀਆਂ ਲਈ ਧੂਰੀ ਬਣ ਸਕਦਾ ਹੈ ਵੱਡੀ ਚੁਣੌਤੀ
ਧੂਰੀ ਹਲਕੇ ਵਿੱਚ ਇਸ ਵਾਰ ਮੁੱਖ ਮੁਕਾਬਲਾ ਕਿਹੜੀਆਂ ਪਾਰਟੀਆਂ ਵਿਚਕਾਰ ਹੋਵੇਗਾ, ਇਹ ਆਉਣ ਵਾਲੇ ਸਮੇਂ ਵਿੱਚ ਸਪੱਸ਼ਟ ਹੋਵੇਗਾ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵੱਲੋਂ ਆਪਣੀ ਸਿਆਸੀ ਸਥਿਤੀ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਨਾਂ ਵੀ ਧੂਰੀ ਤੋਂ ਸੰਭਾਵੀ ਉਮੀਦਵਾਰ ਵਜੋਂ ਚਰਚਾ ਵਿੱਚ ਰਿਹਾ ਹੈ। ਉਨ੍ਹਾਂ ਨੇ 2017 ਵਿੱਚ ਇਸੇ ਹਲਕੇ ਤੋਂ ਚੋਣ ਜਿੱਤੀ ਸੀ। ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਧੂਰੀ ਹਲਕੇ ਵਿੱਚ ਇਸ ਵਾਰ ਵਾਰ ਲੋਕ ਕਿਸ ਉੱਤੇ ਭਰੋਸਾ ਜਿਤਾਉਣਗੇ, ਕੀ ਇਸ ਵਾਰ ਪਾਰਟੀ ਵੱਡੀ ਹੋਵੇਗੀ ਜਾਂ ਲੋਕ ਚਿਹਰੇ 'ਤੇ ਭਰੋਸਾ ਜਿਤਾਉਣਗੇ। ਧੂਰੀ ਹਲਕੇ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਸਾਲ 2022 ਵਿਚ ਲੋਕਾਂ ਨੇ ਭਗਵੰਤ ਮਾਨ 'ਤੇ ਭਰੋਸਾ ਜਤਾ ਕੇ ਵੱਡੀ ਲੀਡ ਨਾਲ ਜਿੱਤ ਦਵਾਈ ਅਤੇ ਬਾਅਦ ਵਿਚ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਠਾਇਆ ਗਿਆ। ਪਰ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਸਰਕਾਰ ਧੂਰੀ ਹਲਕੇ ਸਮੇਤ ਪੂਰੇ ਸੂਬੇ 'ਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਘਿਰਦੀ ਨਜਰ ਆ ਰਹੀ ਹੈ। ਇਸ ਵੇਲੇ ਪੰਜਾਬ 'ਚ ਨਸ਼ੇ ਦਾ ਮੁੱਦਾ ਸਭ ਤੋਂ ਮੁੱਖ ਮੁੱਦਾ ਹੈ ਜਿਸ 'ਤੇ ਸਰਕਾਰ ਫੇਲ੍ਹ ਸਾਬਿਤ ਹੋਈ ਹੈ। ਸੂਬੇ 'ਚ ਆਏ ਦਿਨ ਕੋਈ ਨਾ ਕੋਈ ਖਬਰ ਅਜਿਹੀ ਮਿਲ ਜਾਂਦੀ ਹੈ ਜਿਸ ਨਾਲ ਇੱਥੇ ਨਸ਼ੇ ਦੇ ਕਾਲੇ ਕਾਰੋਬਾਰ ਦੀ ਪੋਲ ਖੁੱਲਦੀ ਸਾਫ ਤੌਰ 'ਤੇ ਨਜਰ ਆ ਜਾਂਦੀ ਹੈ। ਸੰਗਰੂਰ ਜ਼ਿਲ੍ਹੇ 'ਚ ਜਿਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ , ਉਨ੍ਹਾਂ ਨਾਲ ਸਥਾਨਕ ਲੋਕਾਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਆਪ ਸਰਕਾਰ ਨੇ 2022 'ਚ ਸਰਕਾਰ ਬਣਨ ਤੋਂ ਪਹਿਲਾ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ 'ਚੋਂ ਮੁੱਖ ਵਾਅਦਾ ਸੂਬੇ 'ਚੋਂ ਨਸ਼ੇ ਦੇ ਖਾਤਮੇ ਦਾ ਸੀ। ਉਨ੍ਹਾਂ ਵਾਅਦਾ ਕੀਤਾ ਸੀ ਸਰਕਾਰ ਬਣਨ 'ਤੇ ਕੁਝ ਹਫਤਿਆਂ ਜਾਂ ਮਹੀਨਿਆਂ ਦੇ ਅੰਦਰ ਹੀ ਨਸ਼ੇ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰ ਦਿੱਤਾ ਜਾਵੇਗਾ, ਪਰ ਜੇਕਰ ਹੁਣ ਦੇਖਿਆ ਜਾਵੇ ਤਾਂ ਨਸ਼ਾ ਖ਼ਤਮ ਹੋਣ ਦੀ ਥਾਂ ਦਿਨੋਂ ਦਿਨ ਵੱਧਦਾ ਹੀ ਨਜਰ ਆ ਰਿਹਾ ਹੈ, ਜਿਸ ਨਾਲ ਸਰਕਾਰ ਦੇ ਦਾਅਵਿਆਂ ਦੀ ਹਵਾ ਨਿਕਲਦੀ ਸਾਫ਼ ਦਿਸਦੀ ਹੈ।
ਇਸ ਵਾਰ ਕਿਹੜੀ ਪਾਰਟੀ ਦਾ ਕਿਹੜਾ ਸੰਭਾਵੀ ਉਮੀਦਵਾਰ ਚੋਣ ਰਣਨੀਤੀ 'ਚ ਕੁੱਦਣ ਲਈ ਤਿਆਰ ਹੈ ਅਤੇ ਕਿਹੜੀ ਪਾਰਟੀ ਇਸ ਵਾਰ ਕਿਸ ਉਮੀਦਵਾਰ 'ਤੇ ਭਰੋਸਾ ਜਤਾਏਗੀ। ਦੇਖਦੇ ਹਾਂ ਕਿ ਇਸ ਵਾਰ ਲੋਕ ਇਥੇ ਕਿਹੜੇ ਮੂਡ ਨਾਲ ਵੋਟਾਂ ਭੁਗਤਾਉਣਗੇ। ਆਮ ਆਦਮੀ ਪਾਰਟੀ ਧੂਰੀ ਹਲਕੇ ਨੂੰ ਆਪਣਾ ਗੜ੍ਹ ਦੱਸਦੀ ਹੈ।
ਦੂਜੇ ਪਾਸੇ ਧੂਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖੇਤੀਬਾੜੀ ਅਤੇ ਸਿੰਚਾਈ ਨਾਲ ਸਬੰਧਤ ਮੰਗਾਂ ਵੀ ਚੋਣਾਂ ਵਿੱਚ ਅਹਿਮ ਰਹਿ ਸਕਦੀਆਂ ਹਨ।
ਇਸ ਵਾਰ ਧੂਰੀ ਵਿੱਚ ਮੁਕਾਬਲਾ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਿਛਲੇ ਕਾਰਜਕਾਲ ਅਤੇ ਸਰਕਾਰ ਦੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਲੋਕਾਂ ਵਿੱਚ ਜਾਣਗੇ, ਜਦਕਿ ਵਿਰੋਧੀ ਪਾਰਟੀਆਂ ਸਰਕਾਰ ਦੀ ਕਾਰਗੁਜ਼ਾਰੀ ਅਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਸਵਾਲ ਉਠਾ ਸਕਦੀਆਂ ਹਨ।
ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਲੋਕ ਦੋਬਾਰਾ ਭਗਵੰਤ ਮਾਨ 'ਤੇ ਭਰੋਸਾ ਜਿਤਾਉਣਗੇ ਜਾਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ। ਪਰ ਇਹ ਗੱਲ ਜਰੂਰ ਯਕੀਨਨ ਹੈ ਕਿ ਇਸ ਵਾਰ ਭਗਵੰਤ ਮਾਨ ਦੇ ਲਈ ਰਸਤਾ ਬਹੁਤ ਸੁਖਾਲਾ ਰਹਿਣ ਵਾਲਾ ਨਹੀਂ ਹੈ। ਲੋਕ ਜਵਾਬ ਮੰਗਣ ਲਈ ਤਿਆਰ ਬੈਠੇ ਹਨ।
ਵਿਰੋਧੀ ਪਾਰਟੀਆਂ ਧੂਰੀ ਵਿੱਚ ਮੁੱਖ ਮੰਤਰੀ ਨੂੰ ਟੱਕਰ ਦੇਣ ਲਈ ਕਿਸ ਆਗੂ ਨੂੰ ਮੈਦਾਨ ਵਿੱਚ ਉਤਾਰਦੀਆਂ ਹਨ ਅਤੇ ਚੋਣਾਂ ਤੱਕ ਸਿਆਸੀ ਸਮੀਕਰਨ ਕਿਸ ਤਰ੍ਹਾਂ ਬਦਲਦੇ ਹਨ। 2022 ਵਿੱਚ ਵੱਡੀ ਜਿੱਤ ਹਾਸਲ ਕਰਨ ਵਾਲੇ ਭਗਵੰਤ ਮਾਨ ਲਈ 2027 ਦੀ ਚੋਣ ਆਪਣੇ ਸਿਆਸੀ ਗੜ੍ਹ ਵਿੱਚ ਮੁੜ ਲੋਕਾਂ ਦਾ ਫਤਵਾ ਹਾਸਲ ਕਰਨ ਦੀ ਅਹਿਮ ਪਰਖ ਹੋਵੇਗੀ।