ਖ਼ਤਮ ਨਹੀਂ ਹੋ ਰਿਹਾ ਪੰਜਾਬ ਕਾਂਗਰਸ ਵਿਚਲਾ ਕਾਟੋ-ਕਲੇਸ਼; ਹੁਣ ਵੜਿੰਗ ਖਿਲਾਫ ਖੁੱਲ੍ਹ ਕੇ ਸਾਹਮਣੇ ਆਏ MP ਸ਼ੇਰ ਸਿੰਘ ਘੁਬਾਇਆ
ਕਾਂਗਰਸ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਇੱਕ ਬਿਆਨ ’ਚ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਠੀਕ ਪ੍ਰਧਾਨ ਹੁੰਦੇ ਤਾਂ ਇਨ੍ਹਾਂ ਰੋਲਾ ਨਹੀਂ ਪੈਣਾ ਸੀ।
Punjab Congress Internal Conflict : ਪੰਜਾਬ ਵਿਧਾਨ ਸਭਾ ਚੋਣਾਂ 2027 ਲਗਭਗ ਸੱਤ ਮਹੀਨਿਆਂ ਵਿੱਚ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰ ਧੜੇਬੰਦੀ ਬੇਰੋਕ ਜਾਰੀ ਹੈ। ਦੱਸ ਦਈਏ ਕਿ ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਰਾਜਾ ਵੜਿੰਗ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੰਜਾਬ ਦੇ ਲੋਕ ਵੜਿੰਗ ਤੋਂ ਨਾਰਾਜ਼ ਹਨ।
MP ਸ਼ੇਰ ਸਿੰਘ ਘੁਬਾਇਆ ਦਾ ਵੜਿੰਗ ਖਿਲਾਫ ਬਿਆਨ
ਕਾਂਗਰਸ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਇੱਕ ਬਿਆਨ ’ਚ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਠੀਕ ਪ੍ਰਧਾਨ ਹੁੰਦੇ ਤਾਂ ਇਨ੍ਹਾਂ ਰੋਲਾ ਨਹੀਂ ਪੈਣਾ ਸੀ। ਕਾਂਗਰਸ ਦੇ ਬਹੁਤ ਹੀ ਲੀਡਰ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦੇ ਹਨ। ਉਹ ਇਸ ਗੱਲ ’ਤੇ ਬਿਲਕੁੱਲ ਸਹਿਮਤ ਹਨ।
ਰਾਹੁਲ ਗਾਂਧੀ ਵੱਲੋਂ ਲਿਆ ਜਾਵੇਗਾ ਫੈਸਲਾ- ਘੁਬਾਇਆ
ਇਸ ਤੋ ਇਲਾਵਾ ਭੁਪੇਸ਼ ਬਘੇਲ ਵੱਲੋਂ ਪੰਜਾਬ ਫੇਰੀ ਦੇ ਸਮੇਂ ’ਤੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜੇਕਰ ਸੰਸਦ ’ਚ ਸੈਸ਼ਨ ਨਾ ਚਲਦਾ ਹੁੰਦਾ ਤਾਂ ਠੀਕ ਸੀ ਪਰ ਹੁਣ ਕਈ ਲੀਡਰ ਦਿੱਲੀ ਸੰਸਦ ਸੈਸ਼ਸਨ ’ਚ ਰੁਝੇ ਹੋਏ ਹਨ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਆਖਰ ’ਤੇ ਪੰਜਾਬ ਕਾਂਗਰਸ ਦੇ ਕਲੇਸ਼ ’ਤੇ ਰਾਹੁਲ ਗਾਂਧੀ ਵੱਲੋਂ ਹੀ ਫੈਸਲਾ ਲਿਆ ਜਾਵੇਗਾ।
ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸੀ ਵਿਵਾਦ
ਕਾਬਿਲੇਗੌਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਧਾਨ ਦੇ ਅਹੁਦੇ ਦੇ ਐਲਾਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਅੰਦਰ ਅੰਦਰੂਨੀ ਵਿਵਾਦ ਸਿਖਰ 'ਤੇ ਪਹੁੰਚ ਗਿਆ ਸੀ। 1 ਜੁਲਾਈ ਨੂੰ, ਕਾਂਗਰਸ ਹਾਈਕਮਾਂਡ ਨੇ ਐਲਾਨ ਕੀਤਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਇਸ ਨਾਲ ਵਿਵਾਦ ਹੋਰ ਵਧ ਗਿਆ, ਅਤੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਖੁੱਲ੍ਹ ਕੇ ਇਸਦਾ ਵਿਰੋਧ ਕੀਤਾ।
ਬਘੇਲ ਦੀਆਂ ਕਈ ਹਦਾਇਤਾਂ ਤੋਂ ਬਾਅਦ, ਚੰਨੀ ਅਤੇ ਉਨ੍ਹਾਂ ਦੇ ਆਗੂਆਂ ਦੇ ਸਮੂਹ ਨੇ 16 ਜੁਲਾਈ ਨੂੰ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ, ਚੰਨੀ ਦਾ ਸੁਰ ਨਰਮ ਹੋ ਗਿਆ। ਉਨ੍ਹਾਂ ਬਾਅਦ ਵਿੱਚ ਕਿਹਾ ਕਿ ਪਾਰਟੀ ਦੇ ਅੰਦਰ ਸਭ ਠੀਕ ਹੈ। ਪਾਰਟੀ ਵਿੱਚ ਹਰ ਕੋਈ ਹਾਈਕਮਾਂਡ ਦੇ ਨਾਲ ਹੈ। ਅਸੀਂ ਆਪਣਾ ਪੱਖ ਪੇਸ਼ ਕੀਤਾ ਸੀ ਖੈਰ ਹੁਣ ਇਸ ਲਈ ਅਸੀਂ ਪਾਰਟੀ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਸੀ। ਹੁਣ ਸਭ ਕੁਝ ਠੀਕ ਹੈ।
ਨਹੀਂ ਬਦਲਿਆ ਗਿਆ ਪੰਜਾਬ ਕਾਂਗਰਸ ਦਾ ਪ੍ਰਧਾਨ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਦੇ ਵਿਚਕਾਰ, ਪਾਰਟੀ ਹਾਈ ਕਮਾਂਡ ਨੇ ਸਪੱਸ਼ਟ ਸੰਕੇਤ ਦਿੱਤਾ ਸੀ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਹੀਂ ਬਦਲਿਆ ਜਾਵੇਗਾ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਸ ਸਮੇਂ ਲੀਡਰਸ਼ਿਪ ਵਿੱਚ ਤਬਦੀਲੀ ਸੰਗਠਨ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਚੋਣ ਤਿਆਰੀਆਂ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।
ਇਹ ਵੀ ਪੜ੍ਹੋ : Punjab Bandh : ਸਫਾਈ ਸੇਵਕਾਂ ਦਾ ਪੰਜਾਬ ਬੰਦ ਅੱਜ, 9 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਬੰਦ, ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ ?