Fake Milk Video ਤੇ ਵਿਵਾਦਾਂ ਚ ਫਸੇ MP ਚਰਨਜੀਤ ਚੰਨੀ, ਪੰਜਾਬ ਦੋਧੀ ਯੂਨੀਅਨ ਨੇ ਐਸਐਸਪੀ ਬਠਿੰਡਾ ਨੂੰ ਦਿੱਤੀ ਸ਼ਿਕਾਇਤ

Fake Milk Video Controversy : ਪੰਜਾਬ ਦੁੱਧ ਦੀ ਡਾਇਰੀ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅੱਜ ਵੱਡੀ ਗਿਣਤੀ ਵਿੱਚ ਦੁੱਧ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਨਾਲ ਲੈ ਕੇ ਐਸਐਸਪੀ ਬਠਿੰਡਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਸ਼ਿਕਾਇਤ ਦਿੱਤੀ ਗਈ।

By  KRISHAN KUMAR SHARMA April 17th 2026 01:54 PM

Fake Milk Video Controversy : ਪਿਛਲੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (MP Charanjit Singh Channi) ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਦਾਅਵੇ ਨਾਲ ਦੱਸਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਵਿਚਲੇ ਦੁੱਧ ਦੇ ਕਾਰੋਬਾਰ (Punjab Fake Milk) ਨਾਲ ਜੁੜੇ ਹੋਏ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੁੱਧ ਦੀ ਡਾਇਰੀ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅੱਜ ਵੱਡੀ ਗਿਣਤੀ ਵਿੱਚ ਦੁੱਧ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਨਾਲ ਲੈ ਕੇ ਐਸਐਸਪੀ ਬਠਿੰਡਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਸ਼ਿਕਾਇਤ ਦਿੱਤੀ ਗਈ।

ਸ਼ਿਕਾਇਤ ਦੇਣ ਪਿੱਛੇ ਦੋਧੀ ਯੂਨੀਅਨ ਦਾ ਕੀ ਹੈ ਮਕਸਦ ?

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਦਿਨੀ ਨਕਲੀ ਦੁੱਧ ਬਣਾਉਣ ਦੀ ਪ੍ਰਕਿਰਿਆ ਨੂੰ ਦੱਸਦੇ ਹੋਏ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਉਹਨਾਂ ਦੇ ਕਾਰੋਬਾਰ ਉੱਪਰ ਕਾਫੀ ਪ੍ਰਭਾਵ ਪਿਆ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਵੀਡੀਓ ਵਿੱਚ ਦਰਸਾਇਆ ਗਿਆ ਹੈ, ਉਹ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਾ ਹੈ ਕਿਉਂਕਿ ਜਿਸ ਢੰਗ ਤਰੀਕੇ ਨਾਲ ਯੂਰੀਆ ਰਾਹੀਂ ਦੁੱਧ ਬਣਾਉਣ ਦੀ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਖੀ ਗਈ ਹੈ, ਅਜਿਹੇ ਤਰੀਕੇ ਨਾਲ ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਲੋਕਾਂ ਵੱਲੋਂ ਦੁੱਧ ਦੇ ਕਾਰੋਬਾਰੀਆਂ ਨੂੰ ਲਗਾਤਾਰ ਸਵਾਲ ਕੀਤੇ ਜਾ ਰਹੇ ਹਨ ਕਿ ਤੁਸੀਂ ਯੂਰੀਏ ਤੋਂ ਦੁੱਧ ਤਾਂ ਨਹੀਂ ਤਿਆਰ ਕਰਦੇ, ਪਰ ਅਜਿਹਾ ਹਰਗਿਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਘਰ-ਘਰ ਜਾ ਕੇ ਦੁੱਧ ਇਕੱਠਾ ਕੀਤਾ ਜਾਂਦਾ ਹੈ ਅਤੇ ਅੱਗੇ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਂਦਾ ਹੈ  ਪਰ ਜੇਕਰ ਮੰਨ ਲਿਆ ਜਾਵੇ ਕਿ ਯੂਰੀਏ ਨਾਲ ਦੁੱਧ ਤਿਆਰ ਹੁੰਦਾ ਹੈ ਤਾਂ ਕਈ ਲੋਕ ਅਜਿਹਾ ਤਜਰਬਾ ਕਰ ਸਕਦੇ ਹਨ, ਜਿਸ ਨਾਲ ਸਮਾਜ ਵਿੱਚ ਕਈ ਘਾਤਕ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਹੈ।

ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਲੋਕਾਂ ਵਿੱਚ ਡਰ ਅਤੇ ਗਲਤ ਅਫਵਾਵਾਂ ਫੈਲਾਉਣ ਲਈ ਵਾਇਰਲ ਕੀਤੀ ਗਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀਡੀਓ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਹੀ ਉਹਨਾਂ ਵੱਲੋਂ ਅੱਜ ਐਸਐਸਪੀ ਬਠਿੰਡਾ ਨੂੰ ਸਾਬਕਾ ਮੁੱਖ ਮੰਤਰੀ ਖਿਲਾਫ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਤੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Related Post