SSP ਪਟਿਆਲਾ ਵਰੁਣ ਸ਼ਰਮਾ ਦੀਆਂ ਵਧੀਆਂ ਮੁਸ਼ਕਿਲਾਂ ! ਕਥਿਤ ਆਡੀਓ ਮਾਮਲੇ ਚ ਪੰਜਾਬ ਚੋਣ ਕਮਿਸ਼ਨ ਵੱਲੋਂ DGP ਪੰਜਾਬ ਨੂੰ ਜਾਂਚ ਦੇ ਹੁਕਮ

SSP Patiala Varun Sharma Audio Case : ਸਟੇਟ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਨੋਟਿਸ ਜਾਰੀ ਕਰਦਿਆਂ ਐਸਐਸਪੀ ਪਟਿਆਲਾ ਦੀ ਕਥਿਤ ਆਡੀਓ ਵਾਇਰਲ ਦੇ ਮਾਮਲੇ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

By  KRISHAN KUMAR SHARMA December 5th 2025 12:44 PM -- Updated: December 5th 2025 01:11 PM

SSP Patiala Varun Sharma Audio Case : ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਅਕਾਲੀ ਵੱਲੋਂ ਐਸਐਸਪੀ ਪਟਿਆਲਾ ਦੀ ਕਥਿਤ ਆਡੀਓ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਤੋਂ ਬਾਅਦ ਪੁਲਿਸ ਅਧਿਕਾਰੀ ਵਰੁਣ ਸ਼ਰਮਾ ਲਗਾਤਾਰ ਮੁਸ਼ਕਿਲ 'ਚ ਘਿਰਦੇ ਜਾ ਰਹੇ ਹਨ। ਹੁਣ ਪੰਜਾਬ ਰਾਜ ਚੋਣ ਕਮਿਸ਼ਨ ਨੇ ਇਸ ਕਥਿਤ ਆਡੀਓ ਮਾਮਲੇ ਵਿੱਚ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਅਨੁਸਾਰ, ਸਟੇਟ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਨੋਟਿਸ ਜਾਰੀ ਕਰਦਿਆਂ ਐਸਐਸਪੀ ਪਟਿਆਲਾ ਦੀ ਕਥਿਤ ਆਡੀਓ ਵਾਇਰਲ ਦੇ ਮਾਮਲੇ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕਮਿਸ਼ਨ ਨੇ ਡੀਜੀਪੀ ਨੂੰ ਜਲਦ ਤੋਂ ਜਲਦ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਜਾਰੀ ਕੀਤੀ ਸੀ ਕਥਿਤ ਆਡੀਓ

ਚੋਣ ਕਮਿਸ਼ਨ ਦਾ ਇਹ ਕਦਮ ਪੰਜਾਬ ਹਰਿਆਣਾ ਹਾਈਕੋਰਟ ਦੀ ਸਖਤੀ ਤੋਂ ਬਾਅਦ ਆਇਆ ਹੈ। ਦੱਸ ਦਈਏ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਜਿਥੇ ਪਹਿਲਾਂ ਹੀ ਸੱਤਾਧਿਰ ਆਮ ਆਦਮੀ ਪਾਰਟੀ ਤੇ ਪੁਲਿਸ ਨਾਲ ਮਿਲੀਭੁਗਤ ਕਰਕੇ ਧੱਕੇਸ਼ਾਹੀ ਦੇ ਦੋਸ਼ ਲਾਏ ਜਾ ਰਹੇ ਹਨ, ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਆਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਾਇਰਲ ਕਰਕੇ ਇਸ ਦੇ ਐਸਐਸਪੀ ਵਰੁਣ ਸ਼ਰਮਾ ਦੇ ਹੋਣ ਦਾ ਦਾਅਵਾ ਕੀਤਾ ਸੀ ਅਤੇ ਇਸ ਵਿੱਚ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੋਕੇ ਜਾਣ ਬਾਰੇ ਅਧਿਕਾਰੀਆਂ ਦੀ ਗੱਲਬਾਤ ਦਾ ਜ਼ਿਕਰ ਸੀ ਕਿ ਕਿਵੇਂ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਦਫਤਰਾਂ ਤੋਂ ਪਹਿਲਾਂ ਹੀ ਰਸਤਿਆਂ ਜਾਂ ਘਰਾਂ ਵਿੱਚ ਹੀ ਰੋਕਿਆ ਜਾਵੇ।

ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਕੀਤਾ ਸੀ ਤਲਬ

ਇਸ ਆਡੀਓ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾ ਕੇ ਜਾਂਚ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਤਲਬ ਕੀਤਾ ਸੀ ਅਤੇ ਸੋਮਵਾਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਸੀ।

ਐਡਵੋਕੇਟ ਅਰਸ਼ਦੀਪ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਹਾਈਕੋਰਟ ਵੱਲੋਂ ਚੋਣਾਂ 'ਚ ਧੱਕੇਸ਼ਾਹੀ ਨੂੰ ਲੈ ਦੇ ਪਾਈ ਗਈ ਪਟੀਸ਼ਨ 'ਤੇ ਇਹ ਨੋਟਿਸ ਜਾਰੀ ਕੀਤਾ ਸੀ ਕਿਉਂਕਿ ਪੰਜਾਬ ਵਿੱਚ ਚੋਣਾਂ ਦੌਰਾਨ ਸੱਤਾਧਾਰੀ ਧਿਰ ਅਤੇ ਪੁਲਿਸ ਵੱਲੋਂ ਕਥਿਤ ਸਾਜਿਸ਼ ਤਹਿਤ ਚੋਣਾਂ 'ਚ ਧੱਕੇਸ਼ਾਹੀ ਕਰਦਿਆਂ ਕਈ ਥਾਂਵਾਂ 'ਤੇ ਉਮੀਦਵਾਰਾਂ ਨੂੰ ਰੋਕਿਆ ਗਿਆ, ਉਨ੍ਹਾਂ ਦੀਆਂ ਨਾਮਜ਼ਦਗੀਆਂ ਪਾੜ ਸੁੱਟੀਆਂ। ਇਸਦੇ ਨਾਲ ਹੀ ਪਟਿਆਲਾ ਵਿੱਚ ਐਸਐਸਪੀ ਪਟਿਆਲਾ ਵੱਲੋਂ ਕਥਿਤ ਤੌਰ 'ਤੇ ਇੱਕ ਆਡੀਓ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਨੂੰ ਰਾਹ 'ਚ ਰੋਕਣ ਦੇ ਹੁਕਮਾਂ ਬਾਰੇ ਕਿਹਾ ਗਿਆ ਸੀ, ਜੋ ਕਿ ਸਿੱਧੀ ਧੱਕੇਸ਼ਾਹੀ ਵੱਲ ਸੰਕੇਤ ਸੀ।

Related Post