Dearness Allowance : ਸਰਕਾਰੀ ਮੁਲਜ਼ਮਾਂ ਦੇ ਸੰਘਰਸ਼ ਅੱਗੇ ਝੁਕੀ ਮਾਨ ਸਰਕਾਰ ! ਦੋ ਕਿਸ਼ਤਾਂ ਚ ਮਿਲੇਗਾ DA, ਜਾਣੋ ਮੰਗਾਂ ਤੇ ਕੀ ਭਰੋਸਾ ਮਿਲਿਆ ?
Dearness Allowance : ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਇਹ ਡੀਏ ਦੋ ਕਿਸ਼ਤਾਂ ਵਿੱਚ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਦੀ ਪਹਿਲੀ ਕਿਸ਼ਤੀ ਅਕਤੂਬਰ 'ਚ ਤਨਖਾਹ ਨਾਲ ਦੇਣ ਦੀ ਗੱਲ ਕਹੀ ਹੈ। ਇਸਤੋਂ ਇਲਾਵਾ, ਹੋਰਨਾਂ ਮੰਗਾਂ ਬਾਰੇ ਅਕਤੂਬਰ ਦੇ ਪਹਿਲੇ ਹਫ਼ਤੇ ਮੀਟਿੰਗ ਦੌਰਾਨ ਗੱਲਬਾਤ ਦਾ ਭਰੋਸਾ ਦਿੱਤਾ ਹੈ।
Dearness Allowance : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ (Punjab Employees DA) ਦੇ ਲਈ ਵੱਡੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ (Punjab Government) ਨੇ ਅਖੀਰ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁਕਦਿਆਂ ਬਕਾਇਆ ਮਹਿੰਗਾਈ ਭੱਤਾ (DA) ਦੇਣਾ ਕਬੂਲ ਕਰ ਲਿਆ ਹੈ। ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਇਹ ਡੀਏ ਦੋ ਕਿਸ਼ਤਾਂ ਵਿੱਚ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਦੀ ਪਹਿਲੀ ਕਿਸ਼ਤੀ ਅਕਤੂਬਰ 'ਚ ਤਨਖਾਹ ਨਾਲ ਦੇਣ ਦੀ ਗੱਲ ਕਹੀ ਹੈ। ਇਸਤੋਂ ਇਲਾਵਾ, ਹੋਰਨਾਂ ਮੰਗਾਂ ਬਾਰੇ ਅਕਤੂਬਰ ਦੇ ਪਹਿਲੇ ਹਫ਼ਤੇ ਮੀਟਿੰਗ ਦੌਰਾਨ ਗੱਲਬਾਤ ਦਾ ਭਰੋਸਾ ਦਿੱਤਾ ਹੈ।
ਦੋ ਕਿਸ਼ਤਾਂ 'ਚ DA
ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਚੀਮਾ, ਡਾ. ਬਲਜੀਤ ਕੌਰ ਅਤੇ ਸਾਂਝਾ ਮੁਲਾਜ਼ਮ ਦੇ ਕਨਵੀਨਰ ਗੁਰਨਾਮ ਸਿੰਘ ਨੇ ਡੀਏ 'ਤੇ ਸਹਿਮਤੀ ਬਾਰੇ ਜਾਣਕਾਰੀ ਦਿੱਤੀ।
ਮੰਤਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਹਾਈਕੋਰਟ ਦੇ ਹੁਕਮਾਂ ਅਨੁਸਾਰ ਹੀ ਡੀਏ ਜਾਰੀ ਕੀਤਾ ਜਾਵੇਗਾ, ਜੋ ਕਿ 8 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ 8 ਫ਼ੀਸਦੀ ਡੀਏ ਨੂੰ ਦੋ ਕਿਸ਼ਤਾਂ ਵਿੱਚ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਜੋ ਕਿ 4-4 ਫ਼ੀਸਦੀ ਕਰਕੇ ਦਿੱਤਾ ਜਾਵੇਗਾ। ਇਸ ਵਾਧੇ ਨਾਲ, ਪੰਜਾਬ ਸਰਕਾਰੀ ਕਰਮਚਾਰੀਆਂ ਦਾ ਡੀਏ 50% ਹੋ ਜਾਵੇਗਾ। ਵਾਧੂ 8% ਡੀਏ ਨਾਲ ਸੂਬਾ ਸਰਕਾਰ 'ਤੇ ਲਗਭਗ 248 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ।
ਪੁਰਾਣੀ ਪੈਨਸ਼ਨ ਬਹਾਲੀ 'ਤੇ ਵੀ ਹੋਵੇਗਾ ਵਿਚਾਰ
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਡੀਏ ਦੀ ਪਹਿਲੀ ਕਿਸ਼ਤ 4 ਫ਼ੀਸਦੀ ਦੇ ਰੂਪ ਵਿੱਚ ਅਕਤੂਬਰ 'ਚ ਤਨਖਾਹ ਨਾਲ ਦਿੱਤੀ ਜਾਵੇਗੀ। ਜਦਕਿ ਬਾਕੀ ਮੰਗਾਂ ਬਾਰੇ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਮੀਟਿੰਗ ਦੌਰਾਨ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਵਿਚਾਰ ਕੀਤਾ ਜਾਵੇਗਾ।
ਮੁਲਾਜ਼ਮਾਂ ਦੀਆਂ ਤਨਖਾਹ ਸਕੇਲ 'ਤੇ ਹੋਵੇਗਾ ਵਿਚਾਰ
ਅਰੋੜਾ ਨੇ ਕਿਹਾ ਕਿ ਸੀਐਮ ਮਾਨ ਨੇ ਭਰੋਸਾ ਦਿੱਤਾ ਹੈ ਕਿ 17/7/2020 ਵਾਲੇ ਕਰਮਚਾਰੀਆਂ 'ਤੇ ਤਨਖਾਹ ਸਕੇਲ ਦੀ ਸਮੀਖਿਆ ਕੀਤੀ ਜਾਵੇਗੀ, ਨਾਲ ਹੀ ਤਿੰਨ ਸਾਲਾਂ ਲਈ ਪ੍ਰੋਬੇਸ਼ਨ 'ਤੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਣ ਵਾਲੀਆਂ 17,000 ਅਤੇ 19,000 ਤਨਖਾਹਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ।
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਗੱਲਬਾਤ ਚੰਗੇ ਮਾਹੌਲ ਵਿੱਚ ਹੋਈ ਅਤੇ ਜਿਸ ਤਰ੍ਹਾਂ ਡੈੱਡਲਾਕ ਖਤਮ ਹੋਇਆ ਹੈ, ਮੰਗਾਂ 'ਤੇ ਚਰਚਾ ਹੋਈ ਹੈ ਅਤੇ ਡੀਏ ਬਾਰੇ ਫੈਸਲਾ ਲਿਆ ਗਿਆ ਹੈ। ਮੰਤਰੀ ਅਰੋੜਾ ਨੇ ਕਿਹਾ ਕਿ ਸਾਰੀਆਂ ਮੰਗਾਂ ਨੂੰ ਖੁੱਲ੍ਹੇ ਦਿਲ ਨਾਲ ਸੁਣਿਆ ਗਿਆ ਹੈ ਅਤੇ ਮੁੱਦਿਆਂ 'ਤੇ ਚਰਚਾ ਕੀਤੀ ਗਈ ਹੈ ਜਿਨ੍ਹਾਂ ਨੂੰ ਵਿਚਾਰ-ਵਟਾਂਦਰੇ ਰਾਹੀਂ ਹੱਲ ਕੀਤਾ ਜਾਵੇਗਾ ਅਤੇ ਤਕਨੀਕੀ ਪਹਿਲੂਆਂ ਨੂੰ ਸਮਝਿਆ ਜਾਵੇਗਾ।
ਮੁਲਾਜ਼ਮ ਆਗੂਆਂ ਦੀਆਂ ਬਦਲੀਆਂ ਹੋਣਗੀਆਂ ਰੱਦ
ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੁਲਾਜ਼ਮ ਆਗੂ ਸੁਖਚੈਨ ਸਿੰਘ ਖੈਹਰਾ ਅਤੇ ਸੁਸ਼ੀਲ ਕੁਮਾਰ ਫੌਜੀ ਦੀਆਂ ਬਦਲੀਆਂ ਨੂੰ ਵੀ ਰੱਦ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਦੀ ਇਹ ਸਰਕਾਰ ਨਾਲ ਦੂਜੀ ਮੀਟਿੰਗ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਹ ਕਹਿ ਕੇ ਕਿ ਕਰਮਚਾਰੀਆਂ ਨੂੰ ਗੱਲਬਾਤ ਹੋਣ ਤੋਂ ਪਹਿਲਾਂ ਆਪਣੀ ਹੜਤਾਲ ਖਤਮ ਕਰਨੀ ਚਾਹੀਦੀ ਹੈ। ਜਦੋਂ ਕਰਮਚਾਰੀ ਆਗੂ ਸਹਿਮਤ ਨਹੀਂ ਹੋਏ, ਤਾਂ ਮੁੱਖ ਮੰਤਰੀ ਬਿਨਾਂ ਚਰਚਾ ਕੀਤੇ ਚਲੇ ਗਏ ਸਨ।